- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਦਾ ਬੌਟਮ-ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਉਤਸਵ ਦੇਸੀ ਘਿਓ ਦੇ ਦੀਵੇ ਬਾਲ ਕੇ ਮਨਾਉਣ ਦਾ ਸੱਦਾ

-ਗਿੱਲ ਤੇ ਝੱਮਟ ਨੇ 16 ਅਕਤੂਬਰ ਨੂੰ ਸਰਕਾਰੀ ਛੁੱਟੀ ਐਲਾਨਣ ਦੀ ਕੀਤੀ ਮੰਗ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਅੱਜ ਸਰਕਟ ਹਾਊਸ ਵਿਖੇ ਪ੍ਰੈੱਸ ਮਿਲਣੀ ਕੀਤੀ। ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ ਅਤੇ ਸੂਬਾ ਚੇਅਰਮੈਨ ਮਨਜੀਤ ਸਿੰਘ ਝੱਮਟ ਦੀ ਸਰਪ੍ਰਸਤੀ ਹੇਠ ਹੋਈ ਇਸ ਮਿਲਣੀ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 356ਵਾਂ ਜਨਮ ਦਿਹਾੜਾ 16 ਅਕਤੂਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਦੀ ਅਪੀਲ ਕੀਤੀ। ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਮਹਾਨ ਯੋਧੇ, ਜਰਨੈਲ ਅਤੇ ਭਗਤੀ ਤੇ ਸ਼ਕਤੀ ਦੇ ਸੁਮੇਲ ਸਨ। ਉਨ੍ਹਾਂ ਨੇ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲਈ ਇਤਿਹਾਸਕ ਕਦਮ ਚੁੱਕਿਆ ਤੇ ਸਮਾਜਿਕ ਕ੍ਰਾਂਤੀ ਲਿਆਂਦੀ। ਸਰਹਿੰਦ ਦੀ ਹਕੂਮਤ ਨੂੰ ਚੁਣੌਤੀ ਦੇ ਕੇ ਉਨ੍ਹਾਂ ਨੇ ਗੌਰਵਮਈ ਇਤਿਹਾਸ ਸਿਰਜਿਆ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਸਾਨੂੰ ਜ਼ੁਲਮ ਵਿਰੁੱਧ ਡਟਣ ਅਤੇ ਹੱਕਾਂ ਦੀ ਰਾਖੀ ਕਰਨ ਦੀ ਪ੍ਰੇਰਨਾ ਦਿੰਦੀ ਹੈ। 16 ਅਕਤੂਬਰ ਨੂੰ ਹਰ ਘਰ ਵਿੱਚ ਦੇਸੀ ਘਿਓ ਦੇ ਦੀਵੇ ਬਾਲ ਕੇ ਜਨਮ ਉਤਸਵ ਮਨਾਇਆ ਜਾਣਾ ਚਾਹੀਦਾ ਹੈ। ਗਿੱਲ ਤੇ ਝੱਮਟ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 16 ਅਕਤੂਬਰ ਦੀ ਰਾਖਵੀਂ ਛੁੱਟੀ ਨੂੰ ਨਿਯਮਤ ਸਰਕਾਰੀ ਛੁੱਟੀ ਐਲਾਨਿਆ ਜਾਵੇ, ਤਾਂ ਜੋ ਲੋਕ ਸਮਾਗਮਾਂ ’ਚ ਸ਼ਾਮਲ ਹੋ ਸਕਣ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇ ਤੇ ਪੰਜਾਬ ਦੇ ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ, ਸੰਘਰਸ਼ ਤੇ ਕੁਰਬਾਨੀ ਨੂੰ ਯਾਦ ਕੀਤਾ ਜਾਵੇ। ਇਸ ਮੌਕੇ ਤ੍ਰਿਲੋਚਨ ਸਿੰਘ ਸਫ਼ਰੀ, ਸੋਨੀਆ ਅਰੋੜਾ, ਅਸ਼ਵਨੀ ਮਹੰਤ, ਜਗਜੀਵਨ ਸਿੰਘ ਗਰੀਬ, ਮਨਿੰਦਰ ਸਿੰਘ ਧੀਰ, ਬਲਜੀਤ ਮਾਲੜਾ, ਦੀਪਾ ਬਾਵਾ, ਸਮਾਜ ਸੇਵੀ ਪ੍ਰਿੰਸ ਗੁਪਤਾ ਤੇ ਗੁਰਿੰਦਰ ਗੋਰਖੀ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।