
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਮਐਸਐਮਈ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਸੈਸ਼ਨ ਕਰਵਾਇਆ

52)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਸਨਅਤਕਾਰਾਂ ਤੇ ਸਨਅਤੀ ਨੁਮਾਇੰਦਿਆਂ ਨੂੰ ਐਮਐਸਐਮਈ ਦੀਆਂ ਯੋਜਨਾਵਾਂ ਤੇ ਐੱਮਐੱਸਐੱਮਈ ਐਕਟ ’ਚ ਹਾਲ ਹੀ ਵਿੱਚ ਕੀਤੀਆਂ ਸੋਧਾਂ ਬਾਰੇ ਜਾਣਕਾਰੀ ਦੇਣ ਤੇ ਜਾਗਰੂਕ ਕਰਨ ਲਈ ਇੱਕ ਜਾਗਰੂਕਤਾ ਸੈਸ਼ਨ ਦਾ ਪ੍ਰਬੰਧ ਕੀਤਾ। ਸਮਾਗਮ ਨੂੰ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦਾ ਸਹਿਯੋਗ ਪ੍ਰਾਪਤ ਸੀ। ਇਸ ਵਿੱਚ ਉਦਯੋਗ ਦੇ ਪ੍ਰਮੁੱਖ ਨੁਮਾਇੰਦਿਆਂ ਅਤੇ ਐੱਮਐੱਸਐੱਮਈ ਖੇਤਰ ਨਾਲ ਸਬੰਧਤ ਸਨਅਤਕਾਰਾਂ ਨੇ ਹਿੱਸਾ ਲਿਆ।
ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਬੀਆਈਐਸ) ਦੀ ਡਾਇਰੈਕਟਰ ਸ਼ੱਲੂ ਵਰਸ਼ਨੇ ਇਸ ਮੌਕੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਉਦਯੋਗਿਕ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਤੇ ਸਰਕਾਰੀ ਸਕੀਮਾਂ, ਨਿਯਮਾਂ ਤੇ ਉਨ੍ਹਾਂ ਦੀ ਪਾਲਣਾ ਸਬੰਧੀ ਜਾਗਰੂਕਤਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸੈਸ਼ਨ ਦੌਰਾਨ ਐੱਮਐੱਸਐੱਮਈ ਐਕਟ ’ਚ ਕੀਤੀਆਂ ਹਾਲੀਆ ਸੋਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਭਾਗੀਦਾਰਾਂ ਨੂੰ ਮੁੱਖ ਤਬਦੀਲੀਆਂ ਅਤੇ ਐਮਐਸਐਮਈ ਖੇਤਰ ਉੱਤੇ ਉਨ੍ਹਾਂ ਦੇ ਸੰਭਾਵਿਤ ਪ੍ਰਭਾਵ ਬਾਰੇ ਦੱਸਿਆ। ਖਾਸ ਤੌਰ ’ਤੇ ਕਾਰੋਬਾਰ ਨੂੰ ਆਸਾਨ ਬਣਾਉਣ, ਪਾਲਣਾ ਦੀ ਪ੍ਰਕਿਰਿਆ ਨੂੰ ਸੁਖਾਲਾ ਕਰਨ ਅਤੇ ਛੋਟੇ ਸਨਅਤਾਂ ਦੇ ਹਿੱਤਾਂ ਦੀ ਰੱਖਿਆ ਨਾਲ ਸਬੰਧਤ ਪ੍ਰਬੰਧਾਂ ’ਤੇ ਚਰਚਾ ਕੀਤੀ।
ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਐੱਮਐੱਸਐੱਮਈ ਪੰਜਾਬ ਦੀ ਉਦਯੋਗਿਕ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਨੀਤੀਆਂ, ਸਕੀਮਾਂ ਤੇ ਐਕਟਾਂ ’ਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਸਮੇਂ ਸਿਰ ਜਾਣਕਾਰੀ ਉਦਯੋਗ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਸਰਕਾਰ ਤੇ ਉਦਯੋਗ ਨੂੰ ਇਕ ਸਾਂਝੇ ਮੰਚ ’ਤੇ ਲਿਆਉਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਤੇ ਵਿਚਾਰਾਂ ਵਾਲੇ ਪ੍ਰੋਗਰਾਮ ਨਿਯਮਿਤ ਤੌਰ ’ਤੇ ਕਰਵਾਏ ਜਾਣੇ ਚਾਹੀਦੇ ਹਨ। ਕੁਲਾਰ ਅਨੁਸਾਰ ਜੇਕਰ ਅਸੀਂ ਦੇਸ਼ ’ਚ ਵਧੀਆ ਗੁਣਵੱਤਾ ਵਾਲੇ ਤੇ ਮਿਆਰੀ ਉਤਪਾਦਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ, ਤਾਂ ਉਦਯੋਗਾਂ ਲਈ ਬੀਆਈਐਸ ਰਜਿਸਟ੍ਰੇਸ਼ਨ ਤੇ ਸਰਟੀਫਿਕੇਸ਼ਨ ਦੀ ਮਹੱਤਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਨਿਰਮਾਤਾਵਾਂ ਨੂੰ ਲਾਗੂ ਬੀਆਈਐੱਸ ਮਿਆਰਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਬੀਆਈਐੱਸ ਸਰਟੀਫਿਕੇਸ਼ਨ ਨਾਲ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ, ਖਪਤਕਾਰਾਂ ਦਾ ਭਰੋਸਾ ਵਧੇਗਾ ਤੇ ਭਾਰਤੀ ਉਦਯੋਗ ਦੀ ਮੁਕਾਬਲਾਤਮੇਕ ਸਮਰੱਥਾ ਮਜ਼ਬੂਤ ਹੋਵੇਗੀ। ਇਸ ਮੌਕੇ ਹਰੀਸ਼ ਦੂਆ, ਪ੍ਰਧਾਨ ਟੈਕਸਟਾਈਲ ਐਪੈਰਲ ਐਸੋਸੀਏਸ਼ਨ, ਤਰੁਣ ਜੈਨ ਪ੍ਰਧਾਨ ਲਘੂ ਉਦਯੋਗ ਭਾਰਤੀ ਤੇ ਵਿਪਨ ਵਿਨਾਇਕ ਪ੍ਰਧਾਨ ਨਿਟਵਿਅਰ ਐਸੋਸੀਏਸ਼ਨ ਸਮੇਤ ਹੋਰ ਉਦਯੋਗਪਤੀ ਤੇ ਐੱਮਐੱਸਐੱਮਈ ਖੇਤਰ ਦੇ ਨੁਮਾਇੰਦੇ ਹਾਜ਼ਰ ਸਨ। ਹਿੱਸੇਦਾਰਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਸਨਅਤਕਾਰਾਂ ਨੂੰ ਸਰਕਾਰੀ ਯੋਜਨਾਵਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਲੈਣ ਤੇ ਨਵੇਂ ਕਾਨੂੰਨੀ ਤੇ ਨਿਯਮਕ ਪ੍ਰਬੰਧਾਂ ਦੀ ਪਾਲਣਾ ਕਰਨ ’ਚ ਮਦਦ ਮਿਲੇਗੀ।