- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਛੀਆਂ ਦੇ ਪਿੰਜਰਿਆਂ ਨੂੰ ਲੱਤਾਂ ਮਾਰ ਕੇ ਤੋੜਨ ਦਾ ਵਿਰੋਧ ਕਰਨ ’ਤੇ ਕੀਤਾ ਹਮਲਾ

-ਰੱਖ ਬਾਗ ਸਥਿਤ ਸ਼ਹੀਦੀ ਸਮਾਰਕ ’ਚ ਦੋ ਨਾਮਜ਼ਦ ਤੇ 15 ਅਣਪਛਾਤਿਆਂ ’ਤੇ ਕੇਸ
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਦੇ ਰੱਖ ਬਾਗ ਸਥਿਤ ਸ਼ਹੀਦੀ ਸਮਾਰਕ ਵਿਖੇ ਪੰਛੀਆਂ ਲਈ ਰੱਖੇ ਪਿੰਜਰਿਆਂ ਨੂੰ ਲੱਤਾਂ ਮਾਰ ਕੇ ਤੋੜਨ ਤੋਂ ਰੋਕਣ ’ਤੇ ਵਿਵਾਦ ਹੋ ਗਿਆ। ਮਾਮਲੇ ਵਿੱਚ ਥਾਣਾ-8 ਦੀ ਪੁਲਿਸ ਨੇ ਦੋ ਨਾਮਜ਼ਦ ਵਿਅਕਤੀਆਂ ਸਮੇਤ 15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਅਸ਼ੋਕ ਥਾਪਰ ਵਾਸੀ ਆਰੀਆ ਮੁਹੱਲਾ, ਲੁਧਿਆਣਾ ਨੇ ਦੱਸਿਆ ਕਿ ਹੀਰਾ ਲਾਲ ਗੋਇਲ ਅਤੇ ਵੀਕੇ ਗੁਪਤਾ ਆਪਣੇ ਦਫ਼ਤਰ ਦੇ 15 ਵਿਅਕਤੀਆਂ ਨੂੰ ਨਾਲ ਲੈ ਕੇ ਰੱਖ ਬਾਗ ਸਥਿਤ ਸ਼ਹੀਦੀ ਸਮਾਰਕ ਵਿਖੇ ਪਹੁੰਚੇ। ਇੱਥੇ ਪੰਛੀਆਂ ਲਈ ਦਾਣਾ-ਪਾਣੀ ਰੱਖਣ ਦੇ ਨਾਲ-ਨਾਲ ਜ਼ਖ਼ਮੀ ਪੰਛੀਆਂ ਦਾ ਇਲਾਜ ਵੀ ਕੀਤਾ ਜਾਂਦਾ ਹੈ।
ਸ਼ਿਕਾਇਤਕਰਤਾ ਮੁਤਾਬਕ ਮੌਕੇ ’ਤੇ ਪਹੁੰਚੇ ਵਿਅਕਤੀਆਂ ਨੇ ਬਿਮਾਰ ਪੰਛੀਆਂ ਦੇ ਪਿੰਜਰਿਆਂ ਨੂੰ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਆਪਣੇ ਸਾਥੀਆਂ ਸਮੇਤ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਗਾਲੀ-ਗਲੋਚ ਕਰਨ ਦੇ ਵੀ ਦੋਸ਼ ਲਗਾਏ ਗਏ ਹਨ।
ਥਾਣਾ-8 ਦੀ ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਹੀਰਾ ਲਾਲ ਗੋਇਲ, ਵੀਕੇ ਗੁਪਤਾ ਵਾਸੀ ਮਾਲ ਰੋਡ ਲੁਧਿਆਣਾ ਅਤੇ 15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ ਅਤੇ ਪਸ਼ੂਆਂ ਨਾਲ ਬੇਰਹਿਮੀ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
-ਦਿਵਿਆਂਗ ਨਾਲ ਕੀਤੀ ਗਈ ਕੁੱਟਮਾਰ
ਅਸ਼ੋਕ ਥਾਪਰ ਨੇ ਦੋਸ਼ ਲਗਾਇਆ ਕਿ ਕੁਝ ਵਿਅਕਤੀ ਰਖਬਾਗ ਵਿੱਚ ਸਰੇਆਮ ਗੁੰਡਾਗਰਦੀ ਕਰਦੇ ਹਨ। ਉਹਨਾਂ ਕਿਹਾ ਕਿ ਪਿੰਜਰੇ ਤੋੜਨ ਦੀ ਘਟਨਾ ਦੇ ਨਾਲ ਨਾਲ ਹੀਰਾ ਲਾਲ ਗੋਇਲ ਨੇ ਸੁਦਾਮਾ ਨਾਮ ਦੇ ਲੜਕੇ ਦੀ ਵੀ ਕੁੱਟਮਾਰ ਕੀਤੀ ਜੋ ਸਰੀਰਕ ਤੌਰ ਤੇ ਵਿਕਲਾਂਗ ਹੈ। ਇਸ ਸਬੰਧੀ ਐਮਐਲਆਰ ਘਟਾ ਦਿੱਤੀ ਗਈ ਹੈ ਅਤੇ ਪੁਲਿਸ ਨੂੰ ਸ਼ਿਕਾਇਤ ਵੀ ਦੇ ਦਿੱਤੀ ਗਈ ਹੈ। ਇਸ ਮੌਕੇ ਰਖਵਾਗ ਵਿੱਚ ਸੈਰ ਕਰਨ ਆਉਣ ਵਾਲੇ ਲੋਕਾਂ ਨੇ ਇਸ ਘਟਨਾ ਦਾ ਵਿਰੋਧ ਕੀਤਾ।