ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦਾ ਦੂਜਾ ਦਿਨ; ਬੈਲ ਗੱਡੀਆਂ ਦੀ ਦੌੜ ਨਾਲ ਗੂੰਜਿਆ ਮੈਦਾਨ
ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦੇ ਦੂਜੇ ਦਿਨ ਬੈਲ ਗੱਡੀਆਂ ਦੀ ਦੌੜ ਨਾਲ ਗੂੰਜਿਆ ਮੈਦਾਨ
Publish Date: Wed, 18 Feb 2026 08:48 PM (IST)
Updated Date: Thu, 19 Feb 2026 04:10 AM (IST)

* 12 ਸਾਲ ਬਾਅਦ ਬੈਲ ਗੱਡੀ ਦੌੜਾਂ ਮੁੜ ਸੁਰਜੀਤ ਕਰਨਾ ਸਰਕਾਰ ਲਈ ਇਤਿਹਾਸਕ ਮੀਲ ਪੱਥਰ : ਸਪੀਕਰ ਸੰਧਵਾਂ * ਪੇਂਡੂ ਓਲੰਪਿਕ ਦੇ ਦੂਜੇ ਦਿਨ ਸਪੀਕਰ ਸੰਧਵਾਂ ਤੇ ਸਟੇਟ ਮੀਡੀਆ ਡਾਇਰੈਕਟਰ ਤੇ ਮੁੱਖ ਮੰਤਰੀ ਦੇ ਓਐਸਡੀ ਬਲਤੇਜ ਪੰਨੂ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਫੋਟੋ- 30, 31, 32, 33, 34 ਸਤਵਿੰਦਰ ਸ਼ਰਮਾ/ਬਿੰਨੀ ਡੇਹਲੋਂ, ਪੰਜਾਬੀ ਜਾਗਰਣ ਲੁਧਿਆਣਾ : ਮਿੰਨੀ ਓਲੰਪਿਕ ਦੇ ਨਾਮ ਨਾਲ ਮਸ਼ਹੂਰ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦੇ ਦੂਜੇ ਦਿਨ ਖੇਡ ਪ੍ਰੇਮੀਆਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਬੁੱਧਵਾਰ ਸਵੇਰ ਤੋਂ ਹੀ ਹਜ਼ਾਰਾਂ ਦੀ ਗਿਣਤੀ ’ਚ ਹਰ ਉਮਰ ਵਰਗ ਦੇ ਲੋਕ ਪੰਜਾਬ ਦੇ ਅਮੀਰ ਪੇਂਡੂ ਖੇਡ ਵਿਰਾਸਤ ਦਾ ਅਨੰਦ ਮਾਨਣ ਲਈ ਇਤਿਹਾਸਕ ਸਟੇਡੀਅਮ ਕਿਲ੍ਹਾ ਰਾਏਪੁਰ ’ਚ ਪੁੱਜ ਗਏ। ਦੂਜੇ ਦਿਨ ਦੀਆਂ ਖੇਡਾਂ ਦੌਰਾਨ ਵੀ ਦਰਸ਼ਕਾਂ ਦਾ ਜ਼ਿਆਦਾ ਧਿਆਨ ਬੈਲ ਗੱਡੀਆਂ ਦੀਆਂ ਦੌੜਾਂ ਵੱਲ ਰਿਹਾ। ਅੱਜ ਫਿਰ ਸਟੇਡੀਅਮ ’ਚ ਬੈਠੇ ਦਰਸ਼ਕਾਂ ਨੇ ਮੈਦਾਨ ’ਚ ਪੁੱਜੀਆਂ ਬੈਲ ਗੱਡੀਆਂ ਦਾ ਜ਼ੋਰਦਾਰ ਤਰੀਕੇ ਨਾਲ ਸਵਾਗਤ ਕੀਤਾ। ਅੱਜ ਦੇ ਮੁਕਾਬਿਆਂ ਦੌਰਾਨ ਦਰਸ਼ਕਾਂ ਨੇ ਨਾ ਸਿਰਫ਼ ਬੈਲ ਗੱਡੀਆਂ ਦੀਆਂ ਦੌੜਾਂ ਦੌਰਾਨ ਜੌਕੀਆਂ ਦਾ ਉਤਸ਼ਾਹ ਵਧਾਇਆ ਸਗੋਂ ਰਵਾਇਤੀ ਖੇਡਾਂ ਤੇ ਐਥਲੈਟਿਕ ਮੁਕਾਬਲਿਆਂ ’ਚ ਹਿੱਸਾ ਲੈ ਰਹੇ ਸਾਰੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਮੁਕਾਬਲਾ ਸ਼ੁਰੂ ਹੁੰਦੇ ਹੀ ਜ਼ੋਰਦਾਰ ਹੂਟਿੰਗ ਕਰ ਕੇ ਖਿਡਾਰੀਆਂ ਦੇ ਜੋਸ਼ ’ਚ ਵਾਧਾ ਕਰਦੇ ਰਹੇ। ਬੁੱਧਵਾਰ ਨੂੰ ਕਿਲ੍ਹਾ ਰਾਏਪੁਰ ਸਟੇਡੀਅਮ ਵਿੱਚ ਸਵੇਰ ਤੋਂ ਹੀ ਹਾਕੀ, ਕਬੱਡੀ, ਸ਼ਾਟ ਪੁੱਟ ਥ੍ਰੋ, 100 ਮੀਟਰ ਸਪ੍ਰਿੰਟ, ਟੰਗ ਆਫ਼ ਵਾਰ ਮੁਕਾਬਲੇ, ਲੰਬੀ ਛਾਲ ਦੇ ਮੁਕਾਬਲੇ ਸ਼ੁਰੂ ਹੋ ਗਹੇ ਸਨ ਤੇ ਦੂਜੇ ਪਾਸੇ ਬਾਜ਼ੀਗਰ ਸ਼ੋਅ ਅਤੇ ਕਈ ਹੋਰ ਪੇਂਡੂ ਖੇਡਾਂ ਦਰਸ਼ਕਾਂ ਦਾ ਮਨੋਰੰਜ਼ਨ ਕਰਦੀਆਂ ਰਹੀਆਂ। ਇਸ ਮੌਕੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੈਲ ਗੱਡੀਆਂ ਦੀਆਂ ਦੌੜਾਂ ਦੀ ਪੁਨਰ ਸੁਰਜੀਤੀ ਇੱਕ ਇਤਿਹਾਸਕ ਮੀਲ ਪੱਥਰ ਵਜੋਂ ਸਾਬਤ ਹੋਈ ਹੈ। ਇਹ ਪ੍ਰਾਪਤੀ ਪੰਜਾਬ ਜਾਨਵਰਾਂ ਤੇ ਜ਼ੁਲਮ ਦੀ ਰੋਕਥਾਮ (ਪੰਜਾਬ ਸੋਧ) ਐਕਟ, 2025 ਵਿੱਚ ਦਰਜ ਸੋਚ-ਸਮਝ ਕੇ ਕੀਤੇ ਗਏ ਵਿਧਾਨਕ ਸੁਧਾਰਾਂ ਅਤੇ ਜਾਨਵਰਾਂ ਦੀ ਭਲਾਈ ਅਤੇ ਸੁਰੱਖਿਆ ਦੁਆਰਾ ਸੰਭਵ ਹੋਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਰਵਾਇਤੀ ਖੇਡ ਦੀ ਵਾਪਸੀ ਨਾ ਸਿਰਫ਼ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਦੀ ਹੈ ਬਲਕਿ ਨੌਜਵਾਨ ਪੀੜ੍ਹੀ ਵਿੱਚ ਰਵਾਇਤੀ ਪੇਂਡੂ ਖੇਡਾਂ ਲਈ ਨਵਾਂ ਉਤਸ਼ਾਹ ਵੀ ਜਗਾਉਂਦੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਖੇਡਾਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਵਾਪਸ ਖਿੱਚਦੇ ਹੋਏ ਨਸ਼ਿਆਂ ਅਤੇ ਬਹੁਤ ਜ਼ਿਆਦਾ ਮੋਬਾਇਲ ਦੀ ਵਰਤੋਂ ਤੋਂ ਦੂਰ ਕਰਨਗੀਆਂ। ਉਨ੍ਹਾਂ ਤੋਂ ਪਹਿਲਾਂ ਦਿਨ ਵਿੱਚ ਪੰਜਾਬ ਸਰਕਾਰ ਦੇ ਸਟੇਟ ਮੀਡੀਆ ਡਾਇਰੈਕਟਰ ਤੇ ਮੁੱਖ ਮੰਤਰੀ ਦੇ ਓਐਸਡੀ ਬਲਤੇਜ ਪੰਨੂ ਨੇ ਪ੍ਰਬੰਧਕਾਂ ਅਤੇ ਦਰਸ਼ਕਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਜਿਸ ਨਾਲ ਇਨ੍ਹਾਂ ਖੇਡਾਂ ਨੂੰ ਇੱਕ ਸ਼ਾਨਦਾਰ ਸਫਲਤਾ ਵਿੱਚ ਬਦਲਿਆ ਗਿਆ। ਉਨ੍ਹਾਂ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਕਿਵੇਂ ਬੈਲ ਗੱਡੀਆਂ ਦੀਆਂ ਦੌੜਾਂ ਦੀ ਮੁੜ ਸ਼ੁਰੂਆਤ ਨੇ ਪੰਜਾਬ ਭਰ ਵਿੱਚ ਇੱਕ ਤਾਜ਼ਾ ਖੇਡ ਭਾਵਨਾ ਭਰੀ ਹੈ ਜਿਸ ਨਾਲ ਪੇਂਡੂ ਜੋਸ਼ ਅਤੇ ਸੱਭਿਆਚਾਰਕ ਪਛਾਣ ਦੇ ਪ੍ਰਤੀਕ ਵਜੋਂ ਪੇਂਡੂ ਓਲੰਪਿਕ ਕਿਲ੍ਹਾ ਰਾਏਪੁਰ ਦੀ ਸ਼ਾਨ ਨੂੰ ਬਹਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਜ਼ਨ ਦੇ ਤਹਿਤ, ਅਸੀਂ ਪਿਛਲੀਆਂ ਚੁਣੌਤੀਆਂ ਨੂੰ ਪਾਰ ਕਰਕੇ ਇਸ ਸ਼ਾਨਦਾਰ ਖੇਡਾਂ ਨੂੰ ਸਹੀ ਸੁਰੱਖਿਆ ਪ੍ਰਬੰਧਾਂ ਨਾਲ ਵਾਪਸ ਲਿਆਂਦਾ ਹੈ ਅਤੇ ਅੱਜ ਲੋਕਾਂ ਦੇ ਚਿਹਰਿਆਂ ਤੇ ਇਸ ਦੀ ਖੁਸ਼ੀ ਸਾਫ ਝਲਕ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਐਸਡੀਐਮ ਪੂਰਬੀ ਜਸਲੀਨ ਕੌਰ ਭੁੱਲਰ, ਐਸਡੀਐਮ ਉਪਿੰਦਰਜੀਤ ਕੌਰ ਬਰਾੜ, ਸਹਾਇਕ ਕਮਿਸ਼ਨਰ ਡਾ. ਪ੍ਰਗਤੀ ਵਰਮਾ, ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਸਮੇਤ ਵੱਡੀ ਗਿਣਤੀ ਵਿੱਚ ਹੋਰ ਸ਼ਖਸੀਅਤਾਂ ਹਾਜ਼ਰ ਸਨ। ਕਿਲ੍ਹਾ ਰਾਏਪੁਰ ਮਿੰਨੀ ਪੇਂਡੂ ਓਲੰਪਿਕ ਦੇ ਅੱਜ ਦੇ ਮੁਕਾਬਲਿਆਂ ਦੇ ਜੇਤੂ ਲੰਮੀ ਛਾਲ ਓਪਨ ਲੜਕੇ ਵਿੱਚ ਹਰਿਆਣਾ ਦੇ ਅਭਿਨਾਸ਼ ਨੇ ਪਹਿਲਾ ਸਥਾਨ, ਰੋਪੜ ਦੇ ਜਗਰੂਪ ਸਿੰਘ ਨੇ ਦੂਜਾ ਸਥਾਨ, ਹਰਿਆਣਾ ਦੇ ਨਰਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੰਮੀ ਛਾਲ ਲੜਕੀਆਂ ਵਿੱਚ ਹਰਿਆਣਾ ਦੀ ਸਿਮਰਨ ਨੇ ਪਹਿਲਾ ਸਥਾਨ, ਲੁਧਿਆਣਾ ਦੀ ਹਰਲੀਨ ਕੌਰ ਨੇ ਦੂਜਾ, ਹਲੰਧਰ ਦੀ ਡੋਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਟਪੁੱਟ ਲੜਕਿਆਂ ਦੇ ਮੁਕਾਬਲੇ ਵਿੱਚ ਜਲੰਧਰ ਦੇ ਧਨਵੀਰ ਸਿੰਘ ਨੇ ਪਹਿਲਾ ਸਥਾਨ, ਕਪੂਰਥਲਾ ਦੇ ਵਤਨਪ੍ਰੀਤ ਸਿੰਘ ਨੇ ਦੂਜਾ ਸਥਾਨ, ਪਟਿਆਲਾ ਦੇ ਦਿਲਜਾਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਟਪੁੱਟ ਲੜਕੀਆਂ ਵਿੱਚ ਫਤਿਹਗੜ੍ਹ ਸਾਹਿਬ ਦੀ ਜੈਸਮੀਨ ਕੌਰ ਨੇ ਪਹਿਲਾ ਸਥਾਨ, ਲੁਧਿਆਣਾ ਦੀ ਹਰਮਨਦੀਪ ਕੌਰ ਨੇ ਦੂਜਾ ਸਥਾਨ, ਹਰਿਆਣਾ ਦੀ ਕ੍ਰਿਤਿਕਾ ਗੋਰ ਨੇ ਤੀਜਾ ਸਥਾਨ ਹਾਸਿਲ ਕੀਤਾ। 100 ਮੀਟਰ ਦੌੜ ਲੜਕੇ ਜਲੰਧਰ ਏਅਰ ਫੋਰਸ ਦੇ ਹਰਜੀਤ ਸਿੰਘ ਨੇ ਪਹਿਲਾ ਸਥਾਨ, ਰਾਜਸਥਾਨ ਦੇ ਆਦੇਸ ਗਰਸਾ ਨੇ ਦੂਜਾ ਸਥਾਨ, ਮਲੇਰਕੋਟਲਾ ਦੀ ਰਮਨਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ, 100 ਮੀਟਰ ਦੌੜ ਲੜਕੀਆਂ ਪਟਿਆਲਾ ਦੀ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ, ਜਲੰਧਰ ਦੀ ਸੁਖਵੀਰ ਕੌਰ ਨੇ ਦੂਜਾ ਸਥਾਨ, ਨਵਾਂ ਸਹਿਰ ਦੀ ਸਿਮਰਨ ਨੇ ਤੀਜਾ ਸਥਾਨ ਹਾਸਿਲ ਕੀਤਾ। ਹਾਕੀ ਦੇ ਹੋਏ ਮੈਚਾਂ ਵਿੱਚ ਅੱਜ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਪਹਿਲੇ ਸੈਮੀਫਾਈਨਲ ਮੈਚ ਵਿੱਚ ਅਮਰਗੜ੍ਹ ਦੀ ਟੀਮ ਨੇ ਕਿਲ੍ਹਾ ਰਾਏਪੁਰ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾਇਆ, ਦੂਜੇ ਸੈਮੀਫਾਈਨਲ ਮੈਚ ਵਿੱਚ ਕੁੁਰਕਸੇਤਰ ਦੀ ਟੀਮ ਰਾਏਕੋਟ ਦੀ ਟੀਮ ਨੂੰ 1-0 ਨਾਲ ਹਰਾਇਆ। ਲੜਕੀਆਂ ਦੇ ਹਾਕੀ ਮੁਕਾਬਲਿਆਂ ਵਿੱਚ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦਿੱਲੀ ਦੀ ਟੀਮ ਨੂੰ 3-2 ਦੇ ਵੱਡੇ ਫਰਕ ਨਾਲ ਹਰਾਇਆ। ਲੜਕੀਆਂ ਦੇ ਦੂਸਰੇ ਸੈਮੀਫਾਈਨਲ ਮੈਚ ਵਿੱਚ ਅੰਮ੍ਰਿਤਰ ਦੀ ਟੀਮ ਅਮਰਗੜ੍ਹ ਦੀ ਟੀਮ ਨੂੰ 2-1 ਨਾਲ ਹਰਾ ਕੇ ਫਾਈਨਲ ਮੁਕਾਬਲਿਆਂ ਲਈ ਜਗ੍ਹਾ ਪੱਕੀ ਕੀਤੀ। ਕਬੱਡੀ ਨੈਸ਼ਨਲ ਸਟਾਇਲ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਮੋਗਾ ਦੀ ਟੀਮ ਨੇ ਇਆਲੀ ਕਲਾਂ ਦੀ ਕਬੱਡੀ ਦੀ ਟੀਮ ਨੂੰ 14-13 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਕਬੱਡੀ ਸਰਕਲ ਸਟਾਈਲ ਓਪਨ ਮੁਕਾਬਲਿਆਂ ਦੌਰਾਨ- ਕਬੱਡੀ ਸਰਕਲ ਸਟਾਈਲ ਲੜਕੀਆਂ ਦੇ ਪਹਿਲੇ ਮੁਕਾਬਲੇ ਵਿੱਚ ਜਗਤਪੁਰ ਦੀ ਟੀਮ ਨੇ ਰੋਪੜ ਦੀ ਟੀਮ ਨੂੰ 15-11 ਦੇ ਫਰਕ ਨਾਲ ਹਰਾ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਦੂਜੇ ਮੈਚ ਵਿੱਚ ਪਠਾਨਕੋਟ ਦੀ ਟੀਮ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 12-06 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ । ਤੀਜੇ ਮੁਕਾਬਲੇ ਵਿੱਚ ਮੋਗਾ ਦੀ ਟੀਮ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੂੰ 17-06 ਦੇ ਫਰਕ ਨਾਲ ਹਰਾ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਚੌਥੇ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 17-05 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ । ਕਬੱਡੀ ਸਰਕਲ ਸਟਾਈਲ ਲੜਕੀਆਂ ਦੇ ਪਹਿਲੇ ਸੈਮੀਫਾਈਨਲ ਮੈਚ ਵਿੱਚ ਜਗਤਪੁਰ ਦੀ ਟੀਮ ਨੇ ਪਠਾਨਕੋਟ ਨੂੰ 14-8 ਨਾਲ ਹਰਾਇਆ। ਦੂਜੇ ਸੈਮੀਫਾਈਨਲ ਮੈਚ ਮੁਕਾਬਲੇ ਵਿੱਚ ਮੋਗਾ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ 10-5 ਨਾਲ ਹਰਾਇਆ ।ਕਬੱਡੀ ਸਰਕਲ ਸਟਾਈਲ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਮੋਗਾ ਦੀ ਟੀਮ ਨੇ ਜਗਤਪੁਰ ਦੀ ਟੀਮ ਨੂੰ 19-13 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।