ਦੋਸਤੀ 'ਚ ਖ਼ੂਨੀ ਖੇਡ! ਲੁਧਿਆਣਾ ਦੇ ਵਪਾਰੀ ਦੀ ਗੋਲ਼ੀ ਲੱਗਣ ਕਾਰਨ ਮੌਤ, ਪੁਲਿਸ ਨੇ ਕੀਤੀ ਸਖ਼ਤ ਕਾਰਵਾਈ ਪੁਲਿਸ ਥਾਣਾ ਸਿਟੀ ਖਰੜ ਅਧੀਨ ਆਉਂਦੀ ਸ਼ਿਵਾਲਿਕ ਸਿਟੀ ’ਚ ਇਕ ਫਲੈਟ ’ਚ ਆਪਣੇ ਦੋਸਤਾਂ ਨਾਲ ਆਏ ਲੁਧਿਆਣਾ ਵਾਸੀ ਇਕ ਨੌਜਵਾਨ ਦੀ ਗੋਲ਼ੀ ਲੱਗਣ ਨਾਲ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ (28) ਪੁੱਤਰ ਕਮਲ ਕੁਮਾਰ ਵਾਸੀ ਜਨਤਾ ਨਗਰ ਲੁਧਿਆਣਾ ਵਜੋਂ ਹੋਈ ਹੈ।
Publish Date: Wed, 26 Aug 2026 09:44 AM (IST)
Updated Date: Wed, 26 Aug 2026 09:46 AM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਪੁਲਿਸ ਥਾਣਾ ਸਿਟੀ ਖਰੜ ਅਧੀਨ ਆਉਂਦੀ ਸ਼ਿਵਾਲਿਕ ਸਿਟੀ ’ਚ ਇਕ ਫਲੈਟ ’ਚ ਆਪਣੇ ਦੋਸਤਾਂ ਨਾਲ ਆਏ ਲੁਧਿਆਣਾ ਵਾਸੀ ਇਕ ਨੌਜਵਾਨ ਦੀ ਗੋਲ਼ੀ ਲੱਗਣ ਨਾਲ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ (28) ਪੁੱਤਰ ਕਮਲ ਕੁਮਾਰ ਵਾਸੀ ਜਨਤਾ ਨਗਰ ਲੁਧਿਆਣਾ ਵਜੋਂ ਹੋਈ ਹੈ।
ਇਸ ਮਾਮਲੇ ਦੇ ਜਾਂਚ ਅਧਿਕਾਰੀ ਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪੰਕਜ ਕੁਮਾਰ ਪੁੱਤਰ ਕਮਲ ਕੁਮਾਰ ਵਾਸੀ ਲੁਧਿਆਣਾ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਛੋਟਾ ਭਰਾ ਗੁਰਪ੍ਰੀਤ ਤੇ ਉਹ ਲੁਧਿਆਣਾ ਵਿਖੇ ਹੀ ਬੀਐੱਮਐੱਸ ਮੋਟਰ ਏਜੰਸੀ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਸ ਦਾ ਭਰਾ ਬੀਤੇ ਕੱਲ੍ਹ ਆਪਣੇ ਦੋਸਤਾਂ ਹਰਪਾਲ ਸਿੰਘ ਉਰਫ਼ ਗੋਪੀ, ਹਰਸ਼ਵੀਰ ਸਿੰਘ ਵਿਰਦੀ ਤੇ ਗੁਰਜਿੰਦਰ ਸਿੰਘ ਭੰਮਰਾ ਨਾਲ ਲੁਧਿਆਣਾ ਤੋਂ ਖਰੜ ਘੁੰਮਣ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਤੜਕੇ ਹਰਸ਼ਵੀਰ ਵਿਰਦੀ ਦਾ ਉਸ ਨੂੰ ਫੋਨ ਆਇਆ ਕਿ ਗੁਰਪ੍ਰੀਤ ਦੇ ਗੋਲ਼ੀ ਲੱਗੀ ਹੈ ਅਤੇ ਤੁਸੀਂ ਮੁਹਾਲੀ ਫੇਜ਼-6 ਹਸਪਤਾਲ ਪਹੁੰਚ ਜਾਓ। ਜਿਸ ਤੋਂ ਬਾਅਦ ਉਹ ਮੁਹਾਲੀ ਹਸਪਤਾਲ ਪਹੁੰਚਿਆ ਤਾਂ ਪਤਾ ਲੱਗਾ ਕਿ ਗੁਰਪ੍ਰੀਤ ਤੇ ਉਸ ਦੇ ਦੋਸਤ, ਇਕ ਜਾਣਕਾਰ ਲੜਕੀ ਦੇ ਸ਼ਿਵਾਲਿਕ ਸਿਟੀ ਖਰੜ ’ਚ ਸਥਿਤ ਇਕ ਫਲੈਟ ’ਚ ਪਹੁੰਚੇ ਹੋਏ ਸਨ, ਜਿੱਥੇ ਹੋਰ ਲੜਕੀਆਂ ਵੀ ਸਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰਪ੍ਰੀਤ ਨੇ ਆਪਣਾ ਲਾਇਸੈਂਸੀ .45 ਬੋਰ ਦਾ ਪਿਸਤੌਲ ਅਨਲੋਡ ਕਰ ਕੇ ਰੱਖ ਦਿੱਤਾ ਤੇ ਹਰਪਾਲ ਸਿੰਘ ਉਰਫ਼ ਗੋਪੀ ਨੇ ਵੀ ਆਪਣਾ ਪੁਆਇੰਟ .32 ਬੋਰ ਦਾ ਲਾਇਸੈਂਸੀ ਰਿਵਾਲਵਰ ਅਨਲੋਡ ਕਰ ਕੇ ਰੱਖ ਦਿੱਤਾ ਪਰ ਗੁਰਪ੍ਰੀਤ ਦੇ ਪਿਸਤੌਲ ’ਚ ਇਕ ਰੌਂਦ ਰਹਿ ਗਿਆ ਸੀ।
ਇਸ ਦੌਰਾਨ ਹਰਪਾਲ ਸਿੰਘ ਉਰਫ਼ ਗੋਪੀ ਨੇ ਗੁਰਪ੍ਰੀਤ ਦਾ ਪਿਸਤੌਲ ਨਵਾਂ ਹੋਣ ਕਰ ਕੇ ਵੇਖਣ ਲਈ ਆਪਣੇ ਹੱਥ ’ਚ ਚੁੱਕ ਲਿਆ ਅਤੇ ਹਰਪਾਲ ਸਿੰਘ ਤੋਂ ਪਿਸਤੌਲ ਦਾ ਟ੍ਰਿਗਰ ਦੱਬਿਆ ਗਿਆ, ਜਿਸ ਨਾਲ ਚੱਲੀ ਗੋਲ਼ੀ ਸਿੱਧੀ ਗੁਰਪ੍ਰੀਤ ਦੇ ਦਿਲ ਦੇ ਥੱਲੇ ਵੱਜੀ। ਇਸ ਤੋਂ ਬਾਅਦ ਗੁਰਪ੍ਰੀਤ ਲਹੂ ਲੁਹਾਨ ਹੋ ਕੇ ਫਰਸ਼ ’ਤੇ ਡਿੱਗ ਗਿਆ, ਜਿਸ ਨੂੰ ਉਸਦੇ ਦੋਸਤ ਸਿਵਲ ਹਸਪਤਾਲ ਫੇਜ਼-6 ਮੁਹਾਲੀ ਲੈ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਇਸ ਮਾਮਲੇ ’ਚ ਪੰਕਜ ਕੁਮਾਰ ਦੇ ਬਿਆਨਾਂ ’ਤੇ ਬੀਐੱਨਐੱਸ ਦੀ ਧਾਰਾ 105 ਅਧੀਨ ਮਾਮਲਾ ਦਰਜ ਕਰ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖਰੜ ਦੇ ਮੁਰਦਾਘਰ ’ਚ ਰੱਖਵਾ ਦਿੱਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਹਿਰਾਸਤ ’ਚ ਲੈ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।