ਰੇਲਵੇ ਦੀ ਕੰਧ ਪਾੜ ਕੇ ਮੋਟਰ ਪਾਰਟਸ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀ ਨਕਦੀ ਤੇ ਕੀਮਤੀ ਸਾਮਾਨ ਚੋਰੀ ਕਮਲਾ ਨਹਿਰੂ ਮਾਰਕੀਟ ਵਿੱਚ ਚੋਰਾਂ ਨੇ ਬੇਖੌਫ਼ ਹੋ ਕੇ ਮੋਟਰ ਪਾਰਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਦੁਕਾਨ ਦੇ ਪਿਛਲੇ ਪਾਸੇ ਰੇਲਵੇ ਦੀ ਵੀਰਾਨ ਥਾਂ ਹੋਣ ਦਾ ਫਾਇਦਾ ਚੁੱਕਦਿਆਂ ਚੋਰਾਂ ਨੇ ਕੰਧ ’ਚ ਪਾੜ ਲਾਇਆ ਅਤੇ ਅੰਦਰ ਦਾਖਲ ਹੋ ਕੇ ਕਾਊਂਟਰ ਦੇ ਦਰਾਜ਼ ’ਚ ਪਈ ਵੱਡੀ ਰਕਮ ਚੋਰੀ ਕਰ ਲਈ। ਵਾਰਦਾਤ ਤੋਂ ਬਾਅਦ ਚੋਰ ਉਸੇ ਰਸਤੇ ਫਰਾਰ ਹੋ ਗਏ। ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਵੀ ਚਿੰਤਾ ਪਾਈ ਜਾ ਰਹੀ ਹੈ।
Publish Date: Wed, 12 Aug 2026 11:46 AM (IST)
Updated Date: Wed, 12 Aug 2026 11:50 AM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ - ਕਮਲਾ ਨਹਿਰੂ ਮਾਰਕੀਟ ਵਿੱਚ ਚੋਰਾਂ ਨੇ ਬੇਖੌਫ਼ ਹੋ ਕੇ ਮੋਟਰ ਪਾਰਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਦੁਕਾਨ ਦੇ ਪਿਛਲੇ ਪਾਸੇ ਰੇਲਵੇ ਦੀ ਵੀਰਾਨ ਥਾਂ ਹੋਣ ਦਾ ਫਾਇਦਾ ਚੁੱਕਦਿਆਂ ਚੋਰਾਂ ਨੇ ਕੰਧ ’ਚ ਪਾੜ ਲਾਇਆ ਅਤੇ ਅੰਦਰ ਦਾਖਲ ਹੋ ਕੇ ਕਾਊਂਟਰ ਦੇ ਦਰਾਜ਼ ’ਚ ਪਈ ਵੱਡੀ ਰਕਮ ਚੋਰੀ ਕਰ ਲਈ। ਵਾਰਦਾਤ ਤੋਂ ਬਾਅਦ ਚੋਰ ਉਸੇ ਰਸਤੇ ਫਰਾਰ ਹੋ ਗਏ। ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਵੀ ਚਿੰਤਾ ਪਾਈ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਕਮਲਾ ਨਹਿਰੂ ਮਾਰਕੀਟ ਵਿਖੇ ਐੱਮਆਰ ਜੈਨ ਮੋਟਰਜ਼ ਦੇ ਨਾਮ ਨਾਲ ਮੋਟਰਾਂ ਅਤੇ ਕੰਬਾਈਨਾਂ ਦੇ ਸਪੇਅਰ ਪਾਰਟਸ ਦੀ ਦੁਕਾਨ ਹੈ। ਦੁਕਾਨ ਦੇ ਪਿਛਲੇ ਪਾਸੇ ਬਾਥਰੂਮ ਦੀ ਕੰਧ ਹੈ, ਜੋ ਅੱਗੇ ਰੇਲਵੇ ਦੀ ਵੀਰਾਨ ਜਗ੍ਹਾ ਵੱਲ ਪੈਂਦੀ ਹੈ। ਬੀਤੇ ਦਿਨੀ ਅਣਪਛਾਤੇ ਚੋਰਾਂ ਨੇ ਇਸੇ ਪਾਸੇ ਤੋਂ ਕੰਧ ਦੀਆਂ ਇੱਟਾਂ ਪੁੱਟ ਕੇ ਪਾੜ ਲਾ ਦਿੱਤਾ ਅਤੇ ਦੁਕਾਨ ਅੰਦਰ ਦਾਖਲ ਹੋ ਗਏ। ਸ਼ਾਤਰ ਚੋਰਾਂ ਨੇ ਕਾਊਂਟਰ ਦੇ ਦਰਾਜ਼ ਨੂੰ ਖੰਗਾਲਿਆ ਅਤੇ ਉਸ ਵਿੱਚ ਪਈ ਵੱਡੀ ਰਕਮ ਚੋਰੀ ਕਰ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕੰਧ ਵਿੱਚ ਬਣਾਏ ਪਾੜ ਰਾਹੀਂ ਹੀ ਬਾਹਰ ਨਿਕਲ ਗਏ।
ਘੁਮਾਰ ਮੰਡੀ ਦੇ ਰਹਿਣ ਵਾਲੇ ਕਾਰੋਬਾਰੀ ਸੰਜੀਵ ਜੈਨ ਨੇ ਦੱਸਿਆ ਕਿ ਉਹ ਸਵੇਰ ਵੇਲੇ ਜਦ ਦੁਕਾਨ ਦੇ ਅੰਦਰ ਦਾਖਲ ਹੋਏ ਤਾਂ ਦੁਕਾਨ ਦੀ ਬਾਥਰੂਮ ਵਾਲੀ ਕੰਧ ਨੂੰ ਪਾੜਨ ਲੱਗਾ ਦੇਖ ਉਹਨਾਂ ਦੇ ਹੋਸ਼ ਉੱਡ ਗਏ। ਜੈਨ ਨੂੰ ਸਮਝਦਿਆਂ ਦੇਰ ਨਾਲ ਲੱਗੀ ਕਿ ਚੋਰ ਵਾਰਦਾਤ ਨੂੰ ਅੰਜਾਮ ਦੇ ਗਏ ਹਨ। ਦਰਾਜ ਚੈੱਕ ਕਰਨ ਤੇ ਪਤਾ ਲੱਗਾ ਕਿ ਵਿੱਚੋਂ ਨਕਦੀ ਗਾਇਬ ਹੋ ਚੁੱਕੀ ਸੀ। ਥਾਣਾ ਕੋਤਵਾਲੀ ਦੀ ਪੁਲਿਸ ਨੇ ਦੁਕਾਨਦਾਰ ਸੰਜੀਵ ਜੈਨ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 331(4) ਅਤੇ 305 ਬੀਐੱਨਐੱਸ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਪਹੁੰਚਣ ਲਈ ਵੱਖ-ਵੱਖ ਪਹਿਲੂਆਂ ਤੋਂ ਪੜਤਾਲ ਜਾਰੀ ਹੈ।