ਸਿੱਖਿਆ ਵਿਭਾਗ 'ਚ ਵੱਡਾ ਫੇਰਬਦਲ: 14 ਲੈਕਚਰਾਰਾਂ ਦੀ ਤਰੱਕੀ ਰੱਦ, ਲੁਧਿਆਣਾ ਦੇ 10 ਅਧਿਆਪਕਾਂ 'ਤੇ ਡਿੱਗੀ ਗਾਜ; ਜਾਣੋ ਕਿਉਂ ਲਿਆ ਗਿਆ ਇਹ ਸਖ਼ਤ ਫੈਸਲਾ?
ਪੰਜਾਬ ਸਿੱਖਿਆ ਵਿਭਾਗ ਵਿੱਚ ਸੀਨੀਅਰਟੀ ਸੂਚੀ ਨੂੰ ਲੈ ਕੇ ਚੱਲ ਰਿਹਾ ਲੰਬਾ ਵਿਵਾਦ ਹੁਣ ਇੱਕ ਵੱਡੇ ਫੈਸਲੇ ਵਿੱਚ ਬਦਲ ਗਿਆ ਹੈ। ਡਾਇਰੈਕਟੋਰੇਟ ਸਕੂਲ ਐਜੂਕੇਸ਼ਨ (ਸੈਕੰਡਰੀ) ਨੇ ਸਾਲ 2019 ਦੀ ਲੈਕਚਰਾਰ ਸੀਨੀਅਰਟੀ ਸੂਚੀ ਵਿੱਚ ਖਾਮੀਆਂ ਪਾਏ ਜਾਣ ਤੋਂ ਬਾਅਦ 14 ਲੈਕਚਰਾਰਾਂ ਨੂੰ ਡਿਮੋਟ (ਪਦ-ਘਟਾਉਣ) ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ 14 ਵਿੱਚੋਂ 10 ਲੈਕਚਰਾਰ ਇਕੱਲੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ।
Publish Date: Tue, 21 Apr 2026 09:11 AM (IST)
Updated Date: Tue, 21 Apr 2026 09:12 AM (IST)
ਰਵੀ, ਪੰਜਾਬੀ ਜਾਗਰਣ, ਲੁਧਿਆਣਾ- ਪੰਜਾਬ ਸਿੱਖਿਆ ਵਿਭਾਗ ਵਿੱਚ ਸੀਨੀਅਰਟੀ ਸੂਚੀ ਨੂੰ ਲੈ ਕੇ ਚੱਲ ਰਿਹਾ ਲੰਬਾ ਵਿਵਾਦ ਹੁਣ ਇੱਕ ਵੱਡੇ ਫੈਸਲੇ ਵਿੱਚ ਬਦਲ ਗਿਆ ਹੈ। ਡਾਇਰੈਕਟੋਰੇਟ ਸਕੂਲ ਐਜੂਕੇਸ਼ਨ (ਸੈਕੰਡਰੀ) ਨੇ ਸਾਲ 2019 ਦੀ ਲੈਕਚਰਾਰ ਸੀਨੀਅਰਟੀ ਸੂਚੀ ਵਿੱਚ ਖਾਮੀਆਂ ਪਾਏ ਜਾਣ ਤੋਂ ਬਾਅਦ 14 ਲੈਕਚਰਾਰਾਂ ਨੂੰ ਡਿਮੋਟ (ਪਦ-ਘਟਾਉਣ) ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ 14 ਵਿੱਚੋਂ 10 ਲੈਕਚਰਾਰ ਇਕੱਲੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ।
ਕਿਉਂ ਲਿਆ ਗਿਆ ਇਹ ਸਖ਼ਤ ਫੈਸਲਾ?
ਵਿਭਾਗ ਅਨੁਸਾਰ, 28 ਅਪ੍ਰੈਲ 2019 ਨੂੰ ਤਿਆਰ ਕੀਤੀ ਗਈ ਸੂਚੀ ਵਿੱਚ ਕਈ ਤਕਨੀਕੀ ਗਲਤੀਆਂ ਸਨ। ਸਾਲ 2023 ਅਤੇ 2024 ਦੌਰਾਨ ਕਈ ਅਧਿਆਪਕਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਅਤੇ ਅਪਤੀਆਂ ਦੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ:
ਕੁਝ ਅਧਿਆਪਕਾਂ ਦੀ ਤਰੱਕੀ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ ਸੀ।
ਦਸਤਾਵੇਜ਼ਾਂ ਦੀ ਜਾਂਚ ਦੌਰਾਨ ਕਈ ਲੈਕਚਰਾਰ ਤਰੱਕੀ ਲਈ ਨਿਰਧਾਰਿਤ ਯੋਗਤਾ ਪੂਰੀ ਨਹੀਂ ਕਰਦੇ ਸਨ।
ਵਿਭਾਗ ਹੁਣ 2008 ਤੋਂ 2024 ਤੱਕ ਦੇ ਰਿਕਾਰਡ ਦੇ ਆਧਾਰ 'ਤੇ ਇੱਕ ਨਵੀਂ ਪਾਰਦਰਸ਼ੀ ਸੀਨੀਅਰਟੀ ਸੂਚੀ ਤਿਆਰ ਕਰੇਗਾ।
ਪ੍ਰਭਾਵਿਤ ਅਧਿਆਪਕਾਂ ਨੂੰ ਮਿਲਿਆ ਸੁਣਵਾਈ ਦਾ ਮੌਕਾ
ਵਿਭਾਗ ਨੇ ਲੋਕਤੰਤਰਿਕ ਪ੍ਰਕਿਰਿਆ ਦਾ ਪਾਲਣ ਕਰਦਿਆਂ ਪ੍ਰਭਾਵਿਤ ਅਧਿਆਪਕਾਂ ਨੂੰ ਆਪਣਾ ਪੱਖ ਰੱਖਣ ਲਈ 20 ਅਪ੍ਰੈਲ 2026 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦਾ ਸਮਾਂ ਦਿੱਤਾ ਹੈ। ਹੁਕਮਾਂ ਵਿੱਚ ਸਪਸ਼ਟ ਹੈ ਕਿ ਜੇਕਰ ਕੋਈ ਹਾਜ਼ਰ ਨਹੀਂ ਹੁੰਦਾ, ਤਾਂ ਵਿਭਾਗ ਮੌਜੂਦ ਰਿਕਾਰਡ ਦੇ ਆਧਾਰ 'ਤੇ ਇਕਪੱਖੀ ਫੈਸਲਾ ਸੁਣਾ ਦੇਵੇਗਾ।
ਲੁਧਿਆਣਾ ਦੇ ਸਕੂਲਾਂ ਵਿੱਚ ਮਚੀ ਹਲਚਲ
ਲੁਧਿਆਣਾ ਦੇ 10 ਲੈਕਚਰਾਰਾਂ ਦੇ ਨਾਮ ਸੂਚੀ ਵਿੱਚ ਹੋਣ ਕਾਰਨ ਜ਼ਿਲ੍ਹੇ ਦੇ ਸਿੱਖਿਆ ਹਲਕਿਆਂ ਵਿੱਚ ਚਿੰਤਾ ਅਤੇ ਚਰਚਾ ਦਾ ਮਾਹੌਲ ਹੈ। ਜਿੱਥੇ ਵਿਭਾਗ ਇਸ ਨੂੰ ਪਾਰਦਰਸ਼ਤਾ ਵੱਲ ਚੁੱਕਿਆ ਕਦਮ ਦੱਸ ਰਿਹਾ ਹੈ, ਉੱਥੇ ਹੀ ਪ੍ਰਭਾਵਿਤ ਅਧਿਆਪਕ ਹੁਣ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਕਰ ਰਹੇ ਹਨ।
ਪ੍ਰਭਾਵਿਤ ਲੈਕਚਰਾਰਾਂ ਦੇ ਨਾਮ: ਜਸਵੀਰ ਕੌਰ, ਮਨਜੀਤ ਕੌਰ, ਜਗਰੂਪ ਸਿੰਘ, ਪਰਮਿੰਦਰ ਸਿੰਘ, ਅਜੀਤਪਾਲ ਸਿੰਘ, ਰਵਿੰਦਰ ਸਿੰਘ, ਹਰਮੀਤ ਸਿੰਘ ਵਾਲੀਆ, ਰਣਜੀਤ ਸਿੰਘ, ਗੁਰਦੀਪ ਸਿੰਘ, ਅਮਨਦੀਪ ਕੌਰ, ਰਾਜਿੰਦਰ ਸਿੰਘ, ਬਲਵਿੰਦਰ ਸਿੰਘ, ਰਾਜੇਸ਼ ਕੁਮਾਰ ਅਤੇ ਭੂਪਿੰਦਰ ਸਿੰਘ।