ਦੀਵਾਲੀ ਦੀਆਂ ਖ਼ੁਸ਼ੀਆਂ ਵਿਚਾਲੇ ਪ੍ਰਦੂਸ਼ਣ ਨੇ ਵਿਗਾੜੀ ਹਵਾ, ਏਕਿਊਆਈ 365 ਤੱਕ ਪੁੱਜਾ ਦੀਵਾਲੀ ਦੀਆਂ ਖ਼ੁਸ਼ੀਆਂ ਵਿਚਾਲੇ ਪ੍ਰਦੂਸ਼ਣ ਨੇ ਵਿਗਾੜੀ ਸ਼ਹਿਰ ਦੀ ਹਵਾ, ਏਕਿਊਆਈ 365 ਤੱਕ ਪੁੱਜਿਆ
Publish Date: Mon, 09 Nov 2026 09:06 PM (IST)
Updated Date: Tue, 10 Nov 2026 04:09 AM (IST)
1 ਨੰਬਰ ਲਈ) -ਪਟਾਕਿਆਂ ਨਾਲ ਖੇਤਾਂ ’ਚ ਵੀ ਧੜੱਲੇ ਨਾਲ ਪਰਾਲੀ ਸਾ਼ੜਨ ਦੇ 71 ਮਾਮਲੇ ਆਏ ਸਾਹਮਣੇ -11 ਐੱਫਆਈਆਰ, 38 ਰੈੱਡ ਐਂਟਰੀਆਂ ਤੇ 2.75 ਲੱਖ ਜੁਰਮਾਨਾ 43 ਆਸ਼ਾ ਮਹਿਤਾ, ਪੰਜਾਬੀ ਜਾਗਰਣ, ਲੁਧਿਆਣਾ ਦੀਵਾਲੀ ਮੌਕੇ ਇਸ ਵਾਰ ਸ਼ਹਿਰ ਵਾਸੀਆਂ ਲਈ ਖ਼ੁਸ਼ੀਆਂ ਅਤੇ ਰੌਣਕਾਂ ਭਰਿਆ ਰਿਹਾ। ਘਰਾਂ ਅਤੇ ਬਾਜ਼ਾਰਾਂ ਵਿੱਚ ਦੀਪਮਾਲਾ, ਮੰਦਰਾਂ ਤੇ ਗੁਰਦੁਆਰਿਆਂ ਵਿੱਚ ਸ਼ਰਧਾਲੂਆਂ ਦੀ ਭੀੜ ਤੇ ਰਾਤ ਸਮੇਂ ਆਤਿਸ਼ਬਾਜ਼ੀ ਨੇ ਤਿਉਹਾਰ ਦੀ ਰੌਣਕ ਵਧਾਈ। ਹਾਲਾਂਕਿ ਪਟਾਕਿਆਂ ਦੀ ਆਵਾਜ਼ ਤੇ ਧੂੰਏਂ ਨਾਲ ਖੇਤਾਂ ਵਿੱਚ ਵੱਡੇ ਪੱਧਰ ਤੇ ਸਾੜੀ ਗਈ ਪਰਾਲੀ ਨੇ ਸ਼ਹਿਰ ਦੀ ਹਵਾ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਦੀਵਾਲੀ ਦੀ ਰਾਤ ਤੋਂ ਸੋਮਵਾਰ ਸਵੇਰ ਤੱਕ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 292 ਤੋਂ 365 ਦੇ ਵਿਚਾਲੇ ਦਰਜ ਕੀਤਾ, ਜੋ ਖ਼ਰਾਬ ਤੋਂ ਬੇਹੱਦ ਖ਼ਰਾਬ ਸ਼੍ਰੇਣੀ ਵਿੱਚ ਆਉਂਦਾ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀਪੀਸੀਬੀ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਸੈਟੇਲਾਈਟ ਨੇ ਦੀਵਾਲੀ ਦੀ ਰਾਤ ਜ਼ਿਲ੍ਹੇ ਦੇ 71 ਖੇਤਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਪਛਾਣ ਕੀਤੀ। ਇਸ ਸੀਜ਼ਨ ਵਿੱਚ ਪਹਿਲੀ ਵਾਰ ਇੱਕੋ ਦਿਨ ਇੰਨੀ ਵੱਡੀ ਗਿਣਤੀ ਵਿੱਚ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨਾਲ 26 ਅਕਤੂਬਰ ਤੋਂ 8 ਨਵੰਬਰ ਤੱਕ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ ਦੀ ਗਿਣਤੀ 193 ਹੋ ਗਈ ਹੈ। ਅੰਕੜਿਆਂ ਮੁਤਾਬਕ 7 ਨਵੰਬਰ ਨੂੰ 16 ਤੇ 6 ਨਵੰਬਰ ਨੂੰ 17 ਖੇਤਾਂ ਵਿੱਚ ਪਰਾਲੀ ਸਾੜਨ ਦੀ ਪੁਸ਼ਟੀ ਹੋਈ ਸੀ, ਪਰ 8 ਨਵੰਬਰ ਨੂੰ ਇਹ ਅੰਕੜਾ ਸਿੱਧਾ 71 ਤੱਕ ਪਹੁੰਚ ਗਿਆ। ਪਟਾਕਿਆਂ ਦੀ ਆਤਿਸ਼ਬਾਜ਼ੀ ਦੇ ਸ਼ੋਰ ਵਿੱਚ ਪਰਾਲੀ ਸਾੜਨ ਦੀਆਂ ਇਨ੍ਹਾਂ ਘਟਨਾਵਾਂ ਨੇ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਵਧਾ ਦਿੱਤਾ। -ਸਾਹ ਤੇ ਐਲਰਜੀ ਦੇ ਮਰੀਜ਼ਾਂ ਨੂੰ ਹੋਈ ਪਰੇਸ਼ਾਨੀ ਦੀਵਾਲੀ ਦੀ ਰਾਤ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਕਾਰਨ ਸਾਹ ਦੀਆਂ ਬਿਮਾਰੀਆਂ ਅਤੇ ਐਲਰਜੀ ਤੋਂ ਪੀੜਤ ਲੋਕਾਂ ਨੂੰ ਕਈ ਘੰਟਿਆਂ ਤੱਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਮਰੀਜ਼ਾਂ ਨੂੰ ਇਨਹੇਲਰ ਦੀ ਵਰਤੋਂ ਕਰਨੀ ਪਈ, ਜਦਕਿ ਕੁਝ ਮਰੀਜ਼ ਸੋਮਵਾਰ ਸਵੇਰੇ ਹਸਪਤਾਲਾਂ ਦੀਆਂ ਓਪੀਡੀਜ਼ ਵਿੱਚ ਇਲਾਜ ਲਈ ਪਹੁੰਚੇ। ਪ੍ਰਦੂਸ਼ਣ ਕਾਰਨ ਸਾਹ ਲੈਣ ਵਿੱਚ ਦਿੱਕਤ ਅਤੇ ਐਲਰਜੀ ਦੀਆਂ ਸਮੱਸਿਆਵਾਂ ਵਧਣ ਦੀ ਸ਼ਿਕਾਇਤ ਸਾਹਮਣੇ ਆਈ। ਐਤਵਾਰ ਅੱਧੀ ਰਾਤ ਤੋਂ ਬਾਅਦ ਸੋਮਵਾਰ ਸਵੇਰੇ ਛੇ ਵਜੇ ਤੱਕ ਹਵਾ ਲਗਪਗ 1.5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀ। ਸਵੇਰੇ ਧੁੱਪ ਨਿਕਲਣ ਕਾਰਨ ਕੁਝ ਰਾਹਤ ਜ਼ਰੂਰ ਮਿਲੀ, ਪਰ ਸ਼ਾਮ ਸਾਢੇ ਛੇ ਵਜੇ ਤੋਂ ਬਾਅਦ ਹਵਾ ਦੀ ਗੁਣਵੱਤਾ ਮੁੜ ਖ਼ਰਾਬ ਸ਼੍ਰੇਣੀ ਵਿੱਚ ਪਹੁੰਚ ਗਈ ਅਤੇ ਏਕਿਊਆਈ 296 ਦਰਜ ਕੀਤਾ ਗਿਆ। ਵਾਤਾਵਰਨ ਮਾਹਿਰਾਂ ਅਨੁਸਾਰ ਹਵਾ ਚੱਲਣ ਨਾਲ ਵਾਤਾਵਰਨ ਵਿੱਚ ਮੌਜੂਦ ਪ੍ਰਦੂਸ਼ਕ ਕਣ ਇੱਕ ਥਾਂ ਇਕੱਠੇ ਰਹਿਣ ਦੀ ਬਜਾਏ ਫੈਲਣ ਲੱਗਦੇ ਹਨ। ਇਸ ਨਾਲ ਪ੍ਰਦੂਸ਼ਣ ਦੇ ਸਥਾਨਕ ਪ੍ਰਭਾਵ ਵਿੱਚ ਕੁਝ ਕਮੀ ਆ ਸਕਦੀ ਹੈ। ਦੂਜੇ ਪਾਸੇ, ਇੱਕ ਨਿੱਜੀ ਵੈੱਬਸਾਈਟ ਦੇ ਅੰਕੜਿਆਂ ਅਨੁਸਾਰ 8 ਨਵੰਬਰ ਦੀ ਰਾਤ ਸਾਢੇ ਨੌਂ ਤੋਂ 11 ਵਜੇ ਤੱਕ ਏਕਿਊਆਈ 1000 ਤੋਂ 1500 ਦੇ ਵਿਚਕਾਰ ਅਤੇ ਰਾਤ 11 ਤੋਂ ਸਾਢੇ 12 ਵਜੇ ਤੱਕ ਲਗਪਗ 1950 ਦਰਜ ਕੀਤਾ ਗਿਆ। ਹਾਲਾਂਕਿ ਪੀਪੀਸੀਬੀ ਵੱਲੋਂ ਜਾਰੀ ਅੰਕੜਿਆਂ ਵਿੱਚ ਇਸ ਤੋਂ ਵੱਖਰਾ ਪੱਧਰ ਦਰਜ ਕੀਤਾ ਗਿਆ। ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ 11 ਐੱਫਆਈਆਰ ਦਰਜ ਪੀਪੀਸੀਬੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਖੇਤਾਂ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਹੁਣ ਤੱਕ 11 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 38 ਮਾਮਲਿਆਂ ਵਿੱਚ ਰੈੱਡ ਐਂਟਰੀਆਂ ਕੀਤੀਆਂ ਗਈਆਂ ਹਨ ਅਤੇ ਸਬੰਧਤ ਲੋਕਾਂ ਨੂੰ ਕੁੱਲ 2.75 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਦੇ ਬਾਵਜੂਦ ਦੀਵਾਲੀ ਵਾਲੇ ਦਿਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਹੋਇਆ ਵੱਡਾ ਵਾਧਾ ਪ੍ਰਸ਼ਾਸਨਿਕ ਪ੍ਰਬੰਧਾਂ ਤੇ ਸਵਾਲ ਖੜ੍ਹੇ ਕਰਦਾ ਹੈ। ਨਵੰਬਰ ਦੇ ਪਹਿਲੇ ਨੌਂ ਦਿਨਾਂ ਵਿੱਚ ਏਕਿਊਆਈ ਪਿਛਲੇ ਸਾਲ ਨਾਲੋਂ ਵੱਧ ਨਵੰਬਰ ਦੇ ਪਹਿਲੇ ਨੌਂ ਦਿਨਾਂ ਦੇ ਅੰਕੜਿਆਂ ਦੀ ਤੁਲਨਾ ਕੀਤੀ ਜਾਵੇ ਤਾਂ ਇਸ ਸਾਲ ਹਵਾ ਦੀ ਗੁਣਵੱਤਾ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾਤਰ ਦਿਨਾਂ ਵਿੱਚ ਖ਼ਰਾਬ ਰਹੀ। 2026 ਵਿੱਚ 1 ਨਵੰਬਰ ਨੂੰ ਏਕਿਊਆਈ 216, 2 ਨਵੰਬਰ ਨੂੰ 214, 3 ਨਵੰਬਰ ਨੂੰ 212, 4 ਨਵੰਬਰ ਨੂੰ 150, 5 ਨਵੰਬਰ ਨੂੰ 218, 6 ਨਵੰਬਰ ਨੂੰ 204, 7 ਨਵੰਬਰ ਨੂੰ 222, 8 ਨਵੰਬਰ ਨੂੰ 237 ਅਤੇ 9 ਨਵੰਬਰ ਨੂੰ 292 ਦਰਜ ਕੀਤਾ ਗਿਆ। ਇਸ ਦੇ ਮੁਕਾਬਲੇ 2025 ਵਿੱਚ ਇਨ੍ਹਾਂ ਨੌਂ ਦਿਨਾਂ ਦੌਰਾਨ ਏਕਿਊਆਈ ਕ੍ਰਮਵਾਰ 176, 187, 172, 202, 143, 172, 142, 163 ਅਤੇ 207 ਰਿਹਾ ਸੀ। ਇਸ ਤਰ੍ਹਾਂ ਇਸ ਸਾਲ 9 ਨਵੰਬਰ ਨੂੰ ਏਕਿਊਆਈ ਪਿਛਲੇ ਸਾਲ ਦੇ ਇਸੇ ਦਿਨ ਨਾਲੋਂ 85 ਅੰਕ ਵੱਧ ਦਰਜ ਕੀਤਾ ਗਿਆ। 11 ਤੇ 12 ਨਵੰਬਰ ਨੂੰ ਹਵਾ ਤੇ ਮੀਂਹ ਨਾਲ ਮਿਲ ਸਕਦੀ ਹੈ ਰਾਹਤ ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਅਨੁਸਾਰ ਮੰਗਲਵਾਰ ਨੂੰ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। 11 ਨਵੰਬਰ ਦੀ ਦੁਪਹਿਰ ਤੋਂ ਬਾਅਦ ਇੱਕ ਨਵਾਂ ਪੱਛਮੀ ਵਿਘਨ ਸਰਗਰਮ ਹੋ ਰਿਹਾ ਹੈ, ਜਿਸ ਦਾ ਅਸਰ 12 ਤੇ 13 ਨਵੰਬਰ ਤੱਕ ਰਹਿ ਸਕਦਾ ਹੈ। ਇਸ ਕਾਰਨ ਪੰਜਾਬ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ 15 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਕੁਝ ਥਾਵਾਂ ਤੇ ਹਲਕਾ ਮੀਂਹ ਜਾਂ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਇਸ ਨਾਲ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲ ਸਕਦੀ ਹੈ। ਹਾਲਾਂਕਿ ਤੇਜ਼ ਹਵਾਵਾਂ ਤੇ ਮੀਂਹ ਦੀ ਸੰਭਾਵਨਾ ਨਹੀਂ ਹੈ। -ਇਸ ਸਾਲ 26 ਅਕਤੂਬਰ ਤੋਂ 8 ਨਵੰਬਰ ਤੱਕ ਪਰਾਲੀ ਸਾੜਨ ਦੇ ਮਾਮਲੇ ਤਰੀਕ ਮਾਮਲੇ 26 ਅਕਤੂਬਰ 1 27 ਅਕਤੂਬਰ 1 28 ਅਕਤੂਬਰ 4 29 ਅਕਤੂਬਰ 2 30 ਅਕਤੂਬਰ 8 31 ਅਕਤੂਬਰ 16 1 ਨਵੰਬਰ 11 2 ਨਵੰਬਰ 6 3 ਨਵੰਬਰ 19 4 ਨਵੰਬਰ 13 5 ਨਵੰਬਰ 24 6 ਨਵੰਬਰ 17 7 ਨਵੰਬਰ 16 8 ਨਵੰਬਰ 71 ਕੁੱਲ 193।