ਪਿੰਡ ਬਲੀਏਵਾਲ ਵੀ ਨਸ਼ਿਆਂ ਦੀ ਦਲਦਲ ’ਚ ਧਸਣ ਲੱਗਾ ਹਲਕਾ ਸਾਹਨੇਵਾਲ ਦੇ ਪਿੰਡ ਬਲੀਏਵਾਲ ਵੀ ਨਸ਼ਿਆਂ ਦੀ ਦਲਦਲ ਵਿਚ ਧਸਣ ਲੱਗਾ
Publish Date: Tue, 14 Jul 2026 08:57 PM (IST)
Updated Date: Wed, 15 Jul 2026 04:13 AM (IST)
ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਨਿਹੰਗ ਜਥੇਬੰਦੀਆਂ ਨੇ ਖੋਲਿ੍ਹਆ ਮੋਰਚਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਹਲਕਾ ਸਾਹਨੇਵਾਲ ਦਾ ਪਿੰਡ ਚੌਂਤਾ ਜੋ ਕਿ ਪੰਜਾਬ ਵਿਚ ਚਿੱਟੇ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ ਜੋ ਨਸ਼ਿਆਂ ਦੀ ਤਸਕਰੀ ਕਾਰਨ ਸੁਰਖ਼ੀਆਂ ਵਿਚ ਛਾਇਆ ਰਹਿੰਦਾ ਹੈ। ਇਸ ਪਿੰਡ ਵਿਚ ਨਸ਼ੇ ਦਾ ਮੁਕੰਮਲ ਸਫ਼ਾਇਆ ਤਾਂ ਕੀ ਹੋਣਾ ਸੀ ਉਲਟਾ ਇਸ ਦੇ ਨਾਲ ਲੱਗਦਾ ਪਿੰਡ ਬਲੀਏਵਾਲ ਵੀ ਨਸ਼ਿਆਂ ਦੀ ਦਲਦਲ ਵਿਚ ਧਸ ਚੁੱਕਾ ਹੈ। ਅੱਜ ਪਿੰਡ ਬਲੀਏਵਾਲ ਵਿਚ ਬੁੱਢਾ ਦਲ ਤੇ ਤਰਨਾ ਦਲ ਨਾਲ ਸਬੰਧਿਤ ਨਿਹੰਗ ਜਥੇਬੰਦੀਆਂ ਪੁੱਜੀਆਂ ਜਿਨ੍ਹਾਂ ਨੇ ਨਸ਼ਾ ਤਸਕਰਾਂ ਖਿਲਾਫ਼ ਮੋਰਚਾ ਖੋਲ੍ਹਦਿਆਂ ਚਿਤਾਵਨੀ ਦਿੱਤੀ ਕਿ ‘ਨਸ਼ਾ ਵੇਚਣ ਵਾਲੇ ਸੁਧਰ ਜਾਣ ਨਹੀਂ ਤਾਂ ਨਿਹੰਗ ਫੌਜਾਂ ਸੋਧਾ ਲਾਉਣਗੀਆਂ।’ ਨਿਹੰਗ ਜਥੇਬੰਦੀ ਦੇ ਬਾਬਾ ਅਵਤਾਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਬਲੀਏਵਾਲ ਵਿਚ ਨਸ਼ਾ ਤਸਕਰੀ ਤੇ ਇਸ ਨੂੰ ਪੀਣ ਵਾਲੇ ਨੌਜਵਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ ਅੱਜ ਇਹ ਪਿੰਡ ਨਸ਼ਿਆਂ ਦੀ ਦਲਦਲ ਵਿਚ ਪੂਰੀ ਤਰ੍ਹਾਂ ਧਸ ਚੁੱਕਾ ਹੈ। ਨਿਹੰਗ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਚਿੱਟਾ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਨਹੀਂ ਕਰਦੀ ਤਾਂ ਹੁਣ ਖਾਲਸੇ ਦੀ ਫੌਜ ਮੋਰਚਾ ਸੰਭਾਲਦਿਆਂ ਨਸ਼ਾ ਵੇਚਣ ਵਾਲਿਆਂ ਨੂੰ ਸੋਧਾ ਲਗਾਉਣ ਲਈ ਤਿਆਰ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੁਲਸ ਉੱਚ ਅਧਿਕਾਰੀ ਪਿੰਡਾਂ ਵਿਚ ਨਸ਼ਾ ਖਤਮ ਕਰਨ ਦੇ ਦਾਅਵੇ ਕਰਦੇ ਹਨ ਪਰ ਪਿੰਡ ਬਲੀਏਵਾਲ ਵਿਚ ਆਪਣੀਆਂ ਟੀਮਾਂ ਭੇਜ ਕੇ ਜਮੀਨੀ ਹਕੀਕਤ ਦੇਖਣ ਕਿ ਇੱਥੇ ਨਸ਼ਾ ਕਰਨ ਤੇ ਵੇਚਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਨਿਹੰਗ ਜਥੇਬੰਦੀਆਂ ਨੇ ਕਿਹਾ ਕਿ ਜਿੱਥੇ ਸਰਕਾਰ ਨਸ਼ਾ ਪੀਣ ਵਾਲਿਆਂ ਨੂੰ ਨਸ਼ਾ ਛੁਡਾਓ ਕੇਂਦਰਾਂ ਵਿਚ ਦਾਖਲ ਕਰਵਾ ਇਲਾਜ ਕਰਵਾਏ ਉੱਥੇ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਵੀ ਕਰੇ। ਬਾਕਸ ਔਰਤਾਂ ਨੇ ਕਿਹਾ ਕਿ, ਜੇਕਰ ਨਸ਼ਾ ਨਾ ਰੁਕਿਆ ਤਾਂ ਸਾਡਾ ਪਿੰਡ ਉਜੜ ਜਾਵੇਗਾ ਪਿੰਡ ਬਲੀਏਵਾਲ ਵਿਖੇ ਜਦੋਂ ਨਿਹੰਗ ਜਥੇਬੰਦੀਆਂ ਮੌਕੇ ’ਤੇ ਪੁੱਜੀਆਂ ਤਾਂ ਉੱਥੇ ਔਰਤਾਂ ਨੇ ਅੱਖਾਂ ਵਿਚ ਹੰਝੂ ਭਰਦਿਆਂ ਦੱਸਿਆ ਕਿ ਸਾਡੇ ਆਪਣੇ ਪੁੱਤ, ਕਿਸੇ ਦਾ ਪਤੀ ਅਤੇ ਕਿਸੇ ਦਾ ਭਰਾ, ਨਸ਼ੇ ਕਰਕੇ ਤਬਾਹ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਪਿੰਡ ਬਲੀਏਵਾਲ ਵਿਚ ਨਸ਼ਾ ਰੋਕਣ ਲਈ ਸਖ਼ਤ ਕਾਰਵਾਈ ਨਾ ਕੀਤੀ ਤਾਂ ਸਾਡਾ ਪਿੰਡ ਉਜੜ ਜਾਵੇਗਾ। ਔਰਤਾਂ ਨੇ ਮੁੱਖ ਮੰਤਰੀ ਨੂੰ ਇੱਥੋਂ ਤੱਕ ਵੀ ਕਿਹਾ ਕਿ ਸਾਨੂੰ ਮੁਫ਼ਤ ਰਾਸ਼ਨ ਅਤੇ ਮੁਫ਼ਤ ਪੈੈਸਾ ਨਹੀਂ ਚਾਹੀਦਾ ਬਲਕਿ ਸਰਕਾਰ ਨਸ਼ਿਆਂ ਦੀ ਦਲਦਲ ਵਿਚ ਫਸੇ ਸਾਡੇ ਪਿੰਡ ਦੇ ਨੌਜਵਾਨਾਂ ਨੂੰ ਸਖ਼ਤ ਕਦਮ ਉਠਾਉਣ। ਬਾਕਸ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ: ਇੰਸਪੈਕਟਰ ਮਧੂ ਬਾਲਾ ਥਾਣਾ ਕੂੰਮਕਲਾਂ ਵਿਖੇ ਤਾਇਨਾਤ ਇੰਸਪੈਕਟਰ ਮਧੂ ਬਾਲਾ ਨਾਲ ਜਦੋਂ ਬਲੀਏਵਾਲ ਪਿੰਡ ਵਿਚ ਨਸ਼ਾ ਵਿਕਣ ਦੇ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪਿੰਡ ਬਲੀਏਵਾਲ ਵਿਖੇ ਜੋ ਨਸ਼ਾ ਵੇਚਦੇ ਹਨ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰ ਸਲਾਖ਼ਾਂ ਪਿੱਛੇ ਦੇਵਾਂਗੇ। ਇੰਸਪੈਕਟਰ ਮਧੂ ਬਾਾਲ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।