ਖੋਜ ਤੇ ਅਧਿਆਪਨ ਨੂੰ ਬਿਹਤਰ ਬਣਉਣ ਦੇ ਦੱਸੇ ਨੁਕਤੇ
ਅਮਰੀਕਾ ਦੇ ਪ੍ਰੋਫੈਸਰ ਸਰਜਿੰਦਰ ਸਿੰਘ ਨੇ ਦੱਸੇ ਖੋਜ ਅਤੇ ਅਧਿਆਪਨ ਨੂੰ ਬਿਹਤਰ ਬਨਾਉਣ ਦੇ ਨੁਕਤੇ
Publish Date: Fri, 12 Jun 2026 08:16 PM (IST)
Updated Date: Sat, 13 Jun 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ ਦੇ ਗਣਿਤ, ਸਟੈਟਟਿਕਸ ਅਤੇ ਫਿਜ਼ਿਕਸ ਵਿਭਾਗ ਵੱਲੋਂ ਇੱਕ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਗਈ ਜਿਸ ਵਿੱਚ ਮਾਹਿਰ ਬੁਲਾਰੇ ਵਜੋਂ ਪੀਏਯੂ ਦੇ ਆਨਰੇਰੀ ਵਿਜ਼ਟਿੰਗ ਪ੍ਰੋਫੈਸਰ ਅਤੇ ਸਾਬਕਾ ਵਿਦਿਆਰਥੀ ਡਾ. ਸਰਜਿੰਦਰ ਸਿੰਘ ਸ਼ਾਮਿਲ ਹੋਏ। ਡਾ. ਸਰਜਿੰਦਰ ਸਿੰਘ ਹਾਲੀਆ ਸਮੇਂ ਟੈਕਸਾਸ ਯੂਨੀਵਰਸਿਟੀ ਕਿੰਗਜ਼ਵਿਲੇ ਅਮਰੀਕਾ ਦੇ ਗਣਿਤ ਵਿਭਾਗ ਵਿੱਚ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾ ਰਹੇ ਹਨ। ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਜ਼ਟਿੰਗ ਪ੍ਰੋਫੈਸਰ ਵਜੋਂ ਯੂਨੀਵਰਸਿਟੀ ਨਾਲ ਜੁੜੇ ਡਾ. ਸਰਜਿੰਦਰ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨਾਂ ਦਾ ਸਨਮਾਨ ਕੀਤਾ। ਵਿਚਾਰ-ਚਰਚਾ ਦੌਰਾਨ ਡਾ.ਸਰਜਿੰਦਰ ਸਿੰਘ ਨੇ ਅਮਰੀਕਾ ਵਿੱਚ ਅਧਿਆਪਨ ਦੇ ਆਪਣੇ ਤਜਰਬੇ ਸਾਂਝੇ ਕੀਤੇ। ਉਨਾਂ ਮੌਜੂਦਾ ਵਿਦਿਆਰਥੀਆਂ ਨੂੰ ਸਮੂਹਿਕ ਰੂਪ ਵਿੱਚ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਖੋਜ ਅਤੇ ਅਧਿਆਪਨ ਨੂੰ ਬਿਹਤਰ ਬਨਾਉਣ ਦੇ ਨੁਕਤੇ ਵੀ ਸਾਂਝੇ ਕੀਤੇ। ਡਾ. ਸਿੰਘ ਨੇ ਕਿਹਾ ਕਿ ਜ਼ਿੰਦਗੀ ਵਿੱਚ ਨਿਸ਼ਾਨੇ ਮਿੱਥ ਕੇ ਉਨਾਂ ਦੀ ਪ੍ਰਾਪਤੀ ਲਈ ਸਮਰਪਣ ਨਾਲ ਕਾਰਜ ਕਰਨਾ ਸਫਲਤਾ ਦੀ ਪੂੰਜੀ ਹੈ। ਇਸ ਮੌਕੇ ਸੰਬੰਧਿਤ ਵਿਭਾਗਾਂ ਦੇ ਅਧਿਆਪਨ ਅਮਲੇ, ਖੋਜਾਰਥੀਆਂ ਅਤੇ ਪੀਜੀ ਵਿਦਿਆਰਥੀਆਂ ਨੇ ਵਿਚਾਰ-ਚਰਚਾ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਡਾ. ਸਿੰਘ ਤੋਂ ਬਹੁਤ ਸਾਰੇ ਸਵਾਲ ਪੁੱਛੇ ਅਤੇ ਉਨਾਂ ਦੇ ਜੀਵਨ ਤਜਰਬਿਆਂ ਨੂੰ ਗਿਆਨ ਦੇ ਸਰੋਤ ਵਜੋਂ ਦੇਖਿਆ। ਵਿਭਾਗ ਦੇ ਮੁਖੀ ਡਾ. ਮੁਹੰਮਦ ਜਾਵੇਦ ਨੇ ਡਾ. ਸਰਜਿੰਦਰ ਸਿੰਘ ਦੀ ਜਾਣ-ਪਛਾਣ ਕਰਵਾਈ। ਉਨਾਂ ਦੱਸਿਆ ਕਿ ਡਾ. ਸਰਜਿੰਦਰ ਸਿੰਘ 1991 ਵਿੱਚ ਪੀਏਯੂ. ਤੋਂ ਡਾਕਟਰੇਟ ਦੀ ਪੜਾਈ ਕਰਨ ਤੋਂ ਬਾਅਦ ਕੈਨੇਡਾ ਵਿੱਚ ਗਏ। ਉਨਾਂ ਆਪਣੇ ਖੇਤਰ ਵਿੱਚ ਬਹੁਤ ਸਾਰਾ ਖੋਜ ਅਤੇ ਪ੍ਰਕਾਸ਼ਨ ਕਾਰਜ ਕੀਤਾ, 1994 ਵਿੱਚ ਉਨਾਂ ਨੂੰ ਅਮਰੀਕਾ ਵਿੱਚ ਨੌਜਵਾਨ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਦੇਸ਼-ਵਿਦੇਸ਼ ਦੀਆਂ ਕਈ ਵੱਕਾਰੀ ਸੁਸਾਇਟੀਆਂ ਨਾਲ ਜੁੜੇ ਹੋਣ ਵਾਲੇ ਡਾ. ਸਰਜਿੰਦਰ ਸਿੰਘ ਦੁਨੀਆਂ ਭਰ ਵਿੱਚ ਸਟੈਟਿਕਸ ਦੇ ਵਿਸ਼ੇ ਉੱਪਰ ਆਪਣੇ ਵਿਚਾਰ ਸਾਂਝੇ ਕਰਨ ਲਈ ਜਾਂਦੇ ਰਹੇ ਹਨ। ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਵਿਭਾਗ ਵੱਲੋਂ ਕਰਵਾਏ ਇਸ ਭਾਸ਼ਣ ਨੂੰ ਲਾਹੇਵੰਦ ਕਿਹਾ। ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਇਸ ਵਿਚਾਰ-ਚਰਚਾ ਸੈਸ਼ਨ ਦਾ ਸੰਚਾਲਨ ਕੀਤਾ। ਅੰਤ ਵਿੱਚ ਡਾ. ਅੰਮ੍ਰਿਤ ਕੌਰ ਮਾਹਲ ਨੇ ਸਭ ਲਈ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਪੀਏਯੂ. ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰ ਅਤੇ ਵਿਗਿਆਨੀ ਮੌਜੂਦ ਸਨ।