ਨੰਗੀ ਤਾਰ ਬਣੀ ਕਾਲ: ਕਰੰਟ ਲੱਗਣ ਨਾਲ ਨੌਜਵਾਨ ਦੀ ਦਰਦਨਾਕ ਮੌਤ, ਪਲਾਂਟ ਪ੍ਰਬੰਧਕਾਂ ਖ਼ਿਲਾਫ਼ ਪਰਚਾ ਦਰਜ
ਡੇਹਲੋਂ ਇਲਾਕੇ ਦੇ ਇਕ ਆਰਐੱਸਸੀ ਪਲਾਂਟ ’ਚ ਸੁਰੱਖਿਆ ਪ੍ਰਬੰਧਾਂ ’ਚ ਕਥਿਤ ਲਾਪਰਵਾਹੀ ਇੱਕ ਨੌਜਵਾਨ ਹੈਲਪਰ ਲਈ ਜਾਨਲੇਵਾ ਸਾਬਤ ਹੋਈ। ਮਿਕਸਰ ਮਸ਼ੀਨ ਦੀ ਸਫ਼ਾਈ ਦੌਰਾਨ ਨੰਗੀ ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਹਾਦਸੇ ਲਈ ਪਲਾਂਟ ਪ੍ਰਬੰਧਕਾਂ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਤੋਂ ਬਾਅਦ ਡੇਹਲੋਂ ਪੁਲਿਸ ਨੇ ਪਲਾਂਟ ਮੈਨੇਜਮੈਂਟ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Fri, 24 Jul 2026 11:18 AM (IST)
Updated Date: Fri, 24 Jul 2026 11:22 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਡੇਹਲੋਂ ਇਲਾਕੇ ਦੇ ਇਕ ਆਰਐੱਸਸੀ ਪਲਾਂਟ ’ਚ ਸੁਰੱਖਿਆ ਪ੍ਰਬੰਧਾਂ ’ਚ ਕਥਿਤ ਲਾਪਰਵਾਹੀ ਇੱਕ ਨੌਜਵਾਨ ਹੈਲਪਰ ਲਈ ਜਾਨਲੇਵਾ ਸਾਬਤ ਹੋਈ। ਮਿਕਸਰ ਮਸ਼ੀਨ ਦੀ ਸਫ਼ਾਈ ਦੌਰਾਨ ਨੰਗੀ ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਹਾਦਸੇ ਲਈ ਪਲਾਂਟ ਪ੍ਰਬੰਧਕਾਂ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਤੋਂ ਬਾਅਦ ਡੇਹਲੋਂ ਪੁਲਿਸ ਨੇ ਪਲਾਂਟ ਮੈਨੇਜਮੈਂਟ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਜੰਮੂ ਕਸ਼ਮੀਰ ਦੇ ਵਾਸੀ ਰਿਆਜ਼ ਅਹਿਮਦ ਨੇ ਦੱਸਿਆ ਕਿ ਉਸ ਦਾ ਭਤੀਜਾ ਮੁਹੰਮਦ ਇਰਫਾਨ ਸਾਹਨੇਵਾਲ ਰੋਡ ਸਥਿਤ ਪਿੰਡ ਪੱਦੀ ’ਚ ਸੋਮਿਆ ਇਨਫਰਾਕੋਨ ਪ੍ਰਾਈਵੇਟ ਲਿਮਿਟਡ ਦੇ ਆਰਐੱਸਸੀ ਪਲਾਂਟ ’ਚ ਹੈਲਪਰ ਵਜੋਂ ਕੰਮ ਕਰਦਾ ਸੀ।
ਸ਼ਿਕਾਇਤ ਮੁਤਾਬਕ ਮੁਹੰਮਦ ਇਰਫਾਨ ਮਿਕਸਰ ਮਸ਼ੀਨ ਦੇ ਹੌਪਰ ਦੀ ਸਫ਼ਾਈ ਕਰ ਰਿਹਾ ਸੀ। ਇਸ ਦੌਰਾਨ ਮਸ਼ੀਨ ਨਾਲ ਜੁੜੀ ਬਿਜਲੀ ਦੀ ਇੱਕ ਤਾਰ ਨੰਗੀ ਹੋਣ ਕਾਰਨ ਉਸ ਨੂੰ ਅਚਾਨਕ ਕਰੰਟ ਲੱਗ ਗਿਆ। ਕਰੰਟ ਲੱਗਣ ਨਾਲ ਉਹ ਮਿਕਸਰ ਦੇ ਅੰਦਰ ਡਿੱਗ ਪਿਆ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਉਸ ਨੂੰ ਤੁਰੰਤ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਡੇਹਲੋਂ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਪਲਾਂਟ ’ਚ ਬਿਜਲੀ ਦੀਆਂ ਤਾਰਾਂ ਅਤੇ ਮਸ਼ੀਨਰੀ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਜਾ ਰਹੀ ਸੀ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਵੀ ਨਹੀਂ ਸਨ। ਜੇਕਰ ਨੰਗੀ ਬਿਜਲੀ ਦੀ ਤਾਰ ਨੂੰ ਸਮੇਂ ਸਿਰ ਠੀਕ ਕੀਤਾ ਜਾਂਦਾ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਹੁੰਦੀ ਤਾਂ ਇਹ ਹਾਦਸਾ ਟਲ ਸਕਦਾ ਸੀ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਪਲਾਂਟ ਮੈਨੇਜਮੈਂਟ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 106(1) ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।