ਟੁੱਟੀਆਂ ਬਰਸਾਤੀ ਜਾਲੀਆਂ ਤੇ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ ਚੰਡੀਗੜ੍ਹ ਰੋਡ ਤੋਂ ਸਮਰਾਲਾ ਚੌਂਕ ਵੱਲ ਲਾਲ ਬੱਤੀ ਨੇੜੇ ਟੁੱਟੀਆਂ ਬਰਸਾਤੀ ਜਾਲੀਆਂ ਬਣੀਆਂ ਮੁਸੀਬਤ, ਹਾਦਸਿਆਂ ਦਾ ਖ਼ਤਰਾ ਵਧਿਆ
Publish Date: Wed, 12 Aug 2026 10:05 PM (IST)
Updated Date: Thu, 13 Aug 2026 04:06 AM (IST)
ਫ਼ੋਟੋ ਨੰਬਰ-45 ਰਾਜਕੁਮਾਰ ਸ਼ਰਮਾ, ਪੰਜ਼ਾਬੀ ਜਾਗਰਣ ਲੁਧਿਆਣਾ ਚੰਡੀਗੜ੍ਹ ਰੋਡ ਤੋਂ ਸਮਰਾਲਾ ਚੌਂਕ ਵੱਲ ਜਾਂਦੇ ਮੁੱਖ ਰਸਤੇ ’ਤੇ ਲਾਲ ਬੱਤੀ ਨੇੜੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਲਾਈਆਂ ਜਾਲੀਆਂ ਦੀ ਮਾੜੀ ਹਾਲਤ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕਈ ਥਾਵਾਂ ’ਤੇ ਬਰਸਾਤੀ ਜਾਲੀਆਂ ਟੁੱਟ ਚੁੱਕੀਆਂ ਹਨ, ਜਦਕਿ ਕੁਝ ਥਾਵਾਂ ’ਤੇ ਜਾਲੀਆਂ ਮੌਜੂਦ ਹੀ ਨਹੀਂ ਹਨ। ਇਸ ਕਾਰਨ ਸੜਕ ਕੰਢੇ ਤੇ ਨਿਕਾਸੀ ਵਾਲੇ ਹਿੱਸਿਆਂ ’ਤੇ ਖੁੱਲ੍ਹੇ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਰਸਤਾ ਦਿਨ ਭਰ ਭਾਰੀ ਆਵਾਜਾਈ ਵਾਲਾ ਰਹਿੰਦਾ ਹੈ। ਇੱਥੋਂ ਕਾਰਾਂ, ਆਟੋ, ਬੱਸਾਂ, ਟਰੱਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੋਪਹੀਆ ਵਾਹਨ ਵੀ ਲੰਘਦੇ ਹਨ। ਟੁੱਟੀਆਂ ਅਤੇ ਗਾਇਬ ਜਾਲੀਆਂ ਕਾਰਨ ਖ਼ਾਸ ਤੌਰ ’ਤੇ ਮੋਟਰਸਾਈਕਲ ਅਤੇ ਸਕੂਟਰ ਸਵਾਰਾਂ ਲਈ ਹਾਲਾਤ ਖ਼ਤਰਨਾਕ ਬਣੇ ਹੋਏ ਹਨ। ਜੇਕਰ ਕੋਈ ਵਾਹਨ ਚਾਲਕ ਅਚਾਨਕ ਇਨ੍ਹਾਂ ਖੁੱਲ੍ਹੇ ਹਿੱਸਿਆਂ ਵਿੱਚ ਫਸ ਜਾਂਦਾ ਹੈ ਤਾਂ ਵਾਹਨ ਦਾ ਸੰਤੁਲਨ ਵਿਗੜਨ ਕਾਰਨ ਗੰਭੀਰ ਹਾਦਸਾ ਵਾਪਰ ਸਕਦਾ ਹੈ। -ਮੀਂਹ ਦੌਰਾਨ ਸਮੱਸਿਆ ਹੋਰ ਗੰਭੀਰ ਲੋਕਾਂ ਮੁਤਾਬਕ ਬਰਸਾਤ ਦੇ ਦਿਨਾਂ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਮੀਂਹ ਪੈਣ ਤੋਂ ਬਾਅਦ ਸੜਕ ’ਤੇ ਪਾਣੀ ਇਕੱਠਾ ਹੋਣ ਕਾਰਨ ਟੁੱਟੀਆਂ ਜਾਂ ਗਾਇਬ ਜਾਲੀਆਂ ਸਾਫ਼ ਦਿਖਾਈ ਨਹੀਂ ਦਿੰਦੀਆਂ। ਪਾਣੀ ਨਾਲ ਭਰੇ ਖੱਡਿਆਂ ਦਾ ਅੰਦਾਜ਼ਾ ਨਾ ਹੋਣ ਕਾਰਨ ਦੋਪਹੀਆ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਪ੍ਰਬੰਧਾਂ ਦੀ ਸਹੀ ਸਾਂਭ-ਸੰਭਾਲ ਨਾ ਹੋਣ ਕਾਰਨ ਇੱਕ ਪਾਸੇ ਸੜਕ ’ਤੇ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਦੂਜੇ ਪਾਸੇ ਟੁੱਟੀਆਂ ਜਾਲੀਆਂ ਵਾਹਨ ਚਾਲਕਾਂ ਲਈ ਖ਼ਤਰਾ ਬਣ ਰਹੀਆਂ ਹਨ। -ਰਾਤ ਸਮੇਂ ਵਧ ਜਾਂਦਾ ਹੈ ਹਾਦਸਿਆਂ ਦਾ ਖ਼ਤਰਾ ਲੋਕਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਸਟਰੀਟ ਲਾਈਟਾਂ ਦੀ ਰੌਸ਼ਨੀ ਘੱਟ ਹੋਣ ਜਾਂ ਮੀਂਹ ਦੌਰਾਨ ਦਿੱਖ ਘੱਟ ਹੋਣ ਕਾਰਨ ਇਹ ਖੁੱਲ੍ਹੇ ਹਿੱਸੇ ਵਾਹਨ ਚਾਲਕਾਂ ਨੂੰ ਸਮੇਂ ਸਿਰ ਨਜ਼ਰ ਨਹੀਂ ਆਉਂਦੇ। ਅਚਾਨਕ ਬ੍ਰੇਕ ਲਗਾਉਣ ਜਾਂ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਵੀ ਹਾਦਸਾ ਹੋ ਸਕਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਕਈ ਵਾਰ ਵਾਹਨ ਚਾਲਕ ਇਨ੍ਹਾਂ ਖੁੱਲ੍ਹੇ ਹਿੱਸਿਆਂ ਤੋਂ ਬਚਣ ਲਈ ਅਚਾਨਕ ਆਪਣੀ ਲੇਨ ਬਦਲ ਲੈਂਦੇ ਹਨ, ਜਿਸ ਕਾਰਨ ਪਿੱਛੇ ਜਾਂ ਨਾਲ ਆ ਰਹੇ ਵਾਹਨਾਂ ਨਾਲ ਟੱਕਰ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। -ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਇਲਾਕਾ ਵਾਸੀਆਂ ਨੇ ਨਿਗਮ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚੰਡੀਗੜ੍ਹ ਰੋਡ ਤੋਂ ਸਮਰਾਲਾ ਚੌਕ ਵੱਲ ਜਾਂਦੇ ਰਸਤੇ ’ਤੇ ਲਾਲ ਬੱਤੀ ਨੇੜੇ ਬਰਸਾਤੀ ਜਾਲੀਆਂ ਦੀ ਤੁਰੰਤ ਜਾਂਚ ਕਰਵਾਈ ਜਾਵੇ। ਜਿੱਥੇ ਜਾਲੀਆਂ ਟੁੱਟੀਆਂ ਹਨ, ਉੱਥੇ ਨਵੀਆਂ ਮਜ਼ਬੂਤ ਜਾਲੀਆਂ ਲਾਈਆਂ ਜਾਣ ਤੇ ਜਿੱਥੇ ਜਾਲੀਆਂ ਗਾਇਬ ਹਨ, ਉੱਥੇ ਵੀ ਤੁਰੰਤ ਪ੍ਰਬੰਧ ਕੀਤਾ ਜਾਵੇ। ਲੋਕਾਂ ਨੇ ਕਿਹਾ ਕਿ ਸਿਰਫ਼ ਮੀਂਹ ਦੇ ਮੌਸਮ ਦੌਰਾਨ ਆਰਜ਼ੀ ਤੌਰ ’ਤੇ ਕਾਰਵਾਈ ਕਰਨ ਦੀ ਬਜਾਏ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਬਰਸਾਤੀ ਨਿਕਾਸੀ ਪ੍ਰਬੰਧ ਦੀ ਨਿਯਮਤ ਸਫ਼ਾਈ ਅਤੇ ਜਾਂਚ ਵੀ ਯਕੀਨੀ ਬਣਾਈ ਜਾਵੇ।