ਭਾਜਪਾ ਦੀ ਜ਼ਿਲ੍ਹਾ ਟੀਮ ਦੇ ਐਲਾਨ ’ਤੇ ਗੁੱਟਬਾਜ਼ੀ ਦਾ ਸਾਇਆ: ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦਿਆਂ ’ਤੇ ਪੇਚ ਫਸਿਆ, ਵਧਾਈ ਹਾਈਕਮਾਂਡ ਦੀ ਚਿੰਤਾ
ਨਤੀਜਾ ਇਹ ਹੈ ਕਿ ਟੀਮ ਬਣਾਉਣ ਦੀ ਕਵਾਇਦ ਅੱਗੇ ਵਧਣ ਦੀ ਬਜਾਏ ਅੰਦਰੂਨੀ ਸਿਆਸਤ ’ਚ ਉਲਝਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਸਾਹਮਣੇ ਭਾਜਪਾ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ ਦੀ ਤਾਜਪੋਸ਼ੀ ’ਚ ਸਾਬਕਾ ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਸਾਰੇ ਹੀ ਆਹੁਦੇਦਾਰਾਂ ਨੇ ਇਕਜੁਟਤਾ ਵਿਖਾਈ ਸੀ ਪਰ ਹੁਣ ਜ਼ਿਲ੍ਹਾ ਕਾਰਜਕਾਰਨੀ ਟੀਮ ਦੇ ਗਠਨ ’ਚ ਹੋ ਰਹੀ ਦੇਰੀ ਉਸ ਇਕਜੁੱਟਤਾ ’ਤੇ ਸਵਾਲ ਖੜ੍ਹੀ ਕਰ ਰਹੀ ਹੈ। ਇਸ ਤੋਂ ਸਾਫ਼ ਹੈ ਕਿ ਭਾਜਪਾ ’ਚ ਕਾਂਗਰਸ ਵਾਂਗ ਅਹੁਦੇਦਾਰੀਆਂ ਦੇ ਨਾਮ ਤੇ ਅੰਦਰੋਂ ਅੰਦਰੀ ਕਾਟੋ ਕਲੇਸ਼ ਜਾਰੀ ਹੈ।
Publish Date: Thu, 20 Aug 2026 12:47 PM (IST)
Updated Date: Thu, 20 Aug 2026 12:49 PM (IST)
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ। ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਤੇ ਕਲੇਸ਼ ਤੋਂ ਬਾਅਦ ਹੁਣ ਲੁਧਿਆਣਾ ਭਾਜਪਾ ਦੀ ਜ਼ਿਲ੍ਹਾ ਇਕਾਈ ਵੀ ਗੁੱਟਬਾਜ਼ੀ ਦੇ ਭੰਵਰ ’ਚ ਫਸਦੀ ਨਜ਼ਰ ਆ ਰਹੀ ਹੈ। ਨਵਾਂ ਜ਼ਿਲ੍ਹਾ ਪ੍ਰਧਾਨ ਬਣੇ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਜ਼ਿਲ੍ਹਾ ਟੀਮ ਦਾ ਐਲਾਨ ਅਜੇ ਵੀ ਅਹੁਦਿਆਂ ਦੀ ਖਿੱਚੋਤਾਣ ਹੇਠ ਅਟਕਿਆ ਹੋਇਆ ਹੈ।
ਸੂਤਰਾਂ ਅਨੁਸਾਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹਿਮ ਅਹੁਦਿਆਂ ਨੂੰ ਲੈ ਕੇ ਵੱਖ-ਵੱਖ ਧੜਿਆਂ ਵਿਚਕਾਰ ਸਹਿਮਤੀ ਨਹੀਂ ਬਣ ਰਹੀ। ਪੁਰਾਣੇ ਅਤੇ ਸਰਗਰਮ ਵਰਕਰ ਆਪਣੀ ਨੁਮਾਇੰਦਗੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ, ਜਦਕਿ ਕਈ ਆਗੂ ਆਪਣੇ-ਆਪਣੇ ਧੜੇ ਦੇ ਵਿਅਕਤੀਆਂ ਨੂੰ ਅਹੁਦੇ ਦਿਵਾਉਣ ਲਈ ਜ਼ੋਰ ਲਾ ਰਹੇ ਹਨ।
ਨਤੀਜਾ ਇਹ ਹੈ ਕਿ ਟੀਮ ਬਣਾਉਣ ਦੀ ਕਵਾਇਦ ਅੱਗੇ ਵਧਣ ਦੀ ਬਜਾਏ ਅੰਦਰੂਨੀ ਸਿਆਸਤ ’ਚ ਉਲਝਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਸਾਹਮਣੇ ਭਾਜਪਾ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ ਦੀ ਤਾਜਪੋਸ਼ੀ ’ਚ ਸਾਬਕਾ ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਸਾਰੇ ਹੀ ਆਹੁਦੇਦਾਰਾਂ ਨੇ ਇਕਜੁਟਤਾ ਵਿਖਾਈ ਸੀ ਪਰ ਹੁਣ ਜ਼ਿਲ੍ਹਾ ਕਾਰਜਕਾਰਨੀ ਟੀਮ ਦੇ ਗਠਨ ’ਚ ਹੋ ਰਹੀ ਦੇਰੀ ਉਸ ਇਕਜੁੱਟਤਾ ’ਤੇ ਸਵਾਲ ਖੜ੍ਹੀ ਕਰ ਰਹੀ ਹੈ। ਇਸ ਤੋਂ ਸਾਫ਼ ਹੈ ਕਿ ਭਾਜਪਾ ’ਚ ਕਾਂਗਰਸ ਵਾਂਗ ਅਹੁਦੇਦਾਰੀਆਂ ਦੇ ਨਾਮ ਤੇ ਅੰਦਰੋਂ ਅੰਦਰੀ ਕਾਟੋ ਕਲੇਸ਼ ਜਾਰੀ ਹੈ।
ਦਿਹਾਤੀ-ਸ਼ਹਿਰੀ ਪੇਚ ਨੇ ਹੋਰ ਉਲਝਾਇਆ ਮਾਮਲਾ
ਜ਼ਿਲ੍ਹਾ ਟੀਮ ਦੇ ਗਠਨ ’ਚ ਦਿਹਾਤੀ ਬਨਾਮ ਸ਼ਹਿਰੀ ਅਹੁਦੇਦਾਰੀ ਦਾ ਪੇਚ ਵੀ ਭਾਜਪਾ ਲਈ ਸਿਰਦਰਦ ਬਣਿਆ ਹੋਇਆ ਹੈ। ਸੂਤਰਾਂ ਮੁਤਾਬਕ ਲੁਧਿਆਣਾ ਦਿਹਾਤੀ ਨਾਲ ਸਬੰਧਤ ਕੁਝ ਆਗੂ ਸ਼ਹਿਰੀ ਸੰਗਠਨ ’ਚ ਅਹਿਮ ਅਹੁਦਿਆਂ ਦੀ ਦੌੜ ’ਚ ਹਨ। ਇਸ ਮਸਲੇ ਨੂੰ ਲੈ ਕੇ ਪਹਿਲਾਂ ਵੀ ਹਾਈਕਮਾਂਡ ਵੱਲੋਂ ਸਖ਼ਤ ਰੁਖ ਅਪਣਾਏ ਜਾਣ ਦੀ ਚਰਚਾ ਰਹੀ ਹੈ ਪਰ ਅੰਦਰੂਨੀ ਰੇੜਕਾ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ।
ਪਾਰਟੀ ਅੰਦਰ ਚਰਚਾ ਹੈ ਕਿ ਜੇਕਰ ਟੀਮ ਬਣਾਉਣ ਸਮੇਂ ਪੁਰਾਣੇ ਵਰਕਰਾਂ, ਵੱਖ-ਵੱਖ ਧੜਿਆਂ ਅਤੇ ਸ਼ਹਿਰੀ-ਦਿਹਾਤੀ ਸੰਤੁਲਨ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਅਹੁਦਿਆਂ ਦੀ ਲੜਾਈ ਆਉਣ ਵਾਲੇ ਦਿਨਾਂ ’ਚ ਖੁੱਲ੍ਹੀ ਨਾਰਾਜ਼ਗੀ ਦਾ ਰੂਪ ਧਾਰ ਸਕਦੀ ਹੈ।
2027 ਤੋਂ ਪਹਿਲਾਂ ਸੰਗਠਨ ਦੀ ਪਰਖ
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਸ਼ਹਿਰ ’ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਇੱਕਜੁੱਟ ਸੰਗਠਨ ਦੀ ਲੋੜ ਹੈ। ਸ਼ਹਿਰ ਦੀਆਂ ਛੇ ਵਿਧਾਨ ਸਭਾ ਸੀਟਾਂ ’ਤੇ ਜ਼ਮੀਨੀ ਪੱਧਰ ਦੀ ਤਿਆਰੀ ਲਈ ਵਰਕਰਾਂ ਨੂੰ ਇੱਕ ਮੰਚ ’ਤੇ ਲਿਆਉਣਾ ਪਾਰਟੀ ਦੀ ਵੱਡੀ ਚੁਣੌਤੀ ਹੈ।
ਅਜਿਹੇ ’ਚ ਜੇਕਰ ਜ਼ਿਲ੍ਹਾ ਟੀਮ ਬਣਨ ਤੋਂ ਪਹਿਲਾਂ ਹੀ ਅਹੁਦਿਆਂ ਦੀ ਖਿੱਚੋਤਾਣ ਤੇ ਧੜੇਬੰਦੀ ਹਾਵੀ ਰਹੀ ਤਾਂ ਇਸ ਦਾ ਸਿੱਧਾ ਅਸਰ ਵਿਧਾਨ ਸਭਾ ਚੋਣ ਦੀ ਤਿਆਰੀ ’ਤੇ ਪੈਣ ਦਾ ਖਦਸ਼ਾ ਨਜਰ ਆ ਰਿਹਾ ਹੈ।
ਹੁਣ ਗੇਂਦ ਹਾਈਕਮਾਂਡ ਦੇ ਪਾਲੇ ’ਚ ਹੈ। ਦੇਖਣਾ ਇਹ ਹੋਵੇਗਾ ਕਿ ਹਾਈਕਮਾਂਡ ਅਹੁਦਿਆਂ ਲਈ ਚੱਲ ਰਹੀ ਅੰਦਰੂਨੀ ਜੰਗ ਨੂੰ ਖ਼ਤਮ ਕਰਕੇ ਸਾਰੇ ਧੜਿਆਂ ਨੂੰ ਇੱਕ ਛੱਤ ਹੇਠ ਲਿਆਉਂਦੀ ਹੈ ਜਾਂ ਫਿਰ ਜ਼ਿਲ੍ਹਾ ਟੀਮ ਦਾ ਐਲਾਨ ਹੀ ਭਾਜਪਾ ਦੀ ਅੰਦਰੂਨੀ ਖਿੱਚੋਤਾਣ ਦਾ ਸਭ ਤੋਂ ਵੱਡਾ ਸਬੂਤ ਬਣ ਕੇ ਰਹਿ ਜਾਂਦਾ ਹੈ।
ਭਾਜਪਾ ਦੇ ਨਵ ਨਿਯੁਕਤ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਨੀਲ ਮੋਦਗਿੱਲ ਨੂੰ ਜ਼ਿਲੇ ਦੀ ਟੀਮ ਦੇ ਗਠਨ ਵਿੱਚ ਹੋ ਰਹੀ ਦੇਰੀ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪਾਰਟੀ ਹਾਈਕਮਾਂਡ ਨਾਲ ਚਰਚਾ ਕੀਤੀ ਜਾ ਰਹੀ ਹੈ ਤੇ ਕੁਝ ਪਾਰਟੀ ਦੇ ਰੁਝੇਵਿਆਂ ਦੇ ਕਾਰਨ ਦੇਰ ਹੋ ਰਹੀ ਹੈ, ਜਲਦ ਹੀ ਜ਼ਿਲ੍ਹਾ ਕਮੇਟੀ ਦਾ ਗਠਨ ਕਰਕੇ ਐਲਾਨ ਕੀਤਾ ਜਾਵੇਗਾ।