ਅਦਾਲਤੀ ਵਿਵਾਦ ਵਿਚਾਲੇ ਸਹੁਰੇ ਪਰਿਵਾਰ ਦੇ ਤਸ਼ੱਦਦ ਤੋਂ ਤੰਗ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਭਰਾ ਦੇ ਬਿਆਨਾਂ 'ਤੇ 3 'ਤੇ ਪਰਚਾ ਦਰਜ ਗੁਰੂ ਅਰਜਨ ਦੇਵ ਨਗਰ ਇਲਾਕੇ ਵਿੱਚ ਇੱਕ ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰਕ ਵਿਵਾਦ ਨੇ ਗੰਭੀਰ ਰੂਪ ਧਾਰ ਲਿਆ ਹੈ। ਮ੍ਰਿਤਕਾ ਦੀ ਪਛਾਣ ਮਨਦੀਪ ਕੌਰ ਵਜੋਂ ਹੋਈ ਹੈ। ਉਸ ਦੇ ਭਰਾ ਸੰਦੀਪ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਪਤੀ ਅਰਵਿੰਦਰ ਕੁਮਾਰ, ਸਹੁਰੇ ਕ੍ਰਿਸ਼ਨ ਲਾਲ ਅਤੇ ਸੱਸ ਕਮਲੇਸ਼ ਰਾਣੀ ਖ਼ਿਲਾਫ਼ ਬੀਐਨਐਸ ਦੀ ਧਾਰਾ 108 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sat, 05 Sep 2026 02:05 PM (IST)
Updated Date: Sat, 05 Sep 2026 02:07 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਗੁਰੂ ਅਰਜਨ ਦੇਵ ਨਗਰ ਇਲਾਕੇ ਵਿੱਚ ਇੱਕ ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰਕ ਵਿਵਾਦ ਨੇ ਗੰਭੀਰ ਰੂਪ ਧਾਰ ਲਿਆ ਹੈ। ਮ੍ਰਿਤਕਾ ਦੀ ਪਛਾਣ ਮਨਦੀਪ ਕੌਰ ਵਜੋਂ ਹੋਈ ਹੈ। ਉਸ ਦੇ ਭਰਾ ਸੰਦੀਪ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਪਤੀ ਅਰਵਿੰਦਰ ਕੁਮਾਰ, ਸਹੁਰੇ ਕ੍ਰਿਸ਼ਨ ਲਾਲ ਅਤੇ ਸੱਸ ਕਮਲੇਸ਼ ਰਾਣੀ ਖ਼ਿਲਾਫ਼ ਬੀਐਨਐਸ ਦੀ ਧਾਰਾ 108 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਤਾਜਪੁਰ ਰੋਡ ਸਥਿਤ ਗੁਰੂ ਅਰਜਨ ਦੇਵ ਨਗਰ ਵਾਸੀ ਸੰਦੀਪ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਮਨਦੀਪ ਕੌਰ ਦਾ ਵਿਆਹ 6 ਦਸੰਬਰ 2014 ਨੂੰ ਅਰਵਿੰਦਰ ਕੁਮਾਰ ਨਾਲ ਹੋਇਆ ਸੀ। ਸ਼ਿਕਾਇਤ ਅਨੁਸਾਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਅਰਵਿੰਦਰ ਕੁਮਾਰ, ਸਹੁਰਾ ਕ੍ਰਿਸ਼ਨ ਲਾਲ ਅਤੇ ਸੱਸ ਕਮਲੇਸ਼ ਰਾਣੀ ਕਥਿਤ ਤੌਰ ’ਤੇ ਉਸ ਨਾਲ ਮਾਰਕੁੱਟ ਕਰਨ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਲੱਗ ਪਏ ਸਨ। ਇਸੇ ਵਿਵਾਦ ਕਾਰਨ ਮਨਦੀਪ ਕੌਰ ਦਾ ਆਪਣੇ ਪਤੀ ਨਾਲ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਸੀ।
ਸੰਦੀਪ ਨੇ ਦੱਸਿਆ ਕਿ 3 ਅਪ੍ਰੈਲ 2026 ਨੂੰ ਉਸ ਦੀ ਭੈਣ ਕੇਸ ਦੀ ਸੁਣਵਾਈ ਲਈ ਲੁਧਿਆਣਾ ਦੀ ਅਦਾਲਤ ਗਈ ਸੀ। ਸ਼ਿਕਾਇਤ ਅਨੁਸਾਰ ਉੱਥੇ ਉਸ ਦੇ ਪਤੀ ਅਰਵਿੰਦਰ ਕੁਮਾਰ ਨੇ ਉਸ ਨੂੰ ਕਥਿਤ ਤੌਰ ’ਤੇ ਧਮਕਾਉਂਦਿਆਂ ਕਿਹਾ ਕਿ ਉਹ ਉਸ ਨੂੰ ਕੋਈ ਖਰਚਾ ਨਹੀਂ ਦੇਵੇਗਾ, ਨਾ ਹੀ ਅਦਾਲਤ ਦੇ ਜ਼ਰੀਏ ਖਰਚਾ ਦੇਵੇਗਾ। ਮਨਦੀਪ ਨੇ ਘਰ ਆ ਕੇ ਇਹ ਗੱਲ ਆਪਣੇ ਭਰਾ ਨੂੰ ਦੱਸੀ, ਜਿਸ ਤੋਂ ਬਾਅਦ ਉਹ ਕਾਫ਼ੀ ਪਰੇਸ਼ਾਨ ਅਤੇ ਤਣਾਅ ਵਿੱਚ ਰਹਿਣ ਲੱਗੀ।
ਇਸੇ ਦੌਰਾਨ ਅਗਲੇ ਦਿਨ ਮਨਦੀਪ ਕੌਰ ਨੇ ਘਰ ਦੀ ਛੱਤ ਵਾਲੇ ਪੱਖੇ ਨਾਲ ਚੁੰਨੀ ਦਾ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਕੈਂਚੀ, ਲੱਕੜ ਦਾ ਟੇਬਲ, ਇੱਕ ਸੁਸਾਈਡ ਨੋਟ ਅਤੇ ਫਾਹੇ ਵਿੱਚ ਵਰਤੀ ਗਈ ਚੁੰਨੀ ਬਰਾਮਦ ਕੀਤੀ ਹੈ। ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।