ਚਰਚਿਤ ਡਰੱਗ ਰੈਕਟ ਨਾਲ ਜੁੜੇ ਗੁਰਦੀਪ ਸਿੰਘ ਰਾਣੋ ਦੇ ਆਲੀਸ਼ਾਨ ਮਹਿਲ 'ਤੇ ਚੱਲਿਆ ਬੁਲਡੋਜ਼ਰ
ਚਰਚਿਤ ਡਰੱਗ ਰੈਕਟ ਨਾਲ ਜੁੜੇ ਗੁਰਦੀਪ ਸਿੰਘ ਰਾਣੋ ਦੇ ਆਲੀਸ਼ਾਨ ਮਹਿਲ 'ਤੇ ਚੱਲਿਆ ਬੁਲਡੋਜ਼ਰ
Publish Date: Mon, 01 Jun 2026 08:13 PM (IST)
Updated Date: Tue, 02 Jun 2026 04:10 AM (IST)

ਗੈਰ-ਕਾਨੂੰਨੀ ਉਸਾਰੀ ਢਾਹੀ ਹੈਪੀ ਜੱਲ੍ਹਾ, ਪੰਜਾਬੀ ਜਾਗਰਣ, ਪਾਇਲ : ਪੰਜਾਬ ’ਚ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੀਆਂ ਕਥਿਤ ਗੈਰ-ਕਾਨੂੰਨੀ ਜਾਇਦਾਦਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਸੋਮਵਾਰ ਨੂੰ ਵੱਡੀ ਕਾਰਵਾਈ ਕੀਤੀ ਗਈ। ਸਾਲ 2020 ਵਿੱਚ 5 ਕਿਲੋ ਤੋਂ ਵੱਧ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਅਤੇ ਪੰਜਾਬ ਦੇ ਚਰਚਿਤ ਬਹੁ-ਕਰੋੜੀ ਡਰੱਗ ਰੈਕਟ ਨਾਲ ਜੁੜੇ ਗੁਰਦੀਪ ਸਿੰਘ ਰਾਣੋ ਦੇ ਆਲੀਸ਼ਾਨ ਮਹਿਲ ਤੇ ਬੁਲਡੋਜ਼ਰ ਚਲਾਇਆ ਗਿਆ। ਇਹ ਕਾਰਵਾਈ ਖੰਨਾ ਜ਼ਿਲ੍ਹੇ ਦੇ ਪਾਇਲ ਹਲਕੇ ਅਧੀਨ ਪਿੰਡ ਰਾਣੋਂ ਵਿੱਚ ਭਾਰੀ ਪੁਲਿਸ ਸੁਰੱਖਿਆ ਹੇਠ ਕੀਤੀ ਗਈ। ਜਾਣਕਾਰੀ ਅਨੁਸਾਰ ਪਿੰਡ ਰਾਣੋਂ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦਾ ਕਰੀਬ 11 ਕਨਾਲ 11 ਮਰਲੇ ਵਿੱਚ ਬਣਿਆ ਆਲੀਸ਼ਾਨ ਮਹਲ ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਪ੍ਰਸ਼ਾਸਨਿਕ ਜਾਂਚ ਦੌਰਾਨ ਇਸ ਉਸਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਗਲਾਡਾ ਦੀ ਟੀਮ ਵੱਲੋਂ ਪੁਲਿਸ ਵਿਭਾਗ ਕੋਲ ਸੁਰੱਖਿਆ ਬਲ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕਰਕੇ ਬੁਲਡੋਜ਼ਰ ਐਕਸ਼ਨ ਨੂੰ ਅੰਜਾਮ ਦਿੱਤਾ ਗਿਆ। ਇਲਾਕੇ ’ਚ ਲੰਮੇ ਸਮੇਂ ਤੋਂ ਇਹ ਮੰਗ ਉੱਠ ਰਹੀ ਸੀ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਹੋਰ ਨਸ਼ਾ ਤਸਕਰਾਂ ਦੀਆਂ ਕਥਿਤ ਗੈਰ-ਕਾਨੂੰਨੀ ਜਾਇਦਾਦਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਗੁਰਦੀਪ ਸਿੰਘ ਰਾਣੋ ਦੇ ਮਹਲ ਖ਼ਿਲਾਫ਼ ਵੀ ਸਖ਼ਤ ਕਦਮ ਚੁੱਕੇ ਜਾਣ। ਇਸੇ ਮੰਗ ਦੇ ਮੱਦੇਨਜ਼ਰ ਸੋਮਵਾਰ ਨੂੰ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਸਾਲ 2020 ਵਿੱਚ ਪੰਜਾਬ ਪੁਲਿਸ ਨੇ ਗੁਰਦੀਪ ਸਿੰਘ ਰਾਣੋ ਨੂੰ 5 ਕਿਲੋ ਤੋਂ ਵੱਧ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ ਵੇਲੇ ਇਹ ਮਾਮਲਾ ਪੂਰੇ ਪੰਜਾਬ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਸੀ। ਜਾਂਚ ਏਜੰਸੀਆਂ ਨੇ ਇਸ ਨੂੰ ਬਹੁ-ਕਰੋੜੀ ਡਰੱਗ ਨੈੱਟਵਰਕ ਨਾਲ ਜੁੜਿਆ ਮਾਮਲਾ ਦੱਸਿਆ ਸੀ। ਜਾਂਚ ਦੌਰਾਨ ਕਈ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਨਾਮ ਵੀ ਸਾਹਮਣੇ ਆਏ ਸਨ ਅਤੇ ਕੁਝ ਪੁਲਿਸ ਅਧਿਕਾਰੀਆਂ ਖ਼ਿਲਾਫ਼ ਵੀ ਵਿਭਾਗੀ ਕਾਰਵਾਈ ਕੀਤੀ ਗਈ ਸੀ। ਜਾਂਚ ਦੌਰਾਨ ਡਰੱਗ ਰੈਕਟ ਦੇ ਕਥਿਤ ਅੰਤਰਰਾਸ਼ਟਰੀ ਸਬੰਧਾਂ ਤੇ ਹਵਾਲਾ ਰਾਹੀਂ ਫੰਡਿੰਗ ਦੇ ਦੋਸ਼ ਵੀ ਸਾਹਮਣੇ ਆਏ ਸਨ। ਹਾਲਾਂਕਿ ਇਨ੍ਹਾਂ ਸਾਰੇ ਮਾਮਲਿਆਂ ਬਾਰੇ ਅੰਤਿਮ ਕਾਨੂੰਨੀ ਫ਼ੈਸਲਾ ਅਦਾਲਤੀ ਅਤੇ ਜਾਂਚ ਪ੍ਰਕਿਰਿਆ ਅਧੀਨ ਹੈ। ਡੀਐੱਸਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਗਲਾਡਾ ਦੀ ਟੀਮ ਵੱਲੋਂ ਗੈਰ-ਕਾਨੂੰਨੀ ਉਸਾਰੀ ਨੂੰ ਹਟਾਉਣ ਲਈ ਪੁਲਿਸ ਸਹਾਇਤਾ ਮੰਗੀ ਗਈ ਸੀ। ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਲੋੜੀਂਦੀ ਪੁਲਿਸ ਫੋਰਸ ਮੁਹੱਈਆ ਕਰਵਾਈ ਗਈ। ਇਸ ਦੌਰਾਨ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਸਥਿਤੀ ਤੇ ਨਜ਼ਰ ਰੱਖਦੇ ਰਹੇ। ਪੰਜਾਬ ’ਚ ਨਸ਼ਾ ਤਸਕਰੀ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਇਸ ਕਾਰਵਾਈ ਨੂੰ ਇਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਾਨੂੰਨ ਦੇ ਦਾਇਰੇ ’ਚ ਰਹਿੰਦਿਆਂ ਗੈਰ-ਕਾਨੂੰਨੀ ਗਤੀਵਿਧੀਆਂ ਤੇ ਉਨ੍ਹਾਂ ਨਾਲ ਜੁੜੀਆਂ ਜਾਇਦਾਦਾਂ ਖ਼ਿਲਾਫ਼ ਕਾਰਵਾਈ ਅੱਗੇ ਵੀ ਜਾਰੀ ਰਹੇਗੀ।