- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-171 ਠੇਕਾ ਮੁਲਾਜ਼ਮਾਂ ਦੀ ਹਾਜ਼ਰੀ ਸ਼ੱਕ ਦੇ ਘੇਰੇ 'ਚ, ਤਨਖ਼ਾਹ ਰੋਕ ਕੇ ਜਾਂਚ ਦੀ ਮੰਗ

-ਐਫ਼ ਐਂਡ ਸੀਸੀ ਮੈਂਬਰ ਭੱਟੀ ਨੇ ਨਿਗਮ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਨਗਰ ਨਿਗਮ ਦੇ ਜ਼ੋਨ-ਬੀ ਵਿੱਚ ਰੱਖੇ ਗਏ 171 ਠੇਕਾ ਮੁਲਾਜ਼ਮਾਂ ਦੀ ਡਿਊਟੀ, ਹਾਜ਼ਰੀ ਅਤੇ ਤਨਖ਼ਾਹ ਨੂੰ ਲੈਕੇ ਸਵਾਲ ਖੜ੍ਹੇ ਹੋ ਗਏ ਹਨ। ਨਗਰ ਨਿਗਮ ਦੇ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰ ਅਤੇ ਵਾਰਡ ਨੰਬਰ 26 ਦੇ ਕੌਂਸਲਰ ਗੌਰਵ ਭੱਟੀ ਨੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮਾਮਲੇ ਦੀ 100 ਫ਼ੀਸਦੀ ਵਾਰਡ-ਵਾਈਜ਼ ਅਤੇ ਮਹੀਨਾ-ਵਾਈਜ਼ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਕੌਂਸਲਰ ਭੱਟੀ ਨੇ ਦੋਸ਼ ਲਗਾਇਆ ਕਿ 171 ਕਰਮਚਾਰੀਆਂ ਵਿੱਚੋਂ ਕਈ ਕਰਮਚਾਰੀ ਨਿਯਮਿਤ ਤੌਰ ’ਤੇ ਡਿਊਟੀ ’ਤੇ ਹਾਜ਼ਰ ਨਹੀਂ ਹੋ ਰਹੇ, ਇਸ ਦੇ ਬਾਵਜੂਦ ਉਨ੍ਹਾਂ ਦੀ ਤਨਖ਼ਾਹ ਤਿਆਰ ਕਰਕੇ ਭੇਜੀ ਜਾ ਰਹੀ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਜੇਕਰ ਅਸਲ ਡਿਊਟੀ ਤੇ ਪ੍ਰਮਾਣਿਤ ਹਾਜ਼ਰੀ ਦੀ ਜਾਂਚ ਕੀਤੇ ਬਿਨਾਂ ਭੁਗਤਾਨ ਕੀਤਾ ਗਿਆ ਤਾਂ ਨਗਰ ਨਿਗਮ ਨੂੰ ਕਰੀਬ 2 ਕਰੋੜ ਰੁਪਏ ਤੱਕ ਦਾ ਵਿੱਤੀ ਨੁਕਸਾਨ ਹੋ ਸਕਦਾ ਹੈ।
ਭੱਟੀ ਨੇ ਮੰਗ ਪੱਤਰ ਵਿੱਚ 171 ਮੁਲਾਜ਼ਮਾਂ ਦੀ ਵਾਰਡ-ਵਾਈਜ਼ ਸੂਚੀ, ਨੌਕਰੀ ’ਤੇ ਹਾਜ਼ਰੀ ਦੀ ਮਿਤੀ, ਡਿਊਟੀ ਸਥਾਨ ਅਤੇ ਅਸਲ ਡਿਊਟੀ ਦੀ ਮਿਆਦ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਹਰ ਮਹੀਨੇ ਦੇ ਹਾਜ਼ਰੀ ਰਜਿਸਟਰ ਅਤੇ ਸੈਨਟਰੀ ਇੰਸਪੈਕਟਰ, ਮੁੱਖ ਸੈਨਟਰੀ ਇੰਸਪੈਕਟਰ ਜਾਂ ਮੁੱਖ ਸੈਨਟਰੀ ਅਧਿਕਾਰੀ ਵੱਲੋਂ ਕੀਤੀ ਗਈ ਤਸਦੀਕ ਦੀ ਵੀ ਜਾਂਚ ਕਰਨ ਲਈ ਕਿਹਾ ਹੈ। ਭੱਟੀ ਨੇ ਸਵਾਲ ਚੁੱਕਿਆ ਕਿ ਜੇਕਰ ਕਿਸੇ ਕਰਮਚਾਰੀ ਦੀ ਹਾਜ਼ਰੀ ’ਤੇ ਸਬੰਧਤ ਅਧਿਕਾਰੀ ਦੇ ਦਸਤਖ਼ਤ ਨਹੀਂ ਹਨ, ਤਾਂ ਉਸ ਹਾਜ਼ਰੀ ਦੇ ਆਧਾਰ ’ਤੇ ਤਨਖ਼ਾਹ ਬਣਾਉਣ ਦੀ ਮਨਜ਼ੂਰੀ ਕਿਸ ਅਧਿਕਾਰੀ ਨੇ ਦਿੱਤੀ। ਉਨ੍ਹਾਂ ਪਿਛਲੇ ਛੇ ਮਹੀਨਿਆਂ ਦੀ ਹਾਜ਼ਰੀ ਇਕੱਠੀ ਤਿਆਰ ਕਰਵਾਉਣ ਸਬੰਧੀ ਵੀ ਹੁਕਮ, ਹਾਜ਼ਰੀ ਤਿਆਰ ਕਰਨ ਵਾਲੇ ਅਤੇ ਤਸਦੀਕ ਕਰਨ ਵਾਲੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ। ਭੱਟੀ ਨੇ ਨਿਗਮ ਕਮਿਸ਼ਨਰ ਤੋਂ ਨਿਰਪੱਖ ਜਾਂਚ ਕਰਵਾ ਕੇ ਰਿਪੋਰਟ ਲਿਖਤੀ ਰੂਪ ਵਿੱਚ ਦੇਣ ਅਤੇ ਕਿਸੇ ਅਧਿਕਾਰੀ, ਕਰਮਚਾਰੀ ਜਾਂ ਏਜੰਸੀ ਦੀ ਬੇਨਿਯਮਤਾ ਸਾਹਮਣੇ ਆਉਣ ’ਤੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੰਗ ਪੱਤਰ ਦੀ ਇੱਕ ਕਾਪੀ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ ਸਰਕਾਰ ਨੂੰ ਵੀ ਭੇਜੀ ਗਈ ਹੈ।
-ਬਾਕਸ-
-ਤਿੰਨ ਸੈਨੇਟਰੀ ਇੰਸਪੈਕਟਰਾਂ ਦੀ ਬਦਲੀ ਦਾ ਕਾਰਨ ਵੀ ਪੁੱਛਿਆ
ਭੱਟੀ ਨੇ ਮੰਗ ਪੱਤਰ ਵਿੱਚ ਦਾਅਵਾ ਕੀਤਾ ਕਿ ਕੁੱਝ ਸੈਨਟਰੀ ਇੰਸਪੈਕਟਰਾਂ ਨੂੰ ਪਿਛਲੇ ਛੇ ਮਹੀਨਿਆਂ ਦੀ ਇਕੱਠੀ ਹਾਜ਼ਰੀ ਤਿਆਰ ਕਰਨ ਲਈ ਕਿਹਾ ਗਿਆ ਸੀ ਅਤੇ ਕਥਿਤ ਤੌਰ ’ਤੇ ਇਤਰਾਜ਼ ਜਾਂ ਇਨਕਾਰੀ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਬਦਲੀਆਂ ਕੀਤੀਆਂ ਗਈਆਂ। ਉਨ੍ਹਾਂ ਇਸ ਦਾਅਵੇ ਦੀ ਰਿਕਾਰਡ ਸਮੇਤ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਜ਼ੋਨ-ਬੀ ਦੇ 26 ਵਾਰਡਾਂ ਦੀ ਨਿਗਰਾਨੀ ਲਈ ਮੌਜੂਦਾ ਸਮੇਂ ਸਿਰਫ਼ ਇੱਕ ਸੈਨਟਰੀ ਇੰਸਪੈਕਟਰ ਹੋਣ ਦੀ ਸਥਿਤੀ ਵਿੱਚ ਸਫ਼ਾਈ ਵਿਵਸਥਾ ਦੀ ਨਿਗਰਾਨੀ ਕਿਵੇਂ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਜ਼ੋਨ-ਬੀ ਤੋਂ ਤਿੰਨ ਸੈਨਟਰੀ ਇੰਸਪੈਕਟਰਾਂ ਦੀ ਹੋਈ ਬਦਲੀ ਦੇ ਕਾਰਨ ਅਤੇ ਕੀ ਇਸ ਸਬੰਧੀ ਕੋਈ ਸ਼ਿਕਾਇਤ ਜਾਂ ਹੋਰ ਪ੍ਰਸ਼ਾਸਨਿਕ ਕਾਰਨ ਸੀ, ਇਸ ਦੀ ਵੀ ਜਾਂਚ ਦੀ ਮੰਗ ਕੀਤੀ ਗਈ ਹੈ।
-ਬਾਕਸ-
-ਪੂਰਾ ਸਰਕਾਰੀ ਰਿਕਾਰਡ ਸੁਰੱਖਿਅਤ ਕਰਨ ਦੀ ਮੰਗ
ਭੱਟੀ ਨੇ 171 ਕਰਮਚਾਰੀਆਂ ਨਾਲ ਸਬੰਧਤ ਮਨਜ਼ੂਰੀ ਫਾਈਲ, ਨਿਯੁਕਤੀ ਜਾਂ ਠੇਕੇ ’ਤੇ ਰੱਖਣ ਦੇ ਹੁਕਮ, ਨੌਕਰੀ ਸੰਭਾਲਣ ਦੀਆਂ ਰਿਪੋਰਟਾਂ, ਵਾਰਡ-ਵਾਈਜ਼ ਤਾਇਨਾਤੀ ਸੂਚੀਆਂ, ਹਾਜ਼ਰੀ ਰਜਿਸਟਰ, ਮਹੀਨਾਵਾਰ ਹਾਜ਼ਰੀ ਵੇਰਵੇ, ਤਨਖ਼ਾਹ ਬਿੱਲ, ਹਾਜ਼ਰੀ ਪੱਤਰੀਆਂ, ਠੇਕਾ ਏਜੰਸੀ ਦੇ ਬਿੱਲ, ਭੁਗਤਾਨ ਰਿਕਾਰਡ, ਡਿਊਟੀ ਹੁਕਮ ਅਤੇ ਬਦਲੀ ਹੁਕਮ ਸਮੇਤ ਸਾਰਾ ਰਿਕਾਰਡ ਤੁਰੰਤ ਸੁਰੱਖਿਅਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਤੱਕ ਸ਼ੱਕੀ ਜਾਂ ਅਪ੍ਰਮਾਣਿਤ ਹਾਜ਼ਰੀ ਦੇ ਆਧਾਰ ’ਤੇ ਕੋਈ ਭੁਗਤਾਨ ਨਾ ਕੀਤਾ ਜਾਵੇ। ਜੇਕਰ ਜਾਂਚ ’ਚ ਸਾਹਮਣੇ ਆਉਂਦਾ ਹੈ ਕਿ ਮਨਜ਼ੂਰੀ ਮਿਲਣ ਦੇ ਬਾਵਜੂਦ 171 ਕਰਮਚਾਰੀਆਂ ਨੂੰ ਡਿਊਟੀ ’ਤੇ ਲਗਾਇਆ ਹੀ ਨਹੀਂ, ਤਾਂ ਇਸ ਲਈ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇ। ਇਸ ਸਬੰਧੀ ਜ਼ੋਨ-ਬੀ ਦੇ ਮੁੱਖ ਸੈਨਟਰੀ ਇੰਸਪੈਕਟਰ ਤੋਂ ਰਿਪੋਰਟ ਲੈਣ ਦੀ ਮੰਗ ਵੀ ਕੀਤੀ ਹੈ।