ਖੌਫ਼ਨਾਕ ਵਾਰਦਾਤ: ਦਾਤ ਨਾਲ ਹਮਲਾ ਕਰਕੇ ਬਜ਼ੁਰਗ ਦਾ ਨਵਾਂ ਸਕੂਟਰ ਲੁੱਟਿਆ, CCTV ’ਚ ਕੈਦ ਹੋਈ ਸਾਰੀ ਵਾਰਦਾਤ
ਬਦਮਾਸ਼ਾਂ ਨੇ ਆਉਂਦੇ ਹੀ ਉਸਦੇ ਸਕੂਟਰ ਨੂੰ ਜ਼ੋਰਦਾਰ ਲੱਤ ਮਾਰੀ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰਿਆ ਅਤੇ ਪੁੱਠੇ ਦਾਤ ਨਾਲ ਉਸ ’ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਉਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸਦਾ ਸਕੂਟਰ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
Publish Date: Sun, 20 Sep 2026 11:35 AM (IST)
Updated Date: Sun, 20 Sep 2026 11:40 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਮਾਡਲ ਟਾਊਨ ਦੇ ਭੀੜਭਾੜ ਵਾਲੇ ਇਲਾਕੇ ਲਾਲ ਕੋਠੀ ਨੇੜੇ ਰਾਤ ਵੇਲੇ ਬੇਖੌਫ਼ ਬਦਮਾਸ਼ਾਂ ਨੇ 70 ਸਾਲਾ ਬਜ਼ੁਰਗ ’ਤੇ ਹਮਲਾ ਕਰਕੇ ਉਸਦਾ ਸਕੂਟਰ ਲੁੱਟ ਲਿਆ। ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤਿੰਨ ਬਦਮਾਸ਼ਾਂ ਨੇ ਪਹਿਲਾਂ ਬਜ਼ੁਰਗ ਨੂੰ ਲੱਤ ਮਾਰ ਕੇ ਸੜਕ ’ਤੇ ਸੁੱਟਿਆ ਅਤੇ ਫਿਰ ਇੱਕ ਬਦਮਾਸ਼ ਨੇ ਹੇਠਾਂ ਉਤਰ ਕੇ ਪੁੱਠੇ ਦਾਤ ਨਾਲ ਉਸ ’ਤੇ ਹਮਲਾ ਕਰ ਦਿੱਤਾ।
ਬਜ਼ੁਰਗ ਨਾਲ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਉਸਦਾ ਸਕੂਟਰ ਲੈ ਕੇ ਫਰਾਰ ਹੋ ਗਏ। ਸਾਰੀ ਵਾਰਦਾਤ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ।
ਬੇਟੇ ਦੀ ਦੁਕਾਨ ਤੋਂ ਦੋਸਤ ਨੂੰ ਮਿਲਣ ਜਾ ਰਿਹਾ ਸੀ ਬਜ਼ੁਰਗ
ਹਰਨਾਮ ਨਗਰ ਵਾਸੀ ਦੇਵਰਾਜ ਹੰਸ ਨੇ ਦੱਸਿਆ ਕਿ ਉਸਦੇ ਬੇਟੇ ਦੀ ਮਾਡਲ ਟਾਊਨ ਇਲਾਕੇ ’ਚ ਪੰਜਾਬੀ ਜੁੱਤੀਆਂ ਦੀ ਦੁਕਾਨ ਹੈ। ਰਾਤ ਕਰੀਬ 9:30 ਵਜੇ ਉਹ ਆਪਣੇ ਬੇਟੇ ਦੀ ਦੁਕਾਨ ਤੋਂ ਹੋ ਕੇ ਕਿਸੇ ਦੋਸਤ ਨੂੰ ਮਿਲਣ ਲਈ ਉਸਦੇ ਘਰ ਜਾ ਰਿਹਾ ਸੀ। ਜਿਵੇਂ ਹੀ ਉਹ ਲਾਲ ਕੋਠੀ ਨੇੜੇ ਪਹੁੰਚਿਆ ਤਾਂ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਆਏ।
ਬਦਮਾਸ਼ਾਂ ਨੇ ਆਉਂਦੇ ਹੀ ਉਸਦੇ ਸਕੂਟਰ ਨੂੰ ਜ਼ੋਰਦਾਰ ਲੱਤ ਮਾਰੀ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰਿਆ ਅਤੇ ਪੁੱਠੇ ਦਾਤ ਨਾਲ ਉਸ ’ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਉਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸਦਾ ਸਕੂਟਰ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਅੱਠ ਮਹੀਨੇ ਪਹਿਲਾਂ ਹੀ ਖਰੀਦਿਆ ਸੀ ਸਕੂਟਰ
ਦੇਵਰਾਜ ਨੇ ਦੱਸਿਆ ਕਿ ਲੁੱਟਿਆ ਗਿਆ ਸਕੂਟਰ ਉਸਨੇ ਕਰੀਬ ਅੱਠ ਮਹੀਨੇ ਪਹਿਲਾਂ ਹੀ ਖਰੀਦਿਆ ਸੀ। ਵਾਰਦਾਤ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੀ.ਸੀ.ਟੀ.ਵੀ. ਫੁਟੇਜ ਬਣੀ ਪੁਲਿਸ ਲਈ ਅਹਿਮ ਕੜੀ
ਵਾਰਦਾਤ ਦੀਆਂ ਤਸਵੀਰਾਂ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋਈਆਂ ਹਨ। ਫੁਟੇਜ ’ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਬਜ਼ੁਰਗ ਦੇ ਨੇੜੇ ਆਉਂਦੇ ਅਤੇ ਹਮਲਾ ਕਰਨ ਤੋਂ ਬਾਅਦ ਸਕੂਟਰ ਲੈ ਕੇ ਫਰਾਰ ਹੁੰਦੇ ਦਿਖਾਈ ਦੇ ਰਹੇ ਹਨ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਥਾਣਾ ਮਾਡਲ ਟਾਊਨ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫੋਟੋਆਂ ਸੀਸੀਟੀਵੀ ’ਚ ਕੈਦ ਤਸਵੀਰਾਂ ਅਨੁਸਾਰ ਪਹਿਲੋਂ ਬਦਮਾਸ਼ ਦੇਵਰਾਜ ਦਾ ਪਿੱਛਾ ਕਰਦੇ ਹਨ ਅਤੇ ਜਿੱਥੇ ਕੁਝ ਹਨੇਰਾ ਆਉਂਦਾ ਹੈ, ਉੱਥੇ ਪਹੁੰਚ ਕੇ ਮੁਲਜ਼ਮ ਦੇਵਰਾਜ ’ਤੇ ਹਮਲਾ ਕਰਕੇ ਉਸਦਾ ਨਵਾਂ ਨਕੋਰ ਸਕੂਟਰ ਲੁੱਟ ਲੈਂਦੇ ਹਨ।