- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ:ਨਸ਼ਾ ਮੁਕਤ ਪੰਜਾਬ ਯਾਤਰਾ ਦੀਆਂ ਸਟੇਜਾਂ ਤੋਂ ਬਿੱਟੂ ਦੀ ਦੂਰੀ ਬਣੀ ਚਰਚਾ ਦਾ ਵਿਸ਼ਾ

-ਭਾਜਪਾ ਦੇ ਪ੍ਰਚਾਰ ਦੀ ਬਜਾਏ ‘ਆਪ’ ਸੁਰਖ਼ੀਆਂ ’ਚ ਰਹਿਣ ਨੂੰ ਦੇ ਰਹੇ ਨੇ ਤਰਜੀਹ
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ
ਪੰਜਾਬ ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਇਨ੍ਹੀਂ ਦਿਨੀਂ ਸਿਆਸੀ ਚਰਚਾ ਦਾ ਕੇਂਦਰ ਬਣੀ ਹੋਈ ਹੈ। 18 ਸਤੰਬਰ ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਭਾਜਪਾ ਵੱਲੋਂ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਨੂੰ ਕਵਰ ਕਰਨ ਲਈ ਚਾਰ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਭਾਜਪਾ ਮੁਤਾਬਕ ਇਹ ਯਾਤਰਾਵਾਂ ਲਗਭਗ 4,000 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ। ਇਸੇ ਦੌਰਾਨ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਲੈ ਕੇ ਪਾਰਟੀ ਅੰਦਰ ਤੇ ਸਿਆਸੀ ਹਲਕਿਆਂ ’ਚ ਚਰਚਾ ਛਿੜੀ ਹੋਈ ਹੈ।
ਸਵਾਲ ਇਹ ਉੱਠ ਰਿਹਾ ਹੈ ਕਿ ਪਾਰਟੀ ਦੀਆਂ ਨਸ਼ਾ ਮੁਕਤ ਯਾਤਰਾਵਾਂ ਦੀਆਂ ਮੁੱਖ ਸਟੇਜਾਂ ’ਤੇ ਅਧਿਕਾਰਤ ਪ੍ਰਚਾਰ ਸਮੱਗਰੀ ਵਿੱਚ ਬਿੱਟੂ ਦੀ ਮੌਜੂਦਗੀ ਉਨੀ ਪ੍ਰਮੁੱਖ ਕਿਉਂ ਨਜ਼ਰ ਨਹੀਂ ਆ ਰਹੀ, ਜਿੰਨੀ ਉਨ੍ਹਾਂ ਦੀ ਸਿਆਸੀ ਸਰਗਰਮੀ ਦੇਖਣ ਨੂੰ ਮਿਲਦੀ ਹੈ ਪਰ ਬਿੱਟੂ ਬਾਰੇ ਇਹ ਗੱਲ ਆਖੀ ਜਾ ਰਹੀ ਹੈ ਕਿ ਉਹ ਪਾਰਟੀ ਲਈ ਪ੍ਰਚਾਰ ਕਰਨ ਦੀ ਬਜਾਏ ਆਪ ਸੁਰਖ਼ੀਆਂ ਵਿੱਚ ਰਹਿਣ ਨੂੰ ਜਿਆਦਾ ਤਰਜੀਹ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ 18 ਸਤੰਬਰ ਨੂੰ ਪਠਾਨਕੋਟ ਵਿਖੇ ਯਾਤਰਾ ਦੇ ਆਗਾਜ਼ ਮੌਕੇ ਬਿੱਟੂ ਦੀ ਮੌਜੂਦਗੀ ਨੂੰ ਲੈ ਕੇ ਵੱਡੀ ਘਟਨਾ ਵੀ ਸਾਹਮਣੇ ਆਈ। ਬਿੱਟੂ ਨੇ ਦੋਸ਼ ਲਾਇਆ ਕਿ ਪਠਾਨਕੋਟ ਜਾਂਦੇ ਸਮੇਂ ਉਨ੍ਹਾਂ ਦੇ ਕਾਫ਼ਲੇ ’ਤੇ ਹਮਲਾ ਹੋਇਆ, ਉਸ ਸਮੇਂ ਰਵਨੀਤ ਬਿੱਟੂ ਨੇ ਕਈ ਘੰਟੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਇਕ ਪਿੰਡ ਘਸੀਟਪੁਰ ਵਿਖੇ ਇਕ ਘਰ ’ਚ ਬੈਠ ਕੇ ਪੁਲਿਸ ਅਧਿਕਾਰੀਆਂ ਅਤੇ ਆਪ ਆਗੂਆਂ ਤੇ ਉਹਨਾਂ ਉੱਪਰ ਹਮਲਾ ਕਰਨ ਦੇ ਦੋਸ਼ ਲਗਾਏ ਸਨ।
ਉਸ ਘਟਨਾ ਦੇ ਦੂਜੇ ਦਿਨ ਲੁਧਿਆਣਾ ਵਿਖੇ ਕਿਸਾਨ ਮੇਲੇ ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਫਲੇ ਸਾਹਮਣੇ ਵੀ ਰਵਨੀਤ ਬਿੱਟੂ ਟਮਾਟਰ ਤੇ ਆਂਡੇ ਲੈ ਕੇ ਪਹੁੰਚੇ ਸਨ। ਭਾਵੇਂ ਉਸ ਦਿਨ ਭਾਜਪਾ ਦੀ ਦੂਜੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਰਵਾਨਾ ਕੀਤੀ। ਇਸ ਪ੍ਰੋਗਰਾਮ ਦੀਆਂ ਰਿਪੋਰਟਾਂ ਵਿੱਚ ਵੀ ਪਾਰਟੀ ਦੇ ਹੋਰ ਆਗੂਆਂ ਅਤੇ ਯਾਤਰਾ ਦੀ ਰਾਜ ਪੱਧਰੀ ਲੀਡਰਸ਼ਿਪ ਨੂੰ ਪ੍ਰਮੁੱਖਤਾ ਦਿੱਤੀ ਗਈ। ਪਰ ਉਸ ਸਮੇਂ ਵੀ ਬਿੱਟੂ ਗਾਇਬ ਸਨ! ਜਦੋਂਕਿ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਰਵਨੀਤ ਬਿੱਟੂ ਦਾ ਜੱਦੀ ਹਲਕਾ ਕਿਹਾ ਜਾ ਸਕਦਾ ਹੈ, ਕਿਉਂਕਿ ਰਵਨੀਤ ਸਿੰਘ ਬਿੱਟੂ ਦਾ ਆਪਣਾ ਪਿੰਡ ਕੋਟਲੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਪਾਇਲ ਅਧੀਨ ਆਉਂਦਾ, ਜਦਕਿ ਵਿਧਾਨ ਸਭਾ ਹਲਕਾ ਸਮਰਾਲਾ ਜਿਸ ਵਿੱਚ ਇਹ ਨਸ਼ਾ ਮੁਕਤ ਯਾਤਰਾ ਗਈ ਉਸੇ ਹਲਕੇ ਵਿੱਚ ਰਵਨੀਤ ਸਿੰਘ ਬਿੱਟੂ ਤਾਂ ਨਾਨਕਾ ਪਿੰਡ ਆਉਂਦਾ ਹੈ। ਇਸ ਯਾਤਰਾ ’ਚ ਵੀ ਬਿੱਟੂ ਕਿਤੇ ਨਜ਼ਰ ਨਹੀਂ ਆਏ, ਜਿਸ ਦੀ ਸਿਆਸੀ ਹਲਕਿਆਂ ਦੇ ਵਿੱਚ ਪੂਰੀ ਤਰ੍ਹਾਂ ਚਰਚਾ ਹੋ ਰਹੀ ਹੈ ਕੀ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਇਨਾ ਰੈਲੀਆਂ ਨੂੰ ਸਿਆਸੀ ਪ੍ਰੋਗਰਾਮ ਦੀ ਥਾਂ ‘ਲੋਕ ਮੁਹਿੰਮ’ ਦੱਸਿਆ ਹੈ। ਅਜਿਹੇ ਵਿੱਚ ਸਿਆਸੀ ਹਲਕਿਆਂ ਦੀ ਨਜ਼ਰ ਇਸ ਗੱਲ ’ਤੇ ਵੀ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਮੁਹਿੰਮ ਦੀਆਂ ਸਟੇਜਾਂ ਉੱਪਰ ਰਵਨੀਤ ਬਿੱਟੂ ਨੂੰ ਥਾਂ ਮਿਲਦੀ ਹੈ ਜਾ ਨਹੀਂ।
-ਬਾਕਸ-
-ਭਾਜਪਾ ਬਿੱਟੂ ਦੀ ਬੇਤੁਕੀ ਬਿਆਨਬਾਜ਼ੀ ਤੋਂ ਖਫ਼ਾ ਤਾਂ ਨਹੀ?
ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਕਸਰ ਆਪਣੀ ਬਿਆਨਬਾਜ਼ੀ ਕਰਕੇ ਚਰਚਾ ਦੇ ਵਿੱਚ ਰਹਿੰਦੇ ਹਨ ਅਤੇ ਕਈ ਵਾਰ ਬਿੱਟੂ ਦੇ ਬਿਆਨਾਂ ’ਤੇ ਵਿਵਾਦ ਵੀ ਹੋ ਜਾਂਦਾ ਹੈ, ਜਿਸ ਤੋਂ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਹੈ ਕਿ ਕਿਤੇ ਭਾਜਪਾ ਰਵਨੀਤ ਬਿੱਟੂ ਦੀ ਬੇਤੁਕੀ ਬਿਆਨਬਾਜ਼ੀ ਤੋਂ ਖਫਾ ਤਾਂ ਨਹੀਂ?