ਗਾਲੀ-ਗਲੌਚ ਤੋਂ ਬਾਅਦ ਖ਼ੂਨੀ ਝੜਪ: ਦਲ ਪੰਥ ਨਾਲ ਸਬੰਧਿਤ ਸਿੰਘ ਨੇ ਕਿਰਪਾਨ ਨਾਲ ਗਰਦਨ 'ਤੇ ਵਾਰ ਕਰਕੇ ਕੀਤੀ ਦੂਜੇ ਸਿੰਘ ਦੀ ਹੱਤਿਆ
ਮੀਰੀ-ਪੀਰੀ ਦਿਵਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਇੱਕ ਮਾਮੂਲੀ ਤਕਰਾਰ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ, ਜਦੋਂ ਗਾਲੀ-ਗਲੌਚ ਤੋਂ ਬਾਅਦ ਦਲ ਪੰਥ ਨਾਲ ਸਬੰਧਿਤ ਇੱਕ ਸਿੰਘ ਨੇ ਦੂਜੇ ਸਿੰਘ ਦੀ ਗਰਦਨ ’ਤੇ ਕਿਰਪਾਨ ਨਾਲ ਵਾਰ ਕਰ ਦਿੱਤਾ। ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਏ ਗਏ ਨੌਜਵਾਨ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
Publish Date: Tue, 28 Jul 2026 11:01 AM (IST)
Updated Date: Tue, 28 Jul 2026 11:04 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਮੀਰੀ-ਪੀਰੀ ਦਿਵਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਇੱਕ ਮਾਮੂਲੀ ਤਕਰਾਰ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ, ਜਦੋਂ ਗਾਲੀ-ਗਲੌਚ ਤੋਂ ਬਾਅਦ ਦਲ ਪੰਥ ਨਾਲ ਸਬੰਧਿਤ ਇੱਕ ਸਿੰਘ ਨੇ ਦੂਜੇ ਸਿੰਘ ਦੀ ਗਰਦਨ ’ਤੇ ਕਿਰਪਾਨ ਨਾਲ ਵਾਰ ਕਰ ਦਿੱਤਾ। ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਏ ਗਏ ਨੌਜਵਾਨ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਇਸ ਮਾਮਲੇ ’ਚ ਥਾਣਾ ਡੇਹਲੋਂ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਨਾਮਜ਼ਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪਿੰਡ ਪੱਦੀ ਦੇ ਵਾਸੀ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਬਤੌਰ ਗ੍ਰੰਥੀ ਸੇਵਾ ਨਿਭਾ ਰਿਹਾ ਹੈ।
ਮੀਰੀ-ਪੀਰੀ ਦਿਵਸ ਸਬੰਧੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ। ਇਸ ਮੌਕੇ ਪਿੰਡ ਅਤੇ ਬਾਹਰੋਂ ਵੱਡੀ ਗਿਣਤੀ ’ਚ ਸੰਗਤ ਦੇ ਨਾਲ-ਨਾਲ ਦਲ ਪੰਥ ਨਾਲ ਸਬੰਧਿਤ ਸਿੰਘ ਵੀ ਮੌਜੂਦ ਸਨ।
ਸ਼ਿਕਾਇਤ ਮੁਤਾਬਕ ਰਾਤ ਕਰੀਬ 9 ਵਜੇ ਸੋਨੂ ਨਾਮ ਦਾ ਸਿੰਘ ਲੰਗਰ ਹਾਲ ਵੱਲ ਜਾਂਦੇ ਸਮੇਂ ਉੱਚੀ ਆਵਾਜ਼ ਵਿੱਚ ਗਾਲੀ-ਗਲੌਚ ਕਰ ਰਿਹਾ ਸੀ। ਇਸ ਦੌਰਾਨ ਦਲ ਪੰਥ ਦਾ ਸਿੰਘ ਹਰਿਆਣਾ ਦੇ ਫਤਿਹਾਬਾਦ ਦਾ ਵਾਸੀ ਸੋਹਣ ਸਿੰਘ ਬੁਰੀ ਤਰ੍ਹਾਂ ਗੁੱਸੇ ’ਚ ਆ ਗਿਆ ਅਤੇ ਕਿਰਪਾਨ ਨਾਲ ਸੋਨੂ ਦੀ ਗਰਦਨ ’ਤੇ ਜ਼ਬਰਦਸਤ ਵਾਰ ਕਰ ਦਿੱਤਾ।
ਵਾਰ ਇੰਨਾ ਗੰਭੀਰ ਸੀ ਕਿ ਸੋਨੂ ਖੂਨ ਨਾਲ ਲੱਥਪੱਥ ਹੋ ਕੇ ਮੌਕੇ ’ਤੇ ਡਿੱਗ ਪਿਆ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਸਿੱਧੂ ਹਸਪਤਾਲ, ਦੋਰਾਹਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੇਹਲੋਂ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 103 ਤਹਿਤ ਕਤਲ ਦਾ ਕੇਸ ਦਰਜ ਕਰਕੇ ਨਾਮਜ਼ਦ ਮੁਲਜ਼ਮ ਸੋਹਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਏਐੱਸਆਈ ਵਿਜੈ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਵਿਵਾਦ ਕਿਹੜੇ ਕਾਰਨਾਂ ਕਰਕੇ ਸ਼ੁਰੂ ਹੋਇਆ ਅਤੇ ਕੁਝ ਪਲਾਂ ’ਚ ਹੀ ਖੂਨੀ ਘਟਨਾ ’ਚ ਕਿਵੇਂ ਬਦਲ ਗਿਆ। ਪੁਲਿਸ ਜਾਂਚ ਲਈ ਸੀਸੀਟੀਵੀ ਫੁਟੇਜ ਦਾ ਵੀ ਸਹਾਰਾ ਲੈ ਰਹੀ ਹੈ।