ਏਸ਼ੀਆ ਦੀ ਦੂਜੀ ਵੱਡੀ ਜਗਰਾਓਂ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ ਏਸ਼ੀਆ ਦੀ ਦੂਜੀ ਵੱਡੀ ਜਗਰਾਓਂ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ
Publish Date: Thu, 01 Oct 2026 07:16 PM (IST)
Updated Date: Fri, 02 Oct 2026 04:08 AM (IST)
-03 ਜਗਰਾਓਂ ਮੰਡੀ ਵਿਚ ਝੋਨੇ ਦੀ ਸਾਫ ਸਫਾਈ ਵਿਚ ਜੁਟੇ ਮਜ਼ਦੂਰ। -04 ਚੇਅਰਮੈਨ ਕੁਲਵਿੰਦਰ ਸਿੰਘ ਕਾਲਾ। -05 ਸਕੱਤਰ ਕੰਵਲਪ੍ਰੀਤ ਸਿੰਘ ਕਲਸੀ। - ਅੱਜ ਖ਼ਰੀਦ ਸ਼ੁਰੂ ਹੋਣ ਦੇ ਆਸਾਰ - ਮੰਡੀ ਪੁੱਜੇ ਝੋਨੇ ਦੀ ਸਫਾਈ ਲਈ ਮਜ਼ਦੂਰ ਜੁਟੇ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ’ਚ ਅੱਜ ਚਾਹੇ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਖ਼ਰੀਦ ਸ਼ੁਰੂ ਨਹੀਂ ਹੋਈ। ਝੋਨੇ ਦੀ ਖ਼ਰੀਦ ਨੂੰ ਲੈ ਕੇ ਜਗਰਾਓਂ ਮਾਰਕੀਟ ਕਮੇਟੀ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ। ਵੀਰਵਾਰ ਨੂੰ ਜਗਰਾਓਂ ਮੰਡੀ ’ਚ ਕਈ ਫੜਾਂ ’ਤੇ ਕਿਸਾਨ ਝੋਨਾ ਲੈ ਕੇ ਪੁੱਜੇ, ਜਿਸ ਦੀ ਸਫਾਈ ਲਈ ਮਜ਼ਦੂਰ ਜੁਟੇ ਹੋਏ ਸਨ। ਹਾਲਾਂਕਿ ਹਰ ਸਾਲ ਵਾਂਗ ਇਸ ਵਾਰ ਵੀ ਝੋਨੇ ਦੀ ਖ਼ਰੀਦ ਨੂੰ ਚਾਹੇ ਅੱਜ ਕੁਝ ਦਿਨ ਲੱਗ ਸਕਦੇ ਹਨ ਪਰ ਮਾਰਕੀਟ ਕਮੇਟੀ ਨੇ ਸ਼ੁੱਕਰਵਾਰ ਨੂੰ ਝੋਨੇ ਦੀ ਖ਼ਰੀਦ ਸ਼ੁਰੂ ਹੋਣ ਦੀ ਆਸ ਪ੍ਰਗਟਾਈ ਹੈ। ਜਗਰਾਓਂ ਮੰਡੀ ’ਚ ਕਿਸਾਨ ਵੱਖ-ਵੱਖ ਪਿੰਡਾਂ ਤੋਂ ਟਰਾਲੀਆਂ ’ਚ ਝੋਨਾ ਲੈ ਕੇ ਪੁੱਜੇ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਕ ਅਕਤੂਬਰ ਤੋਂ ਝੋਨੇ ਦੀ ਖ਼ਰੀਦ ਦਾ ਐਲਾਨ ਕੀਤਾ ਹੈ। ਅਜਿਹੇ ’ਚ ਉਨ੍ਹਾਂ ਦੇ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਿਆਰ ਸੀ। ਜਿਸ ਕਾਰਨ ਉਹ ਮੰਡੀ ਆਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਝੋਨੇ ਦੀ ਫ਼ਸਲ ਕਾਫੀ ਚੰਗੀ ਹੋਈ ਹੈ। ਜਿਸ ਨੂੰ ਲੈ ਕੇ ਇਸ ਵਾਰ ਕਿਸੇ ਤਰ੍ਹਾਂ ਖ਼ਰੀਦ ਸਬੰਧੀ ਦਿੱਕਤ ਨਹੀਂ ਆਵੇਗੀ। ਕਿਸਾਨ ਸੁੱਕਾ ਝੋਨਾ ਲੈ ਕੇ ਆਉਣ, ਤੁਰੰਤ ਵਿਕੇਗਾ : ਚੇਅਰਮੈਨ ਕਾਲਾ ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿਘ ਕਾਲਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ’ਚ ਕਿਸੇ ਵੀ ਮੰਡੀ ’ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੁੱਕਾ ਝੋਨਾ ਲੈ ਕੇ ਆਉਣ। ਜਿਸ ਦੀ ਤੁਰੰਤ ਖ਼ਰੀਦ ਹੋਵੇਗੀ। ਇਸ ਤੋਂ ਇਲਾਵਾ ਜਗਰਾਓਂ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਗਰਾਓਂ ਮਾਰਕੀਟ ਕਮੇਟੀ ਨੇ ਮੰਡੀਆਂ ’ਚ ਵੰਡੀਆਂ ਡਿਊਟੀਆਂ ਜਗਰਾਓਂ ਮਾਰਕੀਟ ਕਮੇਟੀ ਦੇ ਸਕੱਤਰ ਕੰਵਲਪ੍ਰੀਤ ਸਿੰਘ ਕਲਸੀ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਨੂੰ ਲੈ ਕੇ ਮੰਡੀਆਂ ’ਚ ਪ੍ਰਬੰਧ ਮੁਕੰਮਲ ਕਰਨ ਦੇ ਨਾਲ-ਨਾਲ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਗਰਾਓਂ ਮੁੱਖ ਮੰਡੀ ਤੋਂ ਇਲਾਵਾ ਇਸ ਨਾਲ ਜੁੜੀਆਂ ਉਪ ਮੰਡੀਆਂ ਗਾਲਿਬ ਕਲਾਂ, ਕਾਉਂਕੇ ਕਲਾਂ, ਪੱਬੀਆਂ, ਹਾਂਸ ਕਲਾਂ, ਚਚਰਾੜੀ, ਕਮਾਲਪੁਰਾ, ਰੂਮੀ, ਅਖਾੜਾ, ਰਸੂਲਪੁਰ, ਮੱਲ੍ਹਾ, ਡੱਲਾ, ਸਿੱਧਵਾਂ ਕਲਾਂ, ਭੰਮੀਪੁਰਾਂ ਕਲਾਂ, ਬਜੁਰਗ ਅਤੇ ਬਰਸਾਲ ’ਚ ਮਾਰਕੀਟ ਕਮੇਟੀ ਵੱਲੋਂ ਲੇਖਾਕਾਰ ਜਸਪ੍ਰੀਤ ਕੌਰ, ਸੁਪਰਡੈਂਟ ਰਵਿੰਦਰ ਸਿੰਘ, ਕਲਰਕ ਨੀਰਜ ਕੁਮਾਰ, ਮਨਜਿੰਦਰ ਸਿੰਘ ਨੂੰ ਬਤੌਰ ਸੁਪਰਵਾਈਜਰ ਲਗਾਇਆ ਗਿਆ ਹੈ, ਜੋ ਮਾਰਕੀਟ ਕਮੇਟੀ ਵੱਲੋਂ ਝੋਨੇ ਦੀ ਖ਼ਰੀਦ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨਗੇ। ਜਗਰਾਓਂ ਸਮੇਤ ਕਿਸੇ ਵੀ ਮੰਡੀ ’ਚ ਐੱਫਸੀਆਈ ਨੂੰ ਨਹੀਂ ਮਿਲੀ ਖ਼ਰੀਦ ਜਗਰਾਓਂ ਮੰਡੀ ਸਮੇਤ ਇਸ ਨਾਲ ਜੁੜੀਆਂ ਉਪ ਮੰਡੀਆਂ ’ਚ ਇਸ ਵਰ ਕੇਂਦਰ ਸਰਕਾਰ ਦੀ ਖ਼ਰੀਦ ਏਜੰਸੀ ਐੱਫਸੀਆਈ ਖ਼ਰੀਦ ਨਹੀਂ ਕਰ ਸਕੇਗੀ। ਐੱਫਸੀਆਈ ਨੂੰ ਖ਼ਰੀਦ ਲਈ ਕੋਈ ਵੀ ਮੰਡੀ ਜਾਰੀ ਨਹੀਂ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਵਿਚ ਪੰਜਾਬ ਸਰਕਾਰ ਦੀਆਂ ਚਾਰੇ ਖ਼ਰੀਦ ਏਜੰਸੀਆਂ, ਪਨਗਰੇਨ, ਮਾਰਕਫੈਡ, ਪਨਸਪ ਅਤੇ ਵੇਅਰਹਾਊਸ ਖ਼ਰੀਦ ਕਰੇਗੀ। ਇਸੇ ਤਰ੍ਹਾਂ ਭੰਮੀਪੁਰਾ, ਗਾਲਿਬ ਕਲਾਂ ’ਚ ਮਾਰਕਫੈਡ ਅਤੇ ਪਨਸਪ, ਕਾਉਂਕੇ ਕਲਾਂ ’ਚ ਪਨਗਰੇਨ, ਮਾਰਕਫੈਡ ਤੇ ਪਨਸਪ, ਅਖਾੜਾ- ਰੂਮੀ ’ਚ ਪਨਗ੍ਰੇਨ ਤੇ ਮਾਰਕਫੈਡ ਖ਼ਰੀਦ ਕਰੇਗੀ। ਇਸ ਤੋਂ ਇਲਾਵਾ ਹਾਂਸ ਕਲਾਂ, ਚਚਰਾੜੀ, ਕਮਾਲਪੁਰਾ ’ਚ ਪਨਗਰੇਨ ਖ਼ਰੀਦ ਕਰੇਗੀ।