ਅਰੁਣਦੀਪ ਕੌਰ ਰਿਲਾਇੰਸ ਫਾਊਂਡੇਸ਼ਨ ਪੋਸਟ ਗ੍ਰੈਜੂਏਟ ਸਕਾਲਰਸ਼ਿਪ ਨਾਲ ਸਨਮਾਨਿਤ
ਅਰੁਣਦੀਪ ਕੌਰ ਰਿਲਾਇੰਸ ਫਾਊਂਡੇਸ਼ਨ ਪੋਸਟ ਗ੍ਰੈਜੂਏਟ ਸਕਾਲਰਸ਼ਿਪ ਨਾਲ ਸਨਮਾਨਿਤ
Publish Date: Wed, 01 Apr 2026 06:57 PM (IST)
Updated Date: Thu, 02 Apr 2026 04:10 AM (IST)

ਫੋਟੋ ਨੰਬਰ-12 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੀਏਯੂ ਦੇ ਫ਼ਸਲ ਵਿਗਿਆਨ ਵਿਭਾਗ ’ਚ ਐੱਮਐੱਸਸੀ ਦੀ ਵਿਦਿਆਰਥਣ ਅਰੁਣਦੀਪ ਕੌਰ ਨੂੰ ਵੱਕਾਰੀ ਰਿਲਾਇੰਸ ਫਾਊਂਡੇਸ਼ਨ ਪੋਸਟ ਗ੍ਰੈਜੂਏਟ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਕਾਲਰਸ਼ਿਪ ਯੋਗਤਾ ਦੇ ਮੁਕਾਬਲੇ ਉੱਪਰ ਆਧਾਰਿਤ ਹੈ ਤੇ ਭਾਰਤ ਭਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਮੁੱਚੀਆਂ ਅਕਾਦਮਿਕ ਪ੍ਰਾਪਤੀਆਂ ਤੇ ਸਹਾਇਕ ਪਾਠਕ੍ਰਮ ਦੇ ਪ੍ਰਦਰਸ਼ਨ ਦੇ ਅਧਾਰ ਤੇ ਦਿੱਤੀ ਜਾਂਦੀ ਹੈ। ਇਹ ਵਿਦਿਆਰਥਣ ਇਸ ਸਮੇਂ ਡਾ. ਮਨਪ੍ਰੀਤ ਸਿੰਘ ਖੇਤੀ ਵਿਗਿਆਨੀ ਦੀ ਅਗਵਾਈ ਹੇਠ ਆਪਣੀ ਐੱਮਐੱਸਸੀ ਖੋਜ ਕਰ ਰਹੀ ਹੈ। ਉਸਦੀ ਚੋਣ ਉਸਦੇ ਬੀਐੱਸਸੀ (ਆਨਰਜ਼) ਖੇਤੀਬਾੜੀ ਦੌਰਾਨ ਉੱਚਤਮ ਅਕਾਦਮਿਕ ਰਿਕਾਰਡ ਦੇ ਨਾਲ-ਨਾਲ ਖੇਡਾਂ ਅਤੇ ਪਾਠਕ੍ਰਮ ਤੋਂ ਬਾਹਰ ਭਾਗੀਦਾਰੀ ਅਤੇ ਪ੍ਰਾਪਤੀਆਂ ਦੇ ਆਧਾਰ ’ਤੇ ਕੀਤੀ ਗਈ ਸੀ। ਆਪਣੀ ਅੰਡਰ ਗ੍ਰੈਜੂਏਸ਼ਨ ਪੜ੍ਹਾਈ ਦੌਰਾਨ ਅਰੁਣਦੀਪ ਕੌਰ ਨੈਸ਼ਨਲ ਕੈਡੇਟ ਕੋਰ ’ਚ ਸ਼ਾਨਦਾਰ ਕੈਡੇਟ ਸੀ। ਨਾਲ ਹੀ ਖੇਡਾਂ ਵਿੱਚ ਉਸਨੇ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ। ਉਸ ਦੇ ਸ਼ਾਨਦਾਰ ਸਰਵਪੱਖੀ ਪ੍ਰਦਰਸ਼ਨ ਲਈ ਉਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਰਵੋਤਮ ਸੀਨੀਅਰ ਵਿੰਗ ਕੈਡੇਟ, ਸਰਵੋਤਮ ਖਿਡਾਰੀ ਪੁਰਸਕਾਰ ਤੇ ਖੇਡਾਂ ’ਚ ਲਤਾ ਮਹਾਜਨ ਛੀਨਨ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਸਕਾਲਰਸ਼ਿਪ ਮਾਸਟਰ ਡਿਗਰੀ ਪ੍ਰੋਗਰਾਮ ਦੀ ਮਿਆਦ ਦੌਰਾਨ 6 ਲੱਖ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ, ਨਾਲ ਹੀ ਪੇਸ਼ੇਵਰ ਵਿਕਾਸ ਦੇ ਮੌਕੇ ਵੀ ਪ੍ਰਦਾਨ ਕਰਦੀ ਹੈ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡਾ. ਚਰਨਜੀਤ ਸਿੰਘ ਔਲਖ, ਡੀਨ, ਖੇਤੀਬਾੜੀ ਕਾਲਜ ਤੇ ਡਾ. ਹਰੀ ਰਾਮ, ਮੁਖੀ ਖੇਤੀ ਵਿਗਿਆਨ ਵਿਭਾਗ ਨੇ ਅਰੁਣਦੀਪ ਕੌਰ ਅਤੇ ਉਨ੍ਹਾਂ ਦੇ ਨਿਗਰਾਨ ਨੂੰ ਸਕਾਲਰਸ਼ਿਪ ਲਈ ਮੁਬਾਰਕਵਾਦ ਦਿੰਦੇ ਹੋਏ ਭਵਿੱਖ ਵਿੱਚ ਸਫਲਤਾ ਦੀ ਕਾਮਨਾ ਕੀਤੀ।