
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਗਰ ਨਿਗਮ ਨੂੰ ਬੰਬ ਧਮਾਕੇ ਦੀ ਧਮਕੀ, 1.11 ਵਜੇ ਦਫ਼ਤਰ ਉਡਾਉਣ ਦਾ ਈਮੇਲ

-ਸਥਾਨਕ ਪੁਲਿਸ ਅਧਿਕਾਰੀਆਂ ਤੇ ਬੰਬ ਰੋਕੂ ਦਸਤੇ ਨੇ ਛਾਣਿਆ ਚੱਪਾ-ਚੱਪਾ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਨਗਰ ਨਿਗਮ ਦੇ ਸਰਕਾਰੀ ਈਮੇਲ ’ਤੇ ਆਈ ਬੰਬ ਧਮਾਕੇ ਦੀ ਧਮਕੀ ਨੇ ਬੁੱਧਵਾਰ ਨੂੰ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ। ਧਮਕੀ ਭਰੀ ਈਮੇਲ ਵਿੱਚ ਨਗਰ ਨਿਗਮ ਦਫ਼ਤਰ ਨੂੰ ਦੁਪਹਿਰ 1.11 ਵਜੇ ਨਿਸ਼ਾਨਾ ਬਣਾਉਣ ਦੀ ਗੱਲ ਲਿਖੀ ਸੀ। ਈਮੇਲ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਹਵਾਲਿਆਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਅਤੇ ਬਠਿੰਡਾ ਵਿੱਚ 5 ਸਤੰਬਰ ਨੂੰ ਧਮਕੀ ਦਿੱਤੇ ਜਾਣ ਦਾ ਵੀ ਜ਼ਿਕਰ ਕੀਤਾ ਗਿਆ। ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਨਗਰ ਨਿਗਮ ਦੇ ਮੁੱਖ ਦਫ਼ਤਰ ਅਤੇ ਜ਼ੋਨਲ ਦਫ਼ਤਰਾਂ ਦੀ ਸੁਰੱਖਿਆ ਵਧਾ ਦਿੱਤੀ। ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਐਡ ਸਮੇਤ ਪੁਲਿਸ ਟੀਮਾਂ ਨੇ ਇਮਾਰਤਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਸੁਰੱਖਿਆ ਦੇ ਮੱਦੇਨਜ਼ਰ ਅਧਿਕਾਰੀਆਂ ਵੱਲੋਂ ਪੂਰੇ ਇਲਾਕੇ ਵਿਚ ਚੌਕਸੀ ਵਧਾ ਦਿੱਤੀ ਗਈ।
-ਬਾਕਸ-
-ਈਮੇਲ ’ਚ ਦਿਲਾਵਰ ਸਿੰਘ ਬੱਬਰ ਦਾ ਵੀ ਜ਼ਿਕਰ
ਧਮਕੀ ਵਾਲੀ ਈਮੇਲ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਵਿੱਚ ਸ਼ਾਮਲ ਆਤਮਘਾਤੀ ਹਮਲਾਵਰ ਦਿਲਾਵਰ ਸਿੰਘ ਬੱਬਰ ਦਾ ਜ਼ਿਕਰ ਕੀਤਾ ਗਿਆ। ਇਸ ਵਿੱਚ 31 ਅਗਸਤ ਨਾਲ ਸਬੰਧਤ ਭੜਕਾਊ ਹਵਾਲੇ ਦਿੱਤੇ ਗਏ ਤੇ ਸਰਕਾਰੀ ਦਫ਼ਤਰਾਂ ਵਿੱਚ ਉਸ ਦੀਆਂ ਤਸਵੀਰਾਂ ਲਗਾਉਣ ਦੀ ਮੰਗ ਵਰਗੀਆਂ ਗੱਲਾਂ ਵੀ ਲਿਖੀਆਂ ਗਈਆਂ ਸਨ।
-ਬਾਕਸ-
-ਕਈ ਸੰਗਠਨਾਂ ਦੇ ਨਾਂ, ਜਾਂਚ ’ਚ ਜੁਟਿਆ ਸਾਈਬਰ ਵਿੰਗ
ਈਮੇਲ ਦੇ ਅੰਤ ’ਚ ‘ਖਾਲਿਸਤਾਨ ਨੈਸ਼ਨਲ ਆਰਮੀ’ ਅਤੇ ‘ਬੱਬਰ ਖਾਲਸਾ (ਪਰਮਾਰ-ਕੈਨੇਡਾ)’ ਸਮੇਤ ਕਈ ਨਾਵਾਂ ਦਾ ਜ਼ਿਕਰ ਕੀਤਾ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਵਿੱਚੋਂ ਕੁਝ ਨਾਂ ਜਾਅਲੀ ਜਾਂ ਮਨਘੜਤ ਹੋ ਸਕਦੇ ਹਨ। ਸਾਈਬਰ ਕ੍ਰਾਈਮ ਵਿੰਗ ਨੇ ਈਮੇਲ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਸਰਵਰ ਟ੍ਰੇਲ, ਵੀਪੀਐਨ ਦੀ ਵਰਤੋਂ, ਆਈਪੀ ਐਡਰੈੱਸ ਤੇ ਹੋਰ ਤਕਨੀਕੀ ਜਾਣਕਾਰੀ ਖੰਗਾਲੀ ਜਾ ਰਹੀ ਹੈ। ਜਾਂਚ ਦਾ ਮੁੱਖ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਧਮਕੀ ਭਰੀ ਈਮੇਲ ਵਿਦੇਸ਼ ਤੋਂ ਭੇਜੀ ਗਈ ਜਾਂ ਕਿਸੇ ਸਥਾਨਕ ਵਿਅਕਤੀ ਵੱਲੋਂ ਤਕਨੀਕੀ ਤਰੀਕਿਆਂ ਦੀ ਵਰਤੋਂ ਕਰਕੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਨਗਰ ਨਿਗਮ ਨੂੰ ਪਹਿਲਾਂ ਵੀ ਬੰਬ ਧਮਾਕੇ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ, ਜਿਸ ਕਾਰਨ ਤਾਜ਼ਾ ਈਮੇਲ ਨੂੰ ਸੁਰੱਖਿਆ ਏਜੰਸੀਆਂ ਨੇ ਗੰਭੀਰਤਾ ਨਾਲ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਈਮੇਲ ਦੀ ਅਸਲ ਸੱਚਾਈ ਤੇ ਸਰੋਤ ਦਾ ਪਤਾ ਤਕਨੀਕੀ ਜਾਂਚ ਪੂਰੀ ਹੋਣ ਤੋਂ ਬਾਅਦ ਲੱਗੇਗਾ।