- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਸ਼ਲ ਸਟਾਫ਼ ਦੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਮੁੰਡੀਆਂ ਦੇ ਘਰ ਬਾਹਰ ਪੱਕਾ ਧਰਨਾ ਲਗਾਇਆ

-ਮੰਗਾਂ ਮੰਨੇ ਜਾਣ ਤੱਕ ਪੱਕਾ ਧਰਨਾ ਜਾਰੀ ਰੱਖਣ ਦਾ ਫ਼ੈਸਲਾ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਤ ਸੋਸ਼ਲ ਸਟਾਫ ਦੇ ਕਰਮਚਾਰੀਆਂ ਵੱਲੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਘਰ ਪਿੰਡ ਮੁੰਡੀਆਂ ਕਲਾਂ ਵਿਖੇ ਪੱਕਾ ਰੋਸ ਧਰਨਾ ਲਗਾ ਦਿੱਤਾ ਗਿਆ ਹੈ। ਕਰਮਚਾਰੀਆਂ ਨੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।
ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਬਠਿੰਡਾ, ਮੀਤ ਪ੍ਰਧਾਨ ਸੁਰਜੀਤ ਕੌਰ ਗੁਰਦਾਸਪੁਰ, ਸਕੱਤਰ ਜਸਦੀਪ ਸਿੰਘ ਕਪੂਰਥਲਾ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਮਲੋਟ, ਸਲਾਹਕਾਰ ਬਲਜੀਤ ਸਿੰਘ ਬਠਿੰਡਾ ਅਤੇ ਵਿੱਤ ਸਕੱਤਰ ਸਰਬਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਸੋਸ਼ਲ ਕਰਮਚਾਰੀ ਯੂਨੀਅਨ ਅਤੇ ਬਲਾਕ ਕੋਆਰਡੀਨੇਟਰ ਯੂਨੀਅਨ ਪੰਜਾਬ ਨੇ ਕਿਹਾ ਹੈ ਕਿ ਮੰਗਾਂ ਦਾ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਯੂਨੀਅਨ ਨੇ ਸਰਕਾਰ ਤੇ ਵਿਭਾਗ ਤੋਂ ਰੋਕੇ ਗਏ ਇੰਕਰੀਮੈਂਟ, ਭੱਤੇ ਅਤੇ ਬਕਾਏ ਜਾਰੀ ਕਰਨ ਦੇ ਨਾਲ ਤਨਖਾਹ ਵਾਧੇ ਅਤੇ ਸੇਵਾ ਲਾਭਾਂ ਸਬੰਧੀ ਮੰਗਾਂ 'ਤੇ ਜਲਦ ਫੈਸਲਾ ਲੈਣ ਦੀ ਅਪੀਲ ਕੀਤੀ ਹੈ। ਕਰਮਚਾਰੀਆਂ ਦੀ ਮੁੱਖ ਮੰਗ ਹੈ ਕਿ 1 ਅਪ੍ਰੈਲ 2026 ਤੋਂ ਰੋਕਿਆ ਗਿਆ 10 ਫੀਸਦੀ ਤੱਕ ਦਾ ਸਾਲਾਨਾ ਇੰਕਰੀਮੈਂਟ ਤੁਰੰਤ ਜਾਰੀ ਕੀਤਾ ਜਾਵੇ। ਯੂਨੀਅਨ ਆਗੂਆਂ ਅਨੁਸਾਰ ਠੇਕਾ ਆਧਾਰਿਤ ਭਰਤੀ ਦੇ ਸਮੇਂ ਕਰਮਚਾਰੀਆਂ ਨੂੰ ਪਿਛਲੇ ਸਾਲ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਹਰ ਸਾਲ ਤਨਖਾਹ ਵਿੱਚ ਵਾਧਾ ਦੇਣ ਦੀ ਵਿਵਸਥਾ ਕੀਤੀ ਗਈ ਸੀ। ਯੂਨੀਅਨ ਮੁਤਾਬਕ ਸੋਸ਼ਲ ਸਟਾਫ ਨੂੰ ਫੀਲਡ ਡਿਊਟੀ ਲਈ ਸਫਰੀ ਭੱਤਾ ਤੇ ਹੋਰ ਵੱਖ-ਵੱਖ ਭੱਤੇ ਮਿਲਦੇ ਰਹੇ ਹਨ, ਪਰ ਇਨ੍ਹਾਂ ਨੂੰ ਰੋਕਣ ਕਾਰਨ ਕਰਮਚਾਰੀਆਂ 'ਤੇ ਆਰਥਿਕ ਬੋਝ ਵਧਿਆ ਹੈ।