- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਸਮਾਰਟ ਸਿਟੀ ਲੁਧਿਆਣਾ ਵਿੱਚੋਂ ਲੰਘਦਾ ਬੁੱਢਾ ਦਰਿਆ ਮੁੜ ਪ੍ਰਦੂਸ਼ਣ ਦੀ ਲਪੇਟ ਵਿੱਚ ਆਇਆ

-ਤਾਜਪੁਰ ਤੋਂ ਬੱਲੋਕੇ ਟੀਪੀ ਡਿਸਚਾਰਜ ਪੁਆਇੰਟ ਸਮੇਤ ਕਈ ਸੰਵੇਦਨਸ਼ੀਲ ਥਾਵਾਂ ਦਾ ਲਿਆ ਜਾਇਜ਼ਾ. ਸਰਕਾਰ ਨੂੰ ਸਖ਼ਤ ਕਾਰਵਾਈ ਦੀ ਅਪੀਲ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਸਮਾਰਟ ਸਿਟੀ ਵਿੱਚੋਂ ਲੰਘਦਾ ਬੁੱਢਾ ਦਰਿਆ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਗੰਭੀਰ ਵਾਤਾਵਰਨ ਅਤੇ ਜਨ ਸਿਹਤ ਸੰਕਟ ਵੱਲ ਵੱਧ ਰਿਹਾ ਹੈ। ਬੁੱਢਾ ਦਰਿਆ ਦੇ ਮੁੜ ਪ੍ਰਦੂਸ਼ਣ ਦੀ ਲਪੇਟ ਵਿੱਚ ਆਉਣ ਕਰਕੇ ਕਾਇਆਕਲਪ ਦੀ ਅਸਲ ਸੱਚਾਈ ਦੀ ਸਾਹਮਣੇ ਆ ਗਈ ਹੈ। ਪਬਲਿਕ ਐਕਸ਼ਨ ਕਮੇਟੀ (ਪੀਏਸੀ) ਮੱਤੇਵਾੜਾ ਜੰਗਲ, ਸਤਲੁਜ ਦਰਿਆ ਤੇ ਬੁੱਢਾ ਦਰਿਆ ਨੇ ਐਤਵਾਰ ਨੂੰ ਮੌਕੇ ਦਾ ਨਿਰੀਖਣ ਕਰਨ ਤੋਂ ਬਾਅਦ ਚਿੰਤਾ ਦਾ ਪ੍ਰਗਟਾਇਆ।
ਪੀਏਸੀ ਨੇ ਦੋਸ਼ ਲਾਇਆ ਕਿ ਉਦਯੋਗਿਕ ਗੰਦਾ ਪਾਣੀ, ਡੇਅਰੀਆਂ ਦਾ ਕੂੜਾ ਅਤੇ ਅਣਸੋਧਿਆ ਜਾਂ ਅਧੂਰਾ ਸੋਧਿਆ ਸੀਵਰੇਜ ਅਜੇ ਵੀ ਕਈ ਥਾਵਾਂ ਤੋਂ ਬੁੱਢੇ ਦਰਿਆ ਵਿੱਚ ਡਿੱਗ ਰਿਹਾ ਹੈ, ਜਿਸ ਕਾਰਨ ਦਰਿਆ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ। ਪੀਏਸੀ ਦੇ ਕਾਰਕੁੰਨ ਐਡਵੋਕੇਟ ਯੋਗੇਸ਼ ਖੰਨਾ, ਆਮੀਨ ਲਖਨਪਾਲ, ਮਨਜਿੰਦਰ ਸਿੰਘ ਗਰੇਵਾਲ ਅਤੇ ਕਰਨਲ ਸੀਐੱਮ ਲਖਨਪਾਲ ਦੀ ਟੀਮ ਨੇ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਤਾਜਪੁਰ ਤੋਂ ਬੱਲੋਕੇ ਐੱਸਟੀਪੀ ਡਿਸਚਾਰਜ ਪੁਆਇੰਟ ਤੱਕ ਨਿਰੀਖਣ ਕੀਤਾ। ਟੀਮ ਨੇ ਤਾਜਪੁਰ, ਬਹਾਦਰਕੇ, ਲਾਰਡ ਮਹਾਵੀਰ ਆਈਪੀਐਸ ਦੇ ਸਾਹਮਣੇ ਵਾਲਾ ਇਲਾਕਾ, ਹੈਬੋਵਾਲ ਡੇਅਰੀ ਕੰਪਲੈਕਸ, ਬਚਨ ਸਿੰਘ ਮਾਰਗ ਪੁਲ ਅਤੇ ਬੱਲੋਕੇ ਸਮੇਤ ਕਈ ਸੰਵੇਦਨਸ਼ੀਲ ਥਾਵਾਂ ਦਾ ਜਾਇਜ਼ਾ ਲਿਆ। ਪੀਏਸੀ ਅਨੁਸਾਰ ਹੇਠਲੇ ਹਿੱਸਿਆਂ ਵੱਲ ਵਧਦੇ ਹੋਏ ਪਾਣੀ ਦਾ ਰੰਗ ਹੋਰ ਗੂੜ੍ਹਾ ਹੋ ਰਿਹਾ ਸੀ, ਜਿਸ ਵਿਚ ਝੱਗ, ਗਾਰ ਅਤੇ ਅਸਹਿਣਯੋਗ ਬਦਬੂ ਸਾਫ਼ ਨਜ਼ਰ ਆਈ। ਕਈ ਥਾਵਾਂ 'ਤੇ ਪਾਣੀ ਦਾ ਪੀਐੱਚ ਪੱਧਰ 9 ਤੋਂ ਵੱਧ ਦਰਜ ਕੀਤਾ ਗਿਆ, ਜੋ ਬਹੁਤ ਜ਼ਿਆਦਾ ਖਾਰਾ ਪਾਣੀ ਹੋਣ ਦਾ ਸੰਕੇਤ ਹੈ। ਕਮੇਟੀ ਨੇ ਕਿਹਾ ਕਿ ਇਸ ਨਾਲ ਜਲ ਜੀਵਨ, ਪਾਣੀ ਦੀ ਕੁਦਰਤੀ ਗੁਣਵੱਤਾ ਤੇ ਜੈਵ ਵਿਭਿੰਨਤਾ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ। ਪੀਏਸੀ ਨੇ ਚੇਤਾਵਨੀ ਦਿੱਤੀ ਕਿ ਪ੍ਰਦੂਸ਼ਿਤ ਪਾਣੀ ਕਾਰਨ ਭੂ-ਜਲ, ਖੇਤੀਬਾੜੀ ਵਾਲੀ ਜ਼ਮੀਨ ਤੇ ਹਵਾ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਸਕਦੀ ਹੈ। ਪੀਏਸੀ ਨੇ ਕਿਹਾ ਕਿ ਨਾਲ ਹੀ ਪਾਣੀ ਦੀਆਂ ਬਿਮਾਰੀਆਂ, ਜ਼ਹਿਰੀਲੇ ਰਸਾਇਣਾਂ ਤੇ ਭਾਰੀ ਧਾਤਾਂ ਦੇ ਸੰਪਰਕ ਦਾ ਖਤਰਾ ਵੀ ਵਧਦਾ ਹੈ, ਜਿਸ ਨਾਲ ਸਤਲੁਜ ਦਰਿਆ 'ਤੇ ਨਿਰਭਰ ਲੱਖਾਂ ਲੋਕਾਂ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ।
ਐਡਵੋਕੇਟ ਯੋਗੇਸ਼ ਖੰਨਾ ਨੇ ਕਿਹਾ ਕਿ ਵਾਤਾਵਰਨ ਸੁਰੱਖਿਆ ਨਾਲ ਸਬੰਧਿਤ ਕਾਨੂੰਨਾਂ ਨੂੰ ਸਿਰਫ਼ ਕਾਗਜ਼ਾਂ ਤੱਕ ਸੀਮਿਤ ਨਹੀਂ ਰੱਖਿਆ ਜਾ ਸਕਦਾ। ਵਾਟਰ ਪ੍ਰੀਵੇਂਸ਼ਨ ਐਂਡ ਕੰਟਰੋਲ ਆਫ਼ ਪੋਲਿਊਸ਼ਨ ਐਕਟ-1974, ਐਨਵਾਇਰਨਮੈਂਟ (ਪ੍ਰੋਟੈਕਸ਼ਨ) ਐਕਟ-1986 ਤੇ ਹੋਰ ਲਾਗੂ ਕਾਨੂੰਨਾਂ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਆਮੀਨ ਲਖਨਪਾਲ ਨੇ ਕਿਹਾ ਕਿ ਬੁੱਢੇ ਦਰਿਆ ਨੂੰ ਬਚਾਉਣ ਲਈ ਸਿਰਫ਼ ਟਰੀਟਮੈਂਟ ਪਲਾਂਟਾਂ ਦੀ ਸਮਰੱਥਾ ਵਧਾਉਣਾ ਕਾਫ਼ੀ ਨਹੀਂ। ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਵਿੱਚ ਜ਼ੀਰੋ ਲਿਕਵਿਡ ਡਿਸਚਾਰਜ (ਜ਼ੈਡਐਲਡੀ) ਪ੍ਰਣਾਲੀ ਲਾਜ਼ਮੀ ਕੀਤੀ ਜਾਵੇ, ਤਾਂ ਜੋ ਹਰ ਬੂੰਦ ਗੰਦੇ ਪਾਣੀ ਨੂੰ ਸੋਧ ਕੇ ਮੁੜ ਵਰਤਿਆ ਜਾ ਸਕੇ ਤੇ ਦਰਿਆ ਵਿੱਚ ਕੋਈ ਵੀ ਗੰਦਾ ਪਾਣੀ ਨਾ ਛੱਡਿਆ ਜਾਵੇ।
ਪੀਏਸੀ ਨੇ ਪੰਜਾਬ ਸਰਕਾਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਨਿਗਮ ਲੁਧਿਆਣਾ ਅਤੇ ਹੋਰ ਸਬੰਧਤ ਵਿਭਾਗਾਂ ਤੋਂ ਤੁਰੰਤ ਸਮਾਂਬੱਧ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਅਣਸੋਧੇ ਗੰਦੇ ਪਾਣੀ ਦੀ ਨਿਕਾਸੀ ਤੁਰੰਤ ਰੋਕੀ ਜਾਵੇ, ਸਾਰੇ ਐਸਟੀਪੀ, ਸੀਈਟੀਪੀ ਅਤੇ ਈਟੀਪੀ ਦੀ ਆਨਲਾਈਨ ਨਿਗਰਾਨੀ ਯਕੀਨੀ ਬਣਾਈ ਜਾਵੇ, ਸੁਤੰਤਰ ਵਿਗਿਆਨਕ ਆਡਿਟ ਕਰਵਾਇਆ ਜਾਵੇ, ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ 'ਤੇ 'ਪੋਲਿਊਟਰ ਪੇਜ਼' ਸਿਧਾਂਤ ਤਹਿਤ ਹਰਜਾਨਾ ਲਗਾਇਆ ਜਾਵੇ ਅਤੇ ਬੁੱਢੇ ਦਰਿਆ ਤੇ ਸਤਲੁਜ ਦੀ ਵਾਤਾਵਰਨੀ ਪੁਨਰ ਸਥਾਪਨਾ ਲਈ ਸਮਾਂਬੱਧ ਯੋਜਨਾ ਲਾਗੂ ਕੀਤੀ ਜਾਵੇ।ਪੀਏਸੀ ਨੇ ਕਿਹਾ ਕਿ ਬੁੱਢਾ ਦਰਿਆ ਸਿਰਫ਼ ਇੱਕ ਪ੍ਰਦੂਸ਼ਿਤ ਨਾਲਾ ਨਹੀਂ, ਸਗੋਂ ਸਤਲੁਜ, ਭੂ-ਜਲ, ਖੇਤੀਬਾੜੀ ਅਤੇ ਲੋਕਾਂ ਦੀ ਸਿਹਤ ਨਾਲ ਜੁੜਿਆ ਮਹੱਤਵਪੂਰਨ ਵਾਤਾਵਰਨੀ ਸਰੋਤ ਹੈ। ਜੇਕਰ ਹੁਣ ਵੀ ਪ੍ਰਭਾਵਸ਼ਾਲੀ ਕਾਰਵਾਈ ਨਾ ਹੋਈ ਤਾਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਪ੍ਰਦੂਸ਼ਿਤ ਦਰਿਆ, ਦੂਸ਼ਿਤ ਭੂ-ਜਲ ਅਤੇ ਗੰਭੀਰ ਵਾਤਾਵਰਨੀ ਸੰਕਟ ਦੀ ਵਿਰਾਸਤ ਮਿਲੇਗੀ।