ਰੰਜਿਸ਼ ਕਾਰਨ ਨੌਜਵਾਨ ’ਤੇ ਹਥਿਆਰਬੰਦਾਂ ਨੇ ਕੀਤਾ ਹਮਲਾ
ਰੰਜਿਸ਼ ਦੇ ਚਲਦੇ ਨੌਜਵਾਨ ਉਪਰ ਹਥਿਆਰਬੰਦਾਂ ਨੇ ਕੀਤਾ ਹਮਲਾ
Publish Date: Thu, 26 Mar 2026 09:16 PM (IST)
Updated Date: Fri, 27 Mar 2026 04:11 AM (IST)

* ਰਾਹ ’ਚ ਘੇਰ ਕੇ ਪਿਸਤੌਲ ਦੇ ਮਾਰੇ ਬੱਟ, ਨੌਜਵਾਨ ਦੀ ਹਾਲਤ ਗੰਭੀਰ ਫੋਟੋ 17, 18 ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਦੀ ਡਿਸਕੋ ਕਾਲੋਨੀ ਇਲਾਕੇ ’ਚ ਰੰਜਿਸ਼ ਕਾਰਨ ਕੁਝ ਹਥਿਆਰਬੰਦਾਂ ਨੇ ਨੌਜਵਾਨ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ’ਚ ਫੱਟੜ ਹੋਇਆ ਨੌਜਵਾਨ ਸਾਹਿਲ ਸ਼ਰਮਾ ਬੀਤੀ ਦੇਰ ਰਾਤ ਆਇਸਕ੍ਰੀਮ ਲੈਣ ਲਈ ਘਰੋਂ ਗਿਆ ਸੀ ਜਦ ਰਸਤੇ ਵਿੱਚ ਵਿਰੋਧੀ ਗਰੁੱਪ ਦੇ ਹਥਿਆਰਬੰਦ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਹਮਲਾਵਰਾਂ ਵੱਲੋਂ ਪੀੜਤ ਸਾਹਿਲ ਦੀ ਕੁੱਟਮਾਰ ਦੌਰਾਨ ਉਸ ਦੇ ਸਿਰ ’ਤੇ ਪਿਸਤੌਲ ਦੇ ਬੱਟ ਮਾਰੇ ਗਏ, ਜਿਸ ਕਾਰਨ ਸਾਹਿਲ ਸ਼ਰਮਾ ਗੰਭੀਰ ਫੱਟੜ ਹੋ ਗਿਆ। ਪਰਿਵਾਰ ਵਾਲਿਆਂ ਵੱਲੋਂ ਘਟਨਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਾਹਿਲ ਨੂੰ ਬੇਹੱਦ ਗੰਭੀਰ ਹਾਲਤ ਵਿੱਚ ਇਲਾਜ ਲਈ ਹਸਪਤਾਲ ਲਿਆਂਦਾ, ਜਿੱਥੇ ਡਾਕਟਰ ਵੱਲੋਂ ਨੌਜਵਾਨ ਦੀ ਜਾਨ ਬਚਾਉਣ ਲਈ ਉਸ ਦਾ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ। ਪੀੜਤ ਸਾਹਿਲ ਸ਼ਰਮਾ ਨੇ ਸ਼ੁਰੂਆਤੀ ਪੜਤਾਲ ਵਿੱਚ ਦੱਸਿਆ ਕਿ ਉਹ ਡਿਸਕੋ ਕਲੋਨੀ ਵਿੱਚ ਸਥਿਤ ਬਿਨ ਪਾਰਲਰ ਤੋਂ ਆਇਸ ਕਰੀਮ ਲੈਣ ਗਿਆ ਸੀ ਅਤੇ ਜਦ ਉਹ ਬਿਨ ਪਾਰਲਰ ਤੋਂ ਬਾਹਰ ਨਿਕਲਿਆ ਤਾਂ ਦੂਜੇ ਧੜੇ ਨਾਲ ਸਬੰਧਤ ਮੋਵੀਸ ਬੈਂਸ ਅਤੇ ਉਸ ਦੇ ਕੁਝ ਹਥਿਆਰਬੰਦ ਸਾਥੀਆਂ ਨੇ ਸਾਹਿਲ ਨੂੰ ਸੜਕ ਤੇ ਘੇਰ ਕੇ ਪਿਸਤੌਲ ਦੇ ਬੱਟ ਅਤੇ ਬੇਸਬਾਲ ਦੇ ਡੰਡੇ ਮਾਰ ਕੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਇਸ ਹਮਲੇ ਵਿੱਚ ਸਾਹਿਲ ਦੇ ਸਿਰ ਤੇ ਗੰਭੀਰ ਫੱਟ ਲੱਗੇ ਅਤੇ ਇਸ ਹਮਲੇ ਵਿੱਚ ਉਸ ਦੀ ਹੱਡੀ ਵੀ ਟੁੱਟ ਗਈ। ਫੱਟੜ ਸਾਹਿਲ ਦੇ ਪਿਤਾ ਬਿੱਟੂ ਸ਼ਰਮਾ ਮੁਤਾਬਕ ਜਦੋਂ ਉਸ ਨੂੰ ਆਪਣੇ ਲੜਕੇ ਸਾਹਿਲ ਸ਼ਰਮਾ ਉੱਪਰ ਹਮਲੇ ਦਾ ਪਤਾ ਲੱਗਾ ਤਾਂ ਉਹ ਆਪਣੇ ਛੋਟੇ ਲੜਕੇ ਨਾਲ ਮੌਕੇ ਤੇ ਪੁੱਜੇ ਅਤੇ ਵਿੱਚ ਬਚਾ ਕਰਨ ਦੀ ਕੋਸ਼ਿਸ਼ ਕੀਤੀ। ਬਿੱਟੂ ਸ਼ਰਮਾ ਮੁਤਾਬਕ ਹਮਲਾਵਰਾਂ ਨੇ ਸਾਹਿਲ ਨੂੰ ਫੱਟੜ ਕਰਨ ਮਗਰੋਂ ਉਸ ਉੱਪਰ ਅਤੇ ਉਸ ਦੇ ਛੋਟੇ ਬੇਟੇ ਮੋਹਿਤ ਉੱਪਰ ਵੀ ਹਮਲਾ ਕਰ ਦਿੱਤਾ ਅਤੇ ਦੋਨਾਂ ਦੇ ਸਿਰ ਤੇ ਤਾਬੜ ਤੋੜ ਵਾਰ ਕੀਤੇ। ਉਕਤ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 4 ਦੇ ਮੁੱਖ ਅਫਸਰ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕੀ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਫੱਟੜ ਧਿਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਵਾਰਦਾਤ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਹਮਲਾਵਰਾਂ ਦੀ ਸ਼ਨਾਖਤ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ। ਮੁੱਖ ਅਫਸਰ ਦਾ ਕਹਿਣਾ ਹੈ ਕਿ ਜਾਂਚ ਵਿੱਚ ਮੁਲਜ਼ਮਾਂ ਦੀ ਸ਼ਨਾਖਤ ਕਰਕੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।