- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਲੀਡ:ਪਿਸਤੌਲ ਦਿਖਾ ਕੇ ਦੋ ਕਾਰਾਂ ਖੋਹਣ ਦੀ ਕੋਸ਼ਿਸ਼

-ਕਾਰ ਖੋਹਣ ਤੋਂ ਬਾਅਦ ਚਾਬੀ ਲੈ ਕੇ ਭੱਜਿਆ ਮਾਲਕ, ਕੁਝ ਮਿੰਟਾਂ ’ਚ ਦੂਜੀ ਕਾਰ ਨੂੰ ਬਣਾਇਆ ਨਿਸ਼ਾਨਾ, ਦੋਵੇਂ ਬਦਮਾਸ਼ ਖ਼ਾਲੀ ਹੱਥ ਫ਼ਰਾਰ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਸ਼ਹਿਰ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਦਰਮਿਆਨ ਬੁੱਧਵਾਰ ਸਵੇਰੇ ਭਾਰਤ ਨਗਰ ਚੌਕ ਨੇੜੇ ਭੀੜ ਭਾੜ ਵਾਲੇ ਇਲਾਕੇ ਅਸ਼ੋਕ ਨਗਰ ’ਚ ਦੋ ਹਥਿਆਰਬੰਦ ਵਿਅਕਤੀਆਂ ਨੇ ਲਗਾਤਾਰ ਦੋ ਕਾਰਾਂ ਖੋਹਣ ਦੀ ਕੋਸ਼ਿਸ਼ ਕਰਕੇ ਇਲਾਕਾ ਵਾਸੀਆਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਦੋਵੇਂ ਵਾਰ ਮੁਲਜ਼ਮਾਂ ਨੇ ਪਿਸਤੌਲ ਦਿਖਾ ਕੇ ਕਾਰ ਸਵਾਰਾਂ ਨੂੰ ਡਰਾਇਆ, ਪਰ ਕਾਰਾ ਲੈ ਕੇ ਫਰਾਰ ਹੋਣ ’ਚ ਸਫਲ ਨਾ ਹੋ ਸਕੇ। ਪਹਿਲੀ ਵਾਰ ਕਾਰ ਮਾਲਕ ਵੱਲੋਂ ਕਾਰ ਦੀ ਚਾਬੀ ਆਪਣੇ ਨਾਲ ਲੈ ਕੇ ਭੱਜ ਜਾਣ ਕਾਰਨ ਮੁਲਜ਼ਮਾਂ ਦੀ ਕੋਸ਼ਿਸ਼ ਨਾਕਾਮ ਰਹੀ, ਜਦਕਿ ਦੂਜੀ ਵਾਰ ਪਰਿਵਾਰਕ ਮੈਂਬਰਾਂ ਵੱਲੋਂ ਰੌਲ਼ਾ ਪਾਉਣ ਅਤੇ ਲੋਕਾਂ ਦੇ ਇਕੱਠੇ ਹੋਣ ’ਤੇ ਮੁਲਜ਼ਮ ਮੌਕੇ ਤੋਂ ਭੱਜ ਗਏ। ਦੋਵੇਂ ਘਟਨਾਵਾਂ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈਆਂ ਹਨ।
ਪਹਿਲੀ ਘਟਨਾ ਸਵੇਰੇ ਕਰੀਬ 7 ਵਜੇ ਵਾਪਰੀ। ਇੱਕ ਮੈਡੀਕਲ ਸਟੋਰ ਦਾ ਮਾਲਕ ਆਪਣੀ ਰੋਜ਼ਾਨਾ ਦੀ ਰੁਟੀਨ ਮੁਤਾਬਕ ਰੱਖ ਬਾਗ ਵਿੱਚ ਬੈਡਮਿੰਟਨ ਖੇਡਣ ਜਾਣ ਲਈ ਕਾਰ ਵਿੱਚ ਬੈਠਾ ਸੀ। ਇਸੇ ਦੌਰਾਨ ਦੋ ਵਿਅਕਤੀ ਕਾਰ ਨੇੜੇ ਪਹੁੰਚੇ ਤੇ ਖਿੜਕੀ ’ਤੇ ਹੱਥ ਮਾਰਨ ਲੱਗ ਪਏ। ਕਾਰ ਮਾਲਕ ਵੱਲੋਂ ਖਿੜਕੀ ਹੇਠਾਂ ਕਰਦੇ ਹੀ ਇੱਕ ਵਿਅਕਤੀ ਨੇ ਉਸ ਵੱਲ ਬੰਦੂਕ ਤਾਣ ਦਿੱਤੀ ਤੇ ਕਾਰ ਵਿੱਚੋਂ ਬਾਹਰ ਆਉਣ ਲਈ ਕਿਹਾ। ਸ਼ੀਸ਼ਾ ਹੇਠਾਂ ਹੁੰਦੇ ਹੀ ਮੁਲਜ਼ਮ ਨੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਬਾਹਰ ਕੱਢ ਦਿੱਤਾ।
ਕਾਰ ਮਾਲਕ ਨੇ ਹਾਲਾਤ ਨੂੰ ਸਮਝਦਿਆਂ ਤੁਰੰਤ ਕਾਰ ਦੀ ਚਾਬੀ ਆਪਣੇ ਨਾਲ ਲੈ ਲਈ ਤੇ ਉੱਥੋਂ ਭੱਜ ਗਿਆ। ਮੁਲਜ਼ਮਾਂ ਨੇ ਕਾਰ ਲੈ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਚਾਬੀਆਂ ਨਾ ਹੋਣ ਕਾਰਨ ਉਨ੍ਹਾਂ ਦੀ ਯੋਜਨਾ ਅਸਫਲ ਰਹੀ ਤੇ ਉਹ ਖਾਲੀ ਹੱਥ ਮੌਕੇ ਤੋਂ ਫਰਾਰ ਹੋ ਗਏ।
ਪਹਿਲੀ ਘਟਨਾ ਤੋਂ ਕੁਝ ਹੀ ਮਿੰਟਾਂ ਬਾਅਦ ਬਦਮਾਸ਼ਾਂ ਨੇ ਉਸੇ ਇਲਾਕੇ ’ਚ ਦੂਜੀ ਕਾਰ ਨੂੰ ਨਿਸ਼ਾਨਾ ਬਣਾ ਲਿਆ। ਇੱਕ ਵਸਨੀਕ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਘਰ ਦੇ ਬਾਹਰ ਖੜ੍ਹੀ ਕਾਰ ਵਿੱਚ ਬੈਠਣ ਹੀ ਵਾਲਾ ਸੀ ਕਿ ਹਥਿਆਰਬੰਦ ਵਿਅਕਤੀਆਂ ਨੇ ਉਸ ਨੂੰ ਬੰਦੂਕ ਦਿਖਾ ਕੇ ਕਾਰ ਖੋਹਣ ਦੀ ਕੋਸ਼ਿਸ਼ ਕੀਤੀ। ਰੌਲ਼ਾ ਸੁਣ ਕੇ ਉਸ ਦੀ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰ ਤੁਰੰਤ ਘਰ ਤੋਂ ਬਾਹਰ ਆ ਗਏ। ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਆਲੇ ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ। ਲੋਕਾਂ ਦੀ ਭੀੜ ਇਕੱਠੀ ਹੁੰਦੀ ਦੇਖ ਦੋਵੇਂ ਮੁਲਜ਼ਮ ਬਿਨਾਂ ਕਾਰ ਲਏ ਮੌਕੇ ਤੋਂ ਫਰਾਰ ਹੋ ਗਏ।
-ਸੀਸੀਟੀਵੀ ਕੈਮਰੇ ’ਚ ਕੈਦ ਹੋਈਆਂ ਦੋਵੇਂ ਘਟਨਾਵਾਂ
ਦੋਵੇਂ ਘਟਨਾਵਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ। ਬਾਅਦ ’ਚ ਇਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਵਧ ਗਈ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਨਾਲ-ਨਾਲ ਉਨ੍ਹਾਂ ਤੱਕ ਪਹੁੰਚਣ ਲਈ ਹੋਰ ਸੁਰਾਗ ਵੀ ਇਕੱਠੇ ਕੀਤੇ ਜਾ ਰਹੇ ਹਨ।
-ਇਕ ਪੀੜਤ ਨੇ ਪੁਲਿਸ ਨੂੰ ਦਿੱਤੀ ਸੂਚਨਾ
ਏਡੀਸੀਪੀ-3 ਧਰਾਵਤ ਸਾਈ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਪੀੜਤ ਵੱਲੋਂ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਮੁਕਦਮਾ ਦਰਜ ਕਰਵਾਉਣ ਲਈ ਕੋਈ ਲਿਖਿਤ ਸ਼ਿਕਾਇਤ ਨਹੀਂ ਮਿਲੀ। ਇਸ ਦੇ ਬਾਵਜੂਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ ਟੀਮਾਂ ਬਣਾਈਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲ ਹਥਿਆਰ ਹੋਣ ਦੀ ਜਾਣਕਾਰੀ ਮਿਲੀ ਹੈ। ਪੁਲਿਸ ਟੀਮਾਂ ਸੀਸੀਟੀਵੀ ਫੁਟੇਜ ਤੇ ਹੋਰ ਉਪਲੱਬਧ ਸੁਰਾਗਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਤੇ ਭਾਲ ’ਚ ਜੁੱਟੀਆਂ ਹੋਈਆਂ ਹਨ।