600 ਰੁਪਏ ਪਿੱਛੇ ਖੂਨੀ ਝਗੜਾ : ਪਰਿਵਾਰ ਨੂੰ ਬੇਰਹਿਮੀ ਨਾਲ ਬਣਾਇਆ ਗਿਆ ਨਿਸ਼ਾਨਾ, ਨੌਜਵਾਨ ਤੇ ਉਸਦੇ ਭਰਾ-ਭਾਬੀ ਦੀ ਬੁਰੀ ਤਰ੍ਹਾਂ ਕੁੱਟਮਾਰ
ਹਮਲਾਵਰਾਂ ਨੇ ਤਿੰਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਬਾਅਦ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਸ਼ਿਕਾਇਤ ’ਚ ਪੁਲਿਸ ਨੂੰ ਹਰਿਕ੍ਰਿਸ਼ਨ ਨਗਰ, ਸ਼ਿਮਲਾਪੁਰੀ ਵਾਸੀ ਸਾਗਰ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਇਕ ਵਿਅਕਤੀ ਤੋਂ ਕਰਿਆਨੇ ਦਾ ਸਾਮਾਨ ਖਰੀਦਦਾ ਸੀ। ਲੈਣ-ਦੇਣ ਦੌਰਾਨ ਉਸ ਵੱਲੋਂ 600 ਰੁਪਏ ਦੇਣੇ ਬਾਕੀ ਰਹਿ ਗਏ ਸਨ।
Publish Date: Mon, 31 Aug 2026 12:53 PM (IST)
Updated Date: Mon, 31 Aug 2026 12:56 PM (IST)
ਕ੍ਰਾਈਮ ਰਿਪੋਰਟਰ ,ਪੰਜਾਬੀ ਜਾਗਰਣ, ਲੁਧਿਆਣਾ। ਸ਼ਿਮਲਾਪੁਰੀ ਇਲਾਕੇ ’ਚ ਸਿਰਫ਼ 600 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਨੇ ਉਦੋਂ ਗੰਭੀਰ ਰੂਪ ਧਾਰ ਲਿਆ, ਜਦੋਂ ਬਕਾਇਆ ਰਕਮ ਮੰਗਣ ਆਏ ਵਿਅਕਤੀਆਂ ਨੇ ਇਕ ਪਰਿਵਾਰ ਨਾਲ ਬਹਿਸ ਕਰਨ ਤੋਂ ਬਾਅਦ ਸ਼ਿਕਾਇਤਕਰਤਾ, ਉਸ ਦੇ ਭਰਾ ਤੇ ਭਾਬੀ ਦੀ ਕੁੱਟਮਾਰ ਕੀਤੀ।
ਹਮਲਾਵਰਾਂ ਨੇ ਤਿੰਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਬਾਅਦ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਸ਼ਿਕਾਇਤ ’ਚ ਪੁਲਿਸ ਨੂੰ ਹਰਿਕ੍ਰਿਸ਼ਨ ਨਗਰ, ਸ਼ਿਮਲਾਪੁਰੀ ਵਾਸੀ ਸਾਗਰ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਇਕ ਵਿਅਕਤੀ ਤੋਂ ਕਰਿਆਨੇ ਦਾ ਸਾਮਾਨ ਖਰੀਦਦਾ ਸੀ। ਲੈਣ-ਦੇਣ ਦੌਰਾਨ ਉਸ ਵੱਲੋਂ 600 ਰੁਪਏ ਦੇਣੇ ਬਾਕੀ ਰਹਿ ਗਏ ਸਨ।
ਸ਼ਿਕਾਇਤਕਰਤਾ ਅਨੁਸਾਰ ਉਕਤ ਵਿਅਕਤੀ ਸ਼ਿੰਗਾਰਾ ਸਿੰਘ ਆਪਣੇ ਪੁੱਤਰ ਘੁਕਰਦੀਪ ਸਿੰਘ ਤੇ ਇਕ ਹੋਰ ਨੌਜਵਾਨ ਸਮੇਤ ਉਨ੍ਹਾਂ ਦੇ ਘਰ ਪੁੱਜਿਆ। ਸ਼ਿਕਾਇਤ ਅਨੁਸਾਰ ਬਕਾਇਆ 600 ਰੁਪਏ ਦੀ ਮੰਗ ਨੂੰ ਲੈ ਕੇ ਉਨ੍ਹਾਂ ਵਿਚਾਲੇ ਗੱਲਬਾਤ ਦੌਰਾਨ ਤਕਰਾਰ ਹੋ ਗਈ। ਮਾਮਲਾ ਇੰਨਾ ਵਧਿਆ ਕਿ ਕਥਿਤ ਤੌਰ ’ਤੇ ਮੁਲਜ਼ਮਾਂ ਨੇ ਇਕੱਠੇ ਹੋ ਕੇ ਸ਼ਿਕਾਇਤਕਰਤਾ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਦੇ ਭਰਾ ਅਤੇ ਭਾਬੀ ਨੇ ਉਸ ਨੂੰ ਬਚਾਉਣ ਲਈ ਦਖਲ ਦਿੱਤਾ ਤਾਂ ਉਨ੍ਹਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਤਿੰਨਾਂ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ। ਸ਼ਿਮਲਾਪੁਰੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹੁਣ ਇਸ ਘਟਨਾ ਦੇ ਅਸਲ ਕਾਰਨਾਂ ਤੇ ਮੁਲਜ਼ਮਾਂ ਦੀ ਭੂਮਿਕਾ ਸਬੰਧੀ ਤੱਥ ਇਕੱਠੇ ਕਰ ਰਹੀ ਹੈ।