ਕੋਈ ਖੁੱਲ੍ਹੇ ’ਚ ਸੁੱਟ ਗਿਆ ਬਾਇਓਮੈਡੀਕਲ ਕੂੜਾ
ਖੁੱਲ੍ਹੇ ਵਿੱਚ ਸੁੱਟਿਆ ਗਿਆ ਬਾਇਓਮੈਡੀਕਲ ਕੂੜਾ, ਲੋਕਾਂ ਦੀ ਸਿਹਤ ਲਈ ਖ਼ਤਰਾ
Publish Date: Sun, 31 May 2026 09:59 PM (IST)
Updated Date: Mon, 01 Jun 2026 04:15 AM (IST)

ਆਰਟੀਆਈ ਐਕਟੀਵਿਸਟ ਦੀ ਸ਼ਿਕਾਇਤ ਤੇ ਪੀਪੀਸੀਬੀ ਆਇਆ ਹਰਕਤ ਵਿੱਚ --- ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਸ਼ਹਿਰ ਦੇ ਪੌਸ ਇਲਾਕੇ ਮਾਡਲ ਟਾਊਨ ਵਿੱਚ ਖੁੱਲ੍ਹੇ ’ਚ ਬਾਇਓਮੈਡੀਕਲ ਕੂੜਾ ਸੁੱਟੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ। ਇਸ ਮਾਮਲੇ ਜਾਣਕਾਰੀ ਮਿਲਦੇ ਹੀ ਆਰਟੀਆਈ ਐਕਟੀਵਿਸਟ ਅਰਵਿੰਦ ਸ਼ਰਮਾ ਨੇ ਤੁਰੰਤ ਇਸ ਦੀ ਲਿਖਤੀ ਸ਼ਿਕਾਇਤ ਸਿਵਲ ਸਰਜਨ ਲੁਧਿਆਣਾ ਨੂੰ ਕੀਤੀ ਅਤੇ ਤੁਰੰਤ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਮਾਮਲੇ ਸਬੰਧੀ ਆਰਟੀਆਈ ਐਕਟੀਵਿਸਟ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 10:30 ਵਜੇ ਜਦੋਂ ਉਹ ਲਾਇਲਪੁਰ ਸਵੀਟਸ ਤੋਂ ਸ਼ਰਮਾ ਹਲਵਾਈ ਚੌਂਕ ਵੱਲ ਜਾ ਰਹੇ ਸਨ ਤਾਂ ਮਿੰਟ ਗੁਮਰੀ ਚੌਂਕ ਨੇੜੇ ਮਹਾਰਾਸ਼ਟਰ ਬੈਂਕ ਦੇ ਕੋਲ ਅਤੇ ਬਿੰਦਰਾ ਮੋਟਰਜ਼ ਦੇ ਸਾਹਮਣੇ ਇੱਕ ਬਿਜਲੀ ਦੇ ਖੰਭੇ ਕੋਲ ਵੱਡੀ ਮਾਤਰਾ ਵਿੱਚ ਬਾਇਓਮੈਡੀਕਲ ਕੂੜਾ ਖੁੱਲ੍ਹੇ ਵਿੱਚ ਪਿਆ ਦੇਖਿਆ। ਉਨ੍ਹਾਂ ਦੇ ਅਨੁਸਾਰ ਕੂੜੇ ਵਿੱਚ ਵਰਤੀਆਂ ਹੋਈਆਂ ਸਿਰਿੰਜਾਂ, ਇੰਜੈਕਸ਼ਨਾਂ ਦੀਆਂ ਸੂਈਆਂ, ਦਵਾਈਆਂ ਦੀਆਂ ਸ਼ੀਸ਼ੀਆਂ, ਖੂਨ ਨਾਲ ਲਿਬੜੇ ਦਸਤਾਨੇ ਅਤੇ ਹੋਰ ਸੰਕਰਮਣ ਫੈਲਾਉਣ ਵਾਲੀ ਚਿਕਿਤਸਕ ਸਮੱਗਰੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਬਾਇਓਮੈਡੀਕਲ ਕੂੜੇ ਨੂੰ ਇਸ ਤਰ੍ਹਾਂ ਖੁੱਲ੍ਹੇ ਵਿੱਚ ਸੁੱਟਣਾ ਨਾ ਸਿਰਫ਼ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਨਿਯਮਾਂ ਦੀ ਉਲੰਘਣਾ ਹੈ, ਸਗੋਂ ਇਹ ਜਨ ਸਿਹਤ ਲਈ ਵੀ ਵੱਡਾ ਖ਼ਤਰਾ ਬਣ ਸਕਦਾ ਹੈ। ਖ਼ਾਸ ਕਰਕੇ ਸਫਾਈ ਕਰਮਚਾਰੀਆਂ, ਰਾਹਗੀਰਾਂ ਅਤੇ ਬੱਚਿਆਂ ਨੂੰ ਇਸ ਨਾਲ ਗੰਭੀਰ ਸੰਕਰਮਣ ਜਾਂ ਸੱਟ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਵਰਤੀਆਂ ਹੋਈਆਂ ਸੂਈਆਂ ਅਤੇ ਖੂਨ ਨਾਲ ਸੰਪਰਕ ਵਿੱਚ ਆਈ ਸਮੱਗਰੀ ਕਈ ਖ਼ਤਰਨਾਕ ਬਿਮਾਰੀਆਂ ਦੇ ਫੈਲਾਅ ਦਾ ਕਾਰਨ ਬਣ ਸਕਦੀ ਹੈ। ਅਰਵਿੰਦ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਬਣਾਈਆਂ ਹਨ, ਜਿਨ੍ਹਾਂ ਨੂੰ ਸ਼ਿਕਾਇਤ ਦੇ ਨਾਲ ਸਬੰਧਤ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਕੂੜੇ ਨੂੰ ਤੁਰੰਤ ਹਟਾ ਕੇ ਵਿਗਿਆਨਕ ਅਤੇ ਸੁਰੱਖਿਅਤ ਢੰਗ ਨਾਲ ਨਿਪਟਾਇਆ ਜਾਵੇ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਕਰਕੇ ਇਹ ਪਤਾ ਲਗਾਇਆ ਜਾਵੇ ਕਿ ਇਹ ਕੂੜਾ ਕਿਸ ਸੰਸਥਾ ਜਾਂ ਵਿਅਕਤੀ ਵੱਲੋਂ ਇੱਥੇ ਸੁੱਟਿਆ ਗਿਆ ਅਤੇ ਦੋਸ਼ੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੀ ਸ਼ਿਕਾਇਤ ਦੀ ਪ੍ਰਤੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਮੁੱਖ ਇੰਜੀਨੀਅਰ ਆਰਕੇ ਰੱਤੜਾ ਨੂੰ ਵੀ ਭੇਜੀ ਗਈ ਹੈ। ਸਮਾਜਿਕ ਕਾਰਕੁਨ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਨ ਸਿਹਤ ਨਾਲ ਜੁੜੇ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਤੁਰੰਤ ਦਖ਼ਲ ਦੇ ਕੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੀਪੀਸੀਬੀ ਦੇ ਮੁੱਖ ਇੰਜੀਨੀਅਰ ਆਰਕੇ ਰੱਤੜਾ ਨੇ ਤੁਰੰਤ ਮੌਕੇ ਤੇ ਚੈਕਿੰਗ ਲਈ ਟੀਮ ਭੇਜਣ ਦੇ ਨਾਲ ਨਾਲ ਬਾਇਓਮੈਡੀਕਲ ਕੂੜਾ ਚੁੱਕਣ ਲਈ ਵਿਸ਼ੇਸ਼ ਗੱਡੀ ਭੇਜੀ। ਇਸ ਦੌਰਾਨ ਪੀਪੀਸੀਬੀ ਦੀ ਟੀਮ ਵੱਲੋਂ ਮੌਕੇ ਤੇ ਬਾਇਓਮੈਡੀਕਲ ਕੂੜੇ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮੌਕੇ ਤੋਂ ਚੁਕਵਾਇਆ ਗਿਆ।