- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਂਕ ਮੁਲਾਜ਼ਮਾਂ ਵੱਲੋਂ 5 ਦਿਨਾਂ ਦੀ ਬੈਂਕਿੰਗ ਵਿਵਸਥਾ ਤੇ ਹੋਰ ਮੰਗਾਂ ਦੇ ਸਮਰਥਨ ’ਚ ਰੋਸ ਪ੍ਰਦਰਸ਼ਨ

-ਮੰਗਾਂ ਮਨਾਉਣ ਲਈ ਸੰਘਰਸ਼ ਤੇਜ਼ ਕਰਨ ਦਾ ਕੀਤਾ ਐਲਾਨ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
5 ਦਿਨਾਂ ਦੀ ਬੈਂਕਿੰਗ ਵਿਵਸਥਾ ਤੇ ਹੋਰ ਮੰਗਾਂ ਦੇ ਸਮਰਥਨ ’ਚ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂਐਫ਼ਬੀਯੂ) ਵੱਲੋਂ ਦਿੱਤੇ ਗਏ ਸੱਦੇ ’ਤੇ ਯੂਐੱਫਬੀਯੂ ਲੁਧਿਆਣਾ ਵੱਲੋਂ ਸਟੇਟ ਬੈਂਕ ਆਫ਼ ਇੰਡੀਆ, ਫੁਹਾਰਾ ਚੌਂਕ, ਸਿਵਲ ਲਾਈਨਜ਼, ਲੁਧਿਆਣਾ ਦੇ ਸਾਹਮਣੇ ਇੱਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਰੋਸ ਮੁਜ਼ਾਹਰੇ ਨੂੰ ਕਾਮਰੇਡ ਨਰੇਸ਼ ਗੌੜ ਕਨਵੀਨਰ ਯੂਐਫ਼ਬੀਯੂ, ਕਾਮਰੇਡ ਪਵਨ ਠਾਕੁਰ, ਪ੍ਰਧਾਨ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ (ਪੀਬੀਈਐਫ਼, ਏਆਈਬੀਈਏ) ਲੁਧਿਆਣਾ, ਕਾਮਰੇਡ ਰਾਜੇਸ਼ ਵਰਮਾ, ਕਾਮਰੇਡ ਨਰਿੰਦਰ ਕੁਮਾਰ, ਕਾਮਰੇਡ ਸੰਦੀਪ ਸਿੰਘ ਏਆਈਬੀਓਸੀ, ਕਾਮਰੇਡ ਪਵਨ ਸੁਮਨ, ਕਾਮਰੇਡ ਗੁਰਮੀਤ ਸਿੰਘ ਤੇ ਕਾਮਰੇਡ ਰੋਹਿਤ ਨੇ ਸੰਬੋਧਨ ਕੀਤਾ।
ਕਾਮਰੇਡ ਗੌੜ ਨੇ ਦੱਸਿਆ ਕਿ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਵੱਲੋਂ ਬੈਂਕਿੰਗ ਖੇਤਰ ਵਿੱਚ ਹਫ਼ਤੇ ’ਚ 5 ਦਿਨ ਕੰਮ ਲਾਗੂ ਕਰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਸਾਲ 2015 ਵਿੱਚ ਹੋਏ 10ਵੇਂ ਬਾਈਪਾਰਟਾਈਟ ਸੈਟਲਮੈਂਟ/7ਵੇਂ ਜੁਆਇੰਟ ਨੋਟ ਵਿੱਚ ਇੰਡੀਆਨ ਬੈਂਕਸ ਐਸੋਸੀਏਸ਼ਨ (ਆਈਬੀਏ) ਅਤੇ ਸਰਕਾਰ ਵੱਲੋਂ ਇਸ ’ਤੇ ਸਹਿਮਤੀ ਦਿੱਤੀ ਗਈ ਸੀ। ਇਸ ਦੇ ਤਹਿਤ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਐਲਾਨਿਆ ਗਿਆ ਹੈ, ਜਦਕਿ ਬਾਕੀ ਸ਼ਨੀਵਾਰਾਂ ਨੂੰ ਅੱਧੇ ਦਿਨ ਦੀ ਬਜਾਏ ਪੂਰਾ ਕਾਰਜ ਦਿਵਸ ਰੱਖਿਆ ਗਿਆ। ਉਸ ਸਮੇਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਬਾਕੀ ਸਾਰੇ ਸ਼ਨੀਵਾਰਾਂ ਨੂੰ ਵੀ ਛੁੱਟੀ ਐਲਾਨਣ ਦੀ ਸਾਡੀ ਮੰਗ ’ਤੇ ਵਾਜਬ ਸਮੇਂ ’ਤੇ ਵਿਚਾਰ ਕੀਤਾ ਜਾਵੇਗਾ। ਪਰ ਅਫ਼ਸੋਸ ਦੀ ਗੱਲ ਹੈ ਕਿ ਇਹ ਮਾਮਲਾ ਲੰਬਿਤ ਹੀ ਰੱਖਿਆ ਗਿਆ। ਸਾਲ 2022 ਵਿੱਚ ਸਰਕਾਰ ਅਤੇ ਇੰਡੀਆਨ ਬੈਂਕਸ ਐਸੋਸੀਏਸ਼ਨ ਨੇ ਯੂਐੱਫਬੀਯੂ ਨਾਲ ਇਸ ਮਸਲੇ ’ਤੇ ਵਿਚਾਰ-ਵਟਾਂਦਰਾ ਕਰਨ ਲਈ ਸਹਿਮਤੀ ਦਿੱਤੀ, ਤਾਂ ਜੋ ਕੰਮ ਦੇ ਘੰਟਿਆਂ ਵਿੱਚ ਵਾਧਾ ਕਰਕੇ ਬਾਕੀ ਰਹਿੰਦੇ ਸ਼ਨੀਵਾਰਾਂ ਨੂੰ ਵੀ ਛੁੱਟੀ ਘੋਸ਼ਿਤ ਕੀਤਾ ਜਾ ਸਕੇ। ਸਾਲ 2023 ਵਿੱਚ ਹੋਈ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਸਹਿਮਤੀ ਬਣੀ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਕੰਮ ਦੇ ਸਮੇਂ ਵਿੱਚ 40 ਮਿੰਟ ਦਾ ਵਾਧਾ ਕੀਤਾ ਜਾਵੇਗਾ ਅਤੇ ਬਾਕੀ ਸਾਰੇ ਸ਼ਨੀਵਾਰਾਂ ਨੂੰ ਛੁੱਟੀ ਐਲਾਨੀ ਜਾਵੇ। ਇਸ ਸਬੰਧੀ ਸਰਕਾਰ ਨੂੰ ਵਿਧੀਵਤ ਸਿਫ਼ਾਰਸ਼ ਵੀ ਭੇਜੀ ਜਾ ਚੁੱਕੀ ਹੈ, ਪਰ ਬਦਕਿਸਮਤੀ ਨਾਲ ਪਿਛਲੇ ਦੋ ਸਾਲਾਂ ਤੋਂ ਇਹ ਮਾਮਲਾ ਸਰਕਾਰ ਦੀ ਮਨਜ਼ੂਰੀ ਲਈ ਲੰਬਿਤ ਪਿਆ ਹੋਇਆ ਹੈ। ਬੈਂਕ ਕਰਮਚਾਰੀ ਅਤੇ ਅਧਿਕਾਰੀ ਇਸ ਗੱਲ ਤੋਂ ਬਹੁਤ ਹੀ ਨਾਰਾਜ਼ ਤੇ ਦੁਖੀ ਹਨ ਕਿ ਸਿਰਫ਼ ਉਨ੍ਹਾਂ ਨਾਲ ਹੀ ਭੇਦਭਾਵ ਕੀਤਾ ਜਾ ਰਿਹਾ ਹੈ।