- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੇਵੇਂ ਦਿਨ ਵੀ ਜਾਰੀ ਰਿਹਾ ਭਾਕਿਯੂ ਏਕਤਾ ਉਗਰਾਹਾਂ ਦਾ ਪੱਕਾ ਮੋਰਚਾ

-ਮੁਲਾਜ਼ਮਾਂ ਦੇ ਸੰਘਰਸ਼ ਨੂੰ ਸਮਰਪਿਤ ਰਹੀ ਸਟੇਜ ਦੌਰਾਨ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
22)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚਲਾਏ ਜਾ ਰਹੇ ਪੱਕੇ ਮੋਰਚੇ ਦੇ ਛੇਵੇਂ ਦਿਨ ਵੀ ਸੰਘਰਸ਼ ਜਾਰੀ ਰਿਹਾ। ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਦੀ ਸਟੇਜ ਮੁਲਾਜ਼ਮਾਂ ਦੇ ਸੰਘਰਸ਼ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਸਮਰਪਿਤ ਕੀਤੀ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦੀ ਏਕਤਾ ਦੇ ਹੱਕ ਵਿੱਚ ਨਾਅਰੇ ਲਗਾਏ ਗਏ ਤੇ ਪੱਕੇ ਮੋਰਚੇ ਦੀਆਂ ਮੰਗਾਂ ਸਮੇਤ ਮੁਲਾਜ਼ਮਾਂ ਦੇ ਸੰਘਰਸ਼ ਤੇ ਮੰਗਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਮੰਗਾਂ ’ਤੇ ਗੱਲਬਾਤ ਨਾ ਕਰਨਾ, ਉਨ੍ਹਾਂ ਦੀਆਂ ਆਵਾਜ਼ਾਂ ਨਾ ਸੁਣਨਾ ਤੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਅੰਦੋਲਨ ਤੋਂ ਰੋਕਣ ਲਈ ਕਥਿਤ ਤੌਰ ’ਤੇ ਤਸ਼ੱਦਦ ਦਾ ਸਹਾਰਾ ਲੈਣਾ ਜਮਹੂਰੀ ਹੱਕਾਂ ਦਾ ਘਾਣ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਮੁਲਾਜ਼ਮਾਂ ਵੱਲੋਂ ਕੀਤੇ ਗਏ ਸੰਘਰਸ਼ਾਂ ਤੋਂ ਉਨ੍ਹਾਂ ਦੇ ਹੱਕਾਂ ਲਈ ਲੜਨ ਦੇ ਇਰਾਦੇ ਸਪੱਸ਼ਟ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਮੁਲਾਜ਼ਮਾਂ ਦੇ ਸੰਘਰਸ਼ ਤੋਂ ਘਬਰਾ ਕੇ ਪਹਿਲਾਂ ਉਨ੍ਹਾਂ ਨਾਲ ਤੈਅ ਮੀਟਿੰਗ ਤੋਂ ਪਿੱਛੇ ਹਟੀ ਅਤੇ ਫਿਰ 27 ਅਗਸਤ ਨੂੰ ਹੜਤਾਲ ਲਈ ਸਮੂਹਕ ਛੁੱਟੀ ਲੈਣ ਵਾਲੇ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਜਾਇਜ਼ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਭੱਤਾ (ਡੀਏ) ਨਾ ਦੇਣਾ, ਮੁਲਾਜ਼ਮਾਂ ਨੂੰ ਪੱਕਾ ਨਾ ਕਰਨਾ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਨਿੱਜੀਕਰਨ, ਨੌਜਵਾਨਾਂ ਨੂੰ ਰੁਜ਼ਗਾਰ ਨਾ ਦੇਣ ਅਤੇ ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਵਿੱਚ ਸੋਧ ਵਰਗੇ ਮੁੱਦੇ ਵੱਡੀ ਨੀਤੀ ਨਾਲ ਜੁੜੇ ਹੋਏ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਪਾਣੀ ਦੇ ਪ੍ਰਬੰਧਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ, ਕਿਸਾਨਾਂ ਦੀਆਂ ਮੰਡੀਆਂ ਦੇ ਨਿੱਜੀਕਰਨ ਅਤੇ ਖੇਤੀਬਾੜੀ ਜ਼ਮੀਨਾਂ ਨੂੰ ਕਾਰਪੋਰੇਟਾਂ ਦੇ ਹਿੱਤਾਂ ਮੁਤਾਬਕ ਵਰਤਣ ਦੀਆਂ ਨੀਤੀਆਂ ਵੀ ਨਿੱਜੀਕਰਨ, ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਦਾ ਨਤੀਜਾ ਹਨ। ਆਗੂਆਂ ਨੇ ਕਿਹਾ ਕਿ ਇਨ੍ਹਾਂ ਨੀਤੀਆਂ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਸਾਂਝੇ ਸੰਘਰਸ਼ ਦੀ ਲੋੜ ਹੈ।
ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਜਗਮੀਤ ਸਿੰਘ ਕਲਾੜ ਨੇ ਕਿਹਾ ਕਿ ਕਿਸਾਨ-ਮੁਲਾਜ਼ਮ ਏਕਤਾ ਨੂੰ ਹੋਰ ਮਜ਼ਬੂਤ ਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਤੇ ਨਿੱਜੀਕਰਨ ਦਾ ਵਿਰੋਧ ਕਰਨ ਲਈ ਸਾਂਝੇ ਸੰਘਰਸ਼ਾਂ ਨੂੰ ਅੱਗੇ ਵਧਾਉਣਾ ਸਮੇਂ ਦੀ ਲੋੜ ਹੈ। ਸਰਕਾਰ ਵੱਲੋਂ ਕਾਰਪੋਰੇਟਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਵਧੇਰੇ ਮੌਕੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਵਾਲਿਆਂ ਖ਼ਿਲਾਫ਼ ਜਬਰ ਦਾ ਸਹਾਰਾ ਲਿਆ ਜਾ ਰਿਹਾ ਹੈ। ਉਨ੍ਹਾਂ ਪਿੰਡ ਸੇਰੋਂ ’ਚ ਵਾਪਰੀ ਘਟਨਾ ਦਾ ਹਵਾਲਾ ਦਿੰਦਿਆਂ ਇਸ ਦੀ ਨਿਖੇਧੀ ਕੀਤੀ। ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਮੰਗਾਂ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਸਾਨਾਂ ਨਾਲ ਮਿਲ ਕੇ ਸਾਂਝੇ ਸੰਘਰਸ਼ਾਂ ’ਚ ਡਟਣ ਦਾ ਐਲਾਨ ਕੀਤਾ। ਆਗੂਆਂ ਅਨੁਸਾਰ ਸਰਕਾਰ ਦੀ ਚੁੱਪ ਤੋੜਨ ਤੇ ਕਥਿਤ ਜਬਰ ਦਾ ਮੁਕਾਬਲਾ ਕਰਨ ਲਈ ਏਕਤਾ ਤੇ ਸੰਘਰਸ਼ ਹੀ ਇੱਕੋ-ਇਕ ਰਾਹ ਹੈ। ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਇਕਜੁੱਟ ਹੋ ਕੇ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਹਨ। ਸਟੇਜ ਤੋਂ ਜਗਮੀਤ ਸਿੰਘ ਕਲਾੜ ਤੋਂ ਇਲਾਵਾ ਮੁਲਾਜ਼ਮ ਜਥੇਬੰਦੀਆਂ ਵੱਲੋਂ ਜਸਵਿੰਦਰ ਸਿੰਘ ਟੀਐੱਸਯੂ, ਹਰਜਿੰਦਰ ਸਿੰਘ ਮਜ਼ਦੂਰ ਆਗੂ, ਰਜਿੰਦਰ ਕੁਮਾਰ, ਦਲਜੀਤ ਸਿੰਘ ਸਮਰਾਲਾ, ਮਾ. ਕੁਲਵੰਤ ਸਿੰਘ ਤਰਕ, ਕੁਲਦੀਪ ਸਿੰਘ ਬੁੱਢੇਵਾਲ, ਸ਼ਸ਼ੀਲ ਕੁਮਾਰ, ਦਲਜੀਤ ਸਿੰਘ, ਜਸਵੰਤ ਸਿੰਘ ਜੀਰਖ, ਗੁਰਬਖ਼ਸ਼ੀਸ਼ ਸਿੰਘ, ਅਸ਼ੋਕ ਕੁਮਾਰ, ਸੰਦੀਪ ਭੰਬਲ, ਹਰਦੀਪ ਸਿੰਘ ਗਰੇਵਾਲ, ਰਜਿੰਦਰ ਸਿੰਘ, ਦੀਪਕ ਕੁਮਾਰ, ਚੰਦ ਸਿੰਘ ਰਸੂਲੜਾ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਹਰਬੰਤ ਸਿੰਘ ਮਾਂਗਟ, ਜੁਗਿੰਦਰ ਸਿੰਘ ਆਜ਼ਾਦ ਅਤੇ ਤਰਸੇਮ ਲਾਲ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਬਲਵੰਤ ਸਿੰਘ ਘੁਡਾਣੀ ਨੇ ਨਿਭਾਈ।