ਨਰਾਤਿਆਂ ਤੋਂ ਪਹਿਲਾਂ ਦੁਰਗਾ ਮਾਤਾ ਦੀਆਂ ਮੂਰਤੀਆਂ ਨੂੰ ਅੰਤਿਮ ਰੂਪ ਦੇ ਰਹੇ ਕਾਰੀਗਰ ਸ਼ਾਰਦੀਆ ਨਵਰਾਤਰੀ ਤੋਂ ਪਹਿਲਾਂ ਦੁਰਗਾ ਮਾਤਾ ਦੀਆਂ ਮੂਰਤੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਜੁਟੇ ਕਾਰੀਗਰ
Publish Date: Wed, 07 Oct 2026 06:30 PM (IST)
Updated Date: Thu, 08 Oct 2026 04:05 AM (IST)
-ਮਾਂ ਦੁਰਗਾ ਦੀ ਅਰਾਧਨਾ ਲਈ ਸ਼ਰਧਾਲੂਆਂ ’ਚ ਉਤਸ਼ਾਹ, ਪੰਡਾਲਾਂ ਤੇ ਘਰਾਂ ਲਈ ਬਣ ਰਹੀਆਂ ਮੂਰਤੀਆਂ ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ ਸ਼ਾਰਦੀਆ ਨਵਰਾਤਰੀ ਦੇ ਪਵਿੱਤਰ ਆਗਮਨ ਤੋਂ ਪਹਿਲਾਂ ਲੁਧਿਆਣਾ ਵਿੱਚ ਮਾਂ ਦੁਰਗਾ ਦੀ ਆਰਾਧਨਾ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕਾਰੀਗਰ ਦੇਵੀ ਦੁਰਗਾ ਸਮੇਤ ਦੇਵੀ ਦੇ ਵੱਖ-ਵੱਖ ਸਰੂਪਾਂ ਦੀਆਂ ਸੁੰਦਰ ਮੂਰਤੀਆਂ ਨੂੰ ਆਕਾਰ ਦੇਣ ਅਤੇ ਅੰਤਿਮ ਰੂਪ ਦੇਣ ਵਿੱਚ ਰੁੱਝੇ ਹੋਏ ਹਨ। ਸ਼ੇਰਪੁਰ ਬਾਈਪਾਸ ਨੇੜੇ ਪਿਛਲੇ ਕਰੀਬ 35 ਸਾਲਾਂ ਤੋਂ ਮਾਂ ਦੁਰਗਾ ਦੀਆਂ ਮੂਰਤੀਆਂ ਤਿਆਰ ਕਰ ਰਹੇ ਕਲਾਕਾਰ ਅਣਦਾ ਰਾਮ ਸੋਲੰਕੀ, ਪੁੱਤਰ ਦੁਰਗਾ ਰਾਮ ਇਸ ਪਰੰਪਰਾ ਨੂੰ ਪੂਰੀ ਸ਼ਰਧਾ ਤੇ ਕਲਾ ਨਾਲ ਅੱਗੇ ਵਧਾ ਰਹੇ ਹਨ। ਉਨ੍ਹਾਂ ਵੱਲੋਂ ਇਸ ਵਾਰ ਵੀ ਮਾਂ ਦੁਰਗਾ ਦੇ ਵੱਖ-ਵੱਖ ਸਰੂਪਾਂ ਦੀਆਂ ਮੂਰਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪੰਡਾਲਾਂ ਅਤੇ ਘਰੇਲੂ ਧਾਰਮਿਕ ਸਮਾਗਮਾਂ ਲਈ 5 ਤੋਂ 15 ਫੁੱਟ ਤੱਕ ਉੱਚੀਆਂ ਵਿਸ਼ਾਲ ਮੂਰਤੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਕਾਰੀਗਰਾਂ ਵੱਲੋਂ ਮੂਰਤੀਆਂ ਨੂੰ ਸ਼ਿੰਗਾਰ, ਰੰਗ-ਰੋਗਨ ਤੇ ਕਲਾਤਮਕ ਰੂਪ ਦੇ ਕੇ ਮਾਂ ਦੁਰਗਾ ਦੇ ਦਿਵਯ ਸਰੂਪ ਨੂੰ ਉਭਾਰਿਆ ਜਾ ਰਿਹਾ ਹੈ। ਇਸ ਦੌਰਾਨ ਸੋਲੰਕੀ ਨੇ ਦੱਸਿਆ ਕਿ ਸ਼ਰਧਾਲੂ ਇਨ੍ਹਾਂ ਮੂਰਤੀਆਂ ਨੂੰ 10 ਅਕਤੂਬਰ ਤੱਕ ਆਪਣੇ ਘਰਾਂ ਅਤੇ ਪੰਡਾਲਾਂ ਵਿੱਚ ਲੈ ਕੇ ਜਾਣਗੇ, ਜਿੱਥੇ 11 ਅਕਤੂਬਰ ਨੂੰ ਪਹਿਲੇ ਨਵਰਾਤਰੇ ਮੌਕੇ ਵਿਧੀ-ਵਿਧਾਨ ਅਤੇ ਸ਼ਰਧਾ ਨਾਲ ਮਾਂ ਦੁਰਗਾ ਦੀ ਮੂਰਤੀ ਬਿਰਾਜਮਾਨ ਕਰਕੇ ਆਰਾਧਨਾ ਸ਼ੁਰੂ ਕੀਤੀ ਜਾਵੇਗੀ। ਨਵਰਾਤਰੀ ਦੇ ਪਵਿੱਤਰ ਦਿਨਾਂ ਦੌਰਾਨ ਮਾਂ ਦੁਰਗਾ ਦੀ ਪੂਜਾ-ਅਰਚਨਾ ਕਰਕੇ ਸ਼ਰਧਾਲੂ ਪਰਿਵਾਰ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਨਗੇ। ਸ਼ਹਿਰ ਵਿੱਚ ਨਵਰਾਤਰੀ ਨੂੰ ਲੈ ਕੇ ਧਾਰਮਿਕ ਉਤਸ਼ਾਹ ਅਤੇ ਭਗਤੀ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ।