ਪਰਾਲੀ ਸਾੜਨ ਕਾਰਨ ਹੋਏ ਵਾਪਰੇ ਸੜਕ ਹਾਦਸੇ ’ਚ ਦੂਜੇ ਜ਼ਖਮੀ ਦੀ ਵੀ ਮੌਤ ਪਰਾਲੀ ਸਾੜਨ ਕਾਰਨ ਹੋਏ ਇੱਕ ਸੜਕ ਹਾਦਸੇ ’ਚ ਦੂਜੇ ਜ਼ਖਮੀ ਦੀ ਵੀ ਮੌਤ
Publish Date: Sat, 21 Nov 2026 08:09 PM (IST)
Updated Date: Sun, 22 Nov 2026 04:07 AM (IST)
ਪੀ 25 : ਮ੍ਰਿਤਕ ਨਗਿੰਦਰ ਸਿੰਘ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਰਾਹਾ : ਦੋਰਾਹਾ ਦੇ ਜੈਪੁਰਾ ਪਿੰਡ ਨੇੜੇ ਖੇਤਾਂ ’ਚ ਪਰਾਲੀ ਸਾੜਨ ਕਾਰਨ ਵਾਪਰੇ ਇਕ ਸੜਕ ਹਾਦਸੇ ’ਚ ਦੂਜੇ ਜ਼ਖ਼ਮੀ ਦੀ ਵੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ’ਚ ਸ਼ਾਹਪੁਰ ਵਾਸੀ ਮਨਜੀਤ ਕੌਰ (55) ਦੀ ਮੌਤ ਹੋ ਗਈ, ਜਦਕਿ ਉਸ ਦੇ ਪਤੀ ਨਗਿੰਦਰ ਸਿੰਘ, ਜੋ ਕਿ ਗੰਭੀਰ ਜ਼ਖਮੀ ਸੀ, ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਕਾਰ ਚਾਲਕ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਖੇਤ ’ਚ ਪਰਾਲੀ ਸਾੜਨ ਵਾਲੇ ਕਿਸਾਨ ਗੁਰਦੀਪ ਸਿੰਘ ਨੂੰ ਨਾਮਜ਼ਦ ਕਰ ਕੇ ਉਸ ਦੀ ਭਾਲ ਜਾਰੀ ਕਰ ਦਿੱਤੀ ਹੈ। ਡੀਐੱਸਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਮਾਮਲੇ ’ਚ ਕਾਰਵਾਈ ਕਰ ਰਹੀ ਹੈ। ਪਰਾਲੀ ਸਾੜਨ ਵਾਲੇ ਕਿਸਾਨ ਦੀ ਭਾਲ ਜਾਰੀ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਦੇ ਆਧਾਰ ਤੇ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਜੈਪੁਰਾ ਪਿੰਡ ਦੇ ਨੇੜੇ ਖੇਤਾਂ ’ਚ ਪਰਾਲੀ ਨੂੰ ਅੱਗ ਲਾਈ ਗਈ। ਖੇਤ ਪਿੰਡ ਦੀ ਲਿੰਕ ਸੜਕ ਦੇ ਨਾਲ ਲੱਗਦੇ ਹਨ। ਪਰਾਲੀ ਸੜਨ ਨਾਲ ਸੜਕ ਤੇ ਧੂੰਆਂ ਫੈਲ ਗਿਆ, ਜਿਸ ਨਾਲ ਡਰਾਈਵਰਾਂ ਨੂੰ ਰਸਤਾ ਦਿਖਣਾ ’ਤੇ ਬੰਦ ਹੋ ਗਿਆ। ਇਸ ਦੌਰਾਨ ਦੋ ਮੋਟਰਸਾਈਕਲਾਂ ’ਤੇ ਇਕ ਕਾਰ ਵਿਚਕਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਮੋਟਰਸਾਈਕਲ ਖੇਤਾਂ ’ਚ ਡਿੱਗ ਪਏ ਤੇ ਅੱਗ ਦੀ ਲਪੇਟ ’ਚ ਆ ਗਏ ਤੇ ਇਸ ਹਾਦਸੇ ’ਚ ਚਾਰ ਲੋਕ ਅੱਗ ਨਾਲ ਝੁਲਸ ਗਏ। ਇਸ ਹਾਦਸੇ ’ਚ ਸ਼ਾਹਪੁਰ ਵਾਸੀ ਮਨਜੀਤ ਕੌਰ (55) ਦੀ ਮੌਕੇ ਤੇ ਹੀ ਮੌਤ ਹੋ ਗਈ। ਉਸ ਦਾ ਪਤੀ ਨਗਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਤੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਦੂਸਰੇ ਜ਼ਖ਼ਮੀ ਪਾਇਲ ਦੇ ਰਹਿਣ ਵਾਲੇ ਜਸਪਾਲ ਸਿੰਘ ਤੇ ਸੁਰਿੰਦਰ ਕੌਰ ਨੂੰ ਦੋਰਾਹਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਦੱਸਿਆ ਗਿਆ ਹੈ ਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਨੇ ਜ਼ਖਮੀਆਂ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਜ਼ਿਆਦਾ ਹੋਣ ਕਾਰਨ ਉਹ ਅਜਿਹਾ ਕਰਨ ’ਚ ਅਸਫਲ ਰਿਹਾ। ਫਿਰ ਉਹ ਨੇੜਲੇ ਗੁਰਦੁਆਰੇ ਗਿਆ ਤੇ ਮੁਨਾਦੀ ਕਰਵਾਕੇ ਲੋਕਾਂ ਨੂੰ ਮਦਦ ਲਈ ਬੁਲਾਇਆ। ਪਿੰਡ ਵਾਸੀ ਮੌਕੇ ਤੇ ਪਹੁੰਚੇ ਤੇ ਪਾਣੀ ਦੀ ਮਦਦ ਨਾਲ ਅੱਗ ਬੁਝਾਉਣ ਦੇ ਨਾਲ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਹਾਲਾਂਕਿ ਉਦੋਂ ਤੱਕ ਮਨਜੀਤ ਕੌਰ ਦੀ ਮੌਤ ਹੋ ਚੁੱਕੀ ਸੀ।