ਜਗਰਾਓਂ ਤੋਂ ਜਿੱਤ ਦੀ ‘ਹੈਟ੍ਰਿਕ’ ਲਈ ਬੀਬੀ ਮਾਣੂੰਕੇ ਨੂੰ ਉਤਾਰਿਆ ਚੋਣ ਮੈਦਾਨ ’ਚ ਜਗਰਾਓਂ ਤੋਂ ਜਿੱਤ ਦੀ ‘ਹੈਟ੍ਰਿਕ’ ਲਈ ਬੀਬੀ ਮਾਣੂੰਕੇ ਨੂੰ ਉਤਾਰਿਆ ਚੋਣ ਮੈਦਾਨ ਵਿਚ
Publish Date: Thu, 12 Nov 2026 07:07 PM (IST)
Updated Date: Thu, 12 Nov 2026 07:09 PM (IST)
-- ਲਗਾਤਾਰ ਦੋ ਵਾਰ ਜਿੱਤਦੇ ਆ ਰਹੇ ਹਨ ਵਿਧਾਇਕਾ ਮਾਣੂੰਕੇ -- ਟਿਕਟ ਦੇ ਐਲਾਨ ਨਾਲ ਪਾਰਟੀ ਦੇ ਹੀ ਵਿਰੋਧੀ ਖੇਮੇ ਨੂੰ ਵੱਡੀ ਸੱਟ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਆਮ ਆਦਮੀ ਪਾਰਟੀ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਜਾਰੀ ਕੀਤੀ ਦੂਜੀ ਸੂਚੀ ’ਚ ਜਗਰਾਓਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਜਿੱਤ ਦੀ ਹੈਟ੍ਰਿਕ ਲਗਾਉਣ ਲਈ ਤੀਜੀ ਵਾਰ ਚੋਣ ਮੈਦਾਨ ’ਚ ਉਤਾਰਿਆ। ਹਾਲਾਂਕਿ ਤੀਜੀ ਵਾਰ ਵੀ ਕਿਸਮਤ ਉਨ੍ਹਾਂ ਦਾ ਸਾਥ ਦਿੰਦੀ ਹੈ ਜਾਂ ਨਹੀਂ, ਇਹ ਤਾਂ ਸਮਾਂ ਦੱਸੇਗਾ ਪਰ ਉਨ੍ਹਾਂ ਦੀ ਟਿਕਟ ਦੇ ਐਲਾਨ ਨਾਲ ਉਨ੍ਹਾਂ ਦੇ ਪਾਰਟੀ ਦੇ ਹੀ ਵਿਰੋਧੀ ਖੇਮੇ ਨੂੰ ਵੱਡੀ ਸੱਟ ਲੱਗੀ ਹੈ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਲਗਾਤਾਰ ਦੋ ਵਾਰ ਚੋਣ ਲੜੇ ਤੇ ਜਿੱਤੇ। ਸਾਲ 2017 ਦੀਆਂ ਚੋਣਾਂ ’ਚ ਵਿਧਾਇਕਾ ਮਾਣੂੰਕੇ ਨੂੰ 61,521 ਵੋਟਾਂ ਪਈਆਂ, ਜਿਸ ਨਾਲ ਉਨ੍ਹਾਂ ਆਪਣੇ ਵਿਰੋਧੀ ਕਾਂਗਰਸ ਦੇ ਮਲਕੀਤ ਸਿੰਘ ਦਾਖਾ ਨੂੰ 25,576 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ’ਚ ਦਾਖਾ ਨੂੰ 35,945 ਵੋਟਾਂ ਪਈਆਂ, ਜਦਕਿ ਅਕਾਲੀ ਦਲ ਦੇ ਅਮਰਜੀਤ ਸਾਹੋਕੇ ਨੂੰ 33,295 ਵੋਟਾਂ ਪਈਆਂ ਸਨ। ਇਸੇ ਤਰ੍ਹਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਮੁੜ ਵਿਧਾਇਕਾ ਮਾਣੂੰਕੇ ਨੂੰ ਹੀ ਉਮੀਦਵਾਰ ਐਲਾਨਿਆ ਗਿਆ। ਇਹ ਚੋਣ ਵੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਸ਼ਾਨ ਨਾਲ ਜਿੱਤੀ। ਉਨ੍ਹਾਂ ਇਸ ਵਾਰ ਜਿੱਤ ਦਾ ਪੁਰਾਣਾ ਰਿਕਾਰਡ ਤੋੜਦਿਆਂ 39,656 ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤੀ ਸੀ। ਉਨ੍ਹਾਂ ਨੂੰ ਇਸ ਚੋਣ ’ਚ ਕੁੱਲ 65,195 ਵੋਟਾਂ ਪਈਆਂ ਸਨ। ਉਨ੍ਹਾਂ ਦੇ ਮੁਕਾਬਲੇ ਅਕਾਲੀ ਦਲ ਦੇ ਸ਼ਿਵ ਰਾਮ ਕਲੇਰ ਨੂੰ 25,539, ਕਾਂਗਰਸ ਦੇ ਜਗਤਾਰ ਸਿੰਘ ਹਿੱਸੋਵਾਲ ਨੂੰ 20,878 ਤੇ ਭਾਜਪਾ ਦੇ ਕੰਵਰ ਨਰਿੰਦਰ ਸਿੰਘ ਨੂੰ 4476 ਵੋਟਾਂ ਪਈਆਂ ਸਨ।