- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1208 ਸਫਾਈ ਮੁਲਾਜ਼ਮਾਂ ਦੀ ਭਰਤੀ ਦੀ ਜਾਂਚ ਕਰਵਾਉਣ ਲਈ ਭਾਜਪਾ ਵੱਲੋਂ ਮੇਅਰ ਹਾਊਸ ਵਿਖੇ ਰੋਸ ਧਰਨਾ

-ਭਾਜਪਾ ਨੇ ਵਾਰਡ ਵਾਈਜ਼ ਤਾਇਨਾਤੀ 'ਤੇ ਹਾਜ਼ਰੀ ਦਾ ਰਿਕਾਰਡ ਜਨਤਕ ਕਰਨ ਦੀ ਕੀਤੀ ਮੰਗ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਨਗਰ ਨਿਗਮ ਵਿੱਚ ਆਊਟਸੋਰਸ ਆਧਾਰ ’ਤੇ ਰੱਖੇ ਗਏ 1208 ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਮੁੱਦਾ ਭਖ ਗਿਆ ਹੈ। ਭਾਜਪਾ ਨੇ ਇਨ੍ਹਾਂ ਕਰਮਚਾਰੀਆਂ ਦੀ ਨਿਯੁਕਤੀ ਤੇ ਤਾਇਨਾਤੀ ਦੀ ਪੂਰੀ ਜਾਂਚ ਤੋਂ ਬਾਅਦ ਹੀ ਰੈਗੂਲਰ ਕਰਨ ਦੀ ਮੰਗ ਕਰਦਿਆਂ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ ਨੇ ਕਿਹਾ ਕਿ ਨਿਗਮ ’ਚ 1208 ਆਊਟਸੋਰਸ ਸਫਾਈ ਕਰਮਚਾਰੀ ਰੱਖੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਵੱਡਾ ਸਵਾਲ ਇਹ ਹੈ ਕਿ ਇਹ ਕਰਮਚਾਰੀ ਅਸਲ ਵਿੱਚ ਕਿੱਥੇ ਤੇ ਕਿਹੜੇ ਵਾਰਡਾਂ ਵਿੱਚ ਡਿਊਟੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ 1208 ਕਰਮਚਾਰੀਆਂ ਦੀ ਵਾਰਡ ਵਾਈਜ਼ ਤਾਇਨਾਤੀ, ਡਿਊਟੀ ਸਥਾਨ ਅਤੇ ਹਾਜ਼ਰੀ ਦਾ ਪੂਰਾ ਰਿਕਾਰਡ ਜਨਤਕ ਕਰਨਾ ਚਾਹੀਦਾ ਹੈ। ਪ੍ਰਧਾਨ ਮੋਦਗਿੱਲ ਨੇ ਕਿਹਾ ਕਿ ਜੇਕਰ 1208 ਸਫਾਈ ਕਰਮਚਾਰੀ ਵਾਕਈ ਸ਼ਹਿਰ ਵਿੱਚ ਤਾਇਨਾਤ ਹਨ ਤਾਂ ਸਫਾਈ ਵਿਵਸਥਾ ਵਿੱਚ ਉਸ ਦਾ ਅਸਰ ਵੀ ਨਜ਼ਰ ਆਉਣਾ ਚਾਹੀਦਾ ਹੈ। ਹੈਰਾਨੀ ਦੀ ਗੱਲ ਹੈ ਕਿ ਸੱਤਾਧਾਰੀ ਧਿਰ ਦੇ ਕੌਂਸਲਰਾਂ ਨੂੰ ਵੀ ਆਪਣੇ ਵਾਰਡਾਂ ਵਿੱਚ ਤਾਇਨਾਤ ਆਊਟਸੋਰਸ ਕਰਮਚਾਰੀਆਂ ਦੀ ਗਿਣਤੀ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਅਸਲ ਗਿਣਤੀ, ਤਾਇਨਾਤੀ ਅਤੇ ਹਾਜ਼ਰੀ ਦੀ ਜਾਂਚ ਕੀਤੇ ਬਿਨਾਂ ਉਨ੍ਹਾਂ ਨੂੰ ਰੈਗੂਲਰ ਕਰਨਾ ਪੂਰੀ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰੇਗਾ। ਭਾਜਪਾ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ 1208 ਕਰਮਚਾਰੀਆਂ ਦਾ ਪੂਰਾ ਰਿਕਾਰਡ ਜਨਤਕ ਕਰਕੇ ਨਿਯੁਕਤੀ ਅਤੇ ਤਾਇਨਾਤੀ ਦੀ ਨਿਰਪੱਖ ਜਾਂਚ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਪਾਰਟੀ ਇਹ ਮੁੱਦਾ ਲਗਾਤਾਰ ਚੁੱਕਦੀ ਰਹੇਗੀ।
ਧਰਨੇ ਵਿੱਚ ਭਾਜਪਾ ਕੌਂਸਲਰ ਦਲ ਦੀ ਨੇਤਾ ਪੂਨਮ ਰਤੜਾ, ਉਪਨੇਤਾ ਰੋਹਿਤ ਸਿੱਕਾ, ਕੌਂਸਲਰ ਸੁਮਨ ਵਰਮਾ, ਰੁਚੀ ਵਿਸ਼ਾਲ ਗੁਲਾਟੀ, ਪੱਲਵੀ ਵਿਪਨ ਵਿਨਾਇਕ, ਗੌਰਵਜੀਤ ਗੋਰਾ, ਸੁਨੀਤਾ ਸ਼ਰਮਾ, ਰਾਜ ਸ਼ਰਮਾ, ਜ਼ਿਲ੍ਹਾ ਜਰਨਲ ਸਕੱਤਰ ਹਰਸ਼ ਸ਼ਰਮਾ, ਸ਼ੀਨੂ ਚੁੱਘ, ਕੈਲਾਸ਼ ਚੌਧਰੀ, ਨਰਿੰਦਰ ਸਿੰਘ ਮੱਲੀ, ਦਵਿੰਦਰ ਜੱਗੀ, ਵਿੱਕੀ ਸਹੋਤਾ, ਕਸ਼ਿਸ਼ ਰਤੜਾ, ਮੋਹਿਤ ਸਿੱਕਾ ਸਮੇਤ ਹੋਰ ਆਗੂ ਤੇ ਵਰਕਰ ਮੌਜੂਦ ਸਨ।