- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਬੌਟਮ-ਬਿਜਲੀ ਕੱਟਾਂ ਤੇ ਕਥਿਤ ਨਾਜਾਇਜ਼ ਬਿੱਲਾਂ ਖ਼ਿਲਾਫ਼ ਅਕਾਲੀ ਦਲ ਵੱਲੋਂ ਬਿਜਲੀ ਦਫ਼ਤਰਾਂ ਦੇ ਬਾਹਰ ਰੋਸ ਧਰਨੇ

-ਧਰਨਿਆਂ ਦੌਰਾਨ ਸਰਕਾਰ ਦੇ ਪੁਤਲੇ ਫੂਕ ਕੇ ਕੱਢੀ ਭੜਾਸ, ਡੀਸੀ ਨੂੰ ਰਾਜਪਾਲ ਦੇ ਨਾਮ ’ਤੇ ਸੌਂਪਿਆ ਯਾਦ ਪੱਤਰ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੁੱਧਵਾਰ ਨੂੰ ਲੁਧਿਆਣਾ ਦੇ 6 ਵਿਧਾਨ ਸਭਾ ਹਲਕਿਆਂ ’ਚ ਬਿਜਲੀ ਘਰਾਂ ਦੇ ਬਾਹਰ ਤੇ ਡੀਸੀ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਰੋਸ ਮੁਜ਼ਾਹਰਾ ਬਿਜਲੀ ਕੱਟਾਂ ਤੇ ਨਾਜਾਇਜ਼ ਬਿੱਲਾਂ ਖ਼ਿਲਾਫ਼ ਲਾਏ। ਧਰਨੇ ਦੌਰਾਨ ਅਕਾਲੀਆਂ ਨੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਆਪਣੀ ਅੰਦਰਲੀ ਭੜਾਸ ਕੱਢੀ। ਧਰਨਿਆਂ ਨੂੰ ਹਲਕਾ ਇੰਚਾਰਜਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਅਤੇ ਕੋਰ ਕਮੇਟੀ ਮੈਂਬਰ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਕੈਬਨਿਟ ਮੰਤਰੀ ਤੇ ਬੀਸੀ ਵਿੰਗ ਦੇ ਪ੍ਰਧਾਨ ਜਥੇ. ਹੀਰਾ ਸਿੰਘ ਗਾਬੜੀਆ ਨੇ ਵੀ ਹਾਜ਼ਰ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਣਐਲਾਨੇ ਬਿਜਲੀ ਕੱਟ ਲਾਉਣੇ ਬੰਦ ਕੀਤੇ ਜਾਣ, ਤਾਂ ਜੋ ਆਮ ਲੋਕਾਂ ਦੇ ਨਾਲ-ਨਾਲ ਸਨਅਤਕਾਰਾਂ ਨੂੰ ਪਰੇਸ਼ਾਨੀ ਨਾ ਝੱਲਣੀ ਪਵੇ। ਮੌਜੂਦਾ ਸਰਕਾਰ ਨੂੰ ਇਸ ਬਾਰੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।
-ਬਾਕਸ-
-ਹਲਕਾ ਪੂਰਬੀ ਦੇ ਕਾਕੋਵਾਲ ਬਿਜਲੀ ਕਰ ਦੇ ਬਾਹਰ ਰੋਸ ਵਿਖਾਵਾ
1) ਹਲਕਾ ਲੁਧਿਆਣਾ ਪੂਰਬੀ ਦਾ ਕਾਕੋਵਾਲ ਰੋਡ ਬਿਜਲੀ ਘਰ ਦੇ ਬਾਹਰ ਧਰਨਾ ਦੇਣ ਸਮੇਂ ਹਲਕਾ ਇੰਚਾਰਜ ਰਣਜੀਤ ਸਿੰਘ ਢਿੱਲੋਂ ਤੇ ਅਕਾਲੀ ਆਗੂ ਤੇ ਵਰਕਰਜ਼।
ਸ੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਦੇ ਕੱਟਾਂ ਅਤੇ ਕਥਿਤ ਨਾਜਾਇਜ਼ ਬਿਜਲੀ ਬਿੱਲਾਂ ਦੇ ਵਿਰੋਧ ਵਿੱਚ ਹਲਕਾ ਵਾਰ ਦਿੱਤੇ ਜਾ ਰਹੇ ਰੋਸ ਧਰਨਿਆਂ ਦੀ ਲੜੀ ਤਹਿਤ ਹਲਕਾ ਲੁਧਿਆਣਾ ਪੂਰਬੀ ਵਿੱਚ ਕਾਕੋਵਾਲ ਰੋਡ ਸਥਿਤ ਬਿਜਲੀ ਘਰ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਹਲਕਾ ਇੰਚਾਰਜ ਤੇ ਬਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਕੀਤੀ। ਧਰਨੇ ਦੌਰਾਨ ਅਕਾਲੀ ਆਗੂਆਂ ਨੇ ਕਿਹਾ ਕਿ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਲੋਕਾਂ ਨੂੰ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਘਰੇਲੂ ਖਪਤਕਾਰਾਂ ਨੂੰ ਕਥਿਤ ਤੌਰ ’ਤੇ ਗਲਤ ਅਤੇ ਵੱਧ ਰਕਮ ਵਾਲੇ ਬਿਜਲੀ ਬਿੱਲ ਮਿਲਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਆਗੂਆਂ ਨੇ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਬਿਜਲੀ ਸਪਲਾਈ ਵਿੱਚ ਸੁਧਾਰ ਕਰਨ ਤੇ ਬਿੱਲਾਂ ਸਬੰਧੀ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਮੰਗ ਕੀਤੀ। ਢਿੱਲੋਂ ਨੇ ਕਿਹਾ ਕਿ ਬਿਜਲੀ ਦੀ ਨਿਯਮਤ ਸਪਲਾਈ ਲੋਕਾਂ ਦੀ ਬੁਨਿਆਦੀ ਲੋੜ ਹੈ। ਬਿਜਲੀ ਕੱਟਾਂ ਕਾਰਨ ਘਰਾਂ ਦੇ ਨਾਲ-ਨਾਲ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਵੀ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਕੱਟਾਂ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਜਿਨ੍ਹਾਂ ਖਪਤਕਾਰਾਂ ਦੇ ਬਿੱਲਾਂ ਵਿੱਚ ਗਲਤੀਆਂ ਹਨ, ਉਨ੍ਹਾਂ ਨੂੰ ਠੀਕ ਕਰਕੇ ਰਾਹਤ ਦਿੱਤੀ ਜਾਵੇ। ਧਰਨੇ ਵਿੱਚ ਸਰਬਜੀਤ ਸਿੰਘ ਲਾਡੀ, ਡਾ. ਅਸ਼ਵਨੀ ਪਾਸੀ, ਬਲਵਿੰਦਰ ਸਿੰਘ ਐੱਮਡੀ, ਕਮਲਜੀਤ ਸਿੰਘ ਨਿੱਕੂ ਗਰੇਵਾਲ, ਸਿਮਰਨਜੀਤ ਸਿੰਘ ਹਨੀ, ਕਮਲ ਅਰੋੜਾ, ਤੇਜਾ ਸਿੰਘ ਖਾਲਸਾ, ਨੇਕ ਸਿੰਘ ਸੇਖੇਵਾਲ, ਸਿਮਰਨਜੀਤ ਸਿੰਘ ਸਮਰਾ, ਹਰਪ੍ਰੀਤ ਸਿੰਘ ਹੰਸ, ਅਸ਼ੋਕ ਬੇਦੀ, ਸਤਪਾਲ ਕੋਚਰ, ਮਾਨਵ, ਗੁਰਜੀਤ ਸਿੰਘ, ਰਤਨ ਵੜੈਚ, ਮੁਨੀਸ਼ ਸਹਿਗਲ, ਬਲਵੀਰ ਸਿੰਘ ਭਿੰਡਰ, ਕਰਨੈਲ ਸਿੰਘ, ਸੰਤੋਖ ਸਿੰਘ, ਬਲਕਾਰ ਸਿੰਘ ਅਨੰਦਪੁਰ, ਹਰਦੀਪ ਸਿੰਘ ਮੁਲਤਾਨੀ, ਨਰਿੰਦਰ ਸਿੰਘ ਲਾਲੀ, ਸਵਰਨ ਸਿੰਘ, ਜੋਧ ਸਿੰਘ, ਰਾਜਨ ਅਰੋੜਾ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਮਨਜੀਤ ਸਿੰਘ ਜੋਸ਼ਨ, ਕੁਲਦੀਪ ਸੈਣੀ, ਧਵਨ, ਨਿਰਮਲ ਸਿੰਘ ਪਾਡੀ, ਕੀਮਤੀ ਲਾਲ ਸਿੰਘ ਖਾਲਸਾ, ਨਵਾਬ ਮਲਿਕ, ਸਚਦਾਨੰਦ, ਜਸਪ੍ਰੀਤ ਸਿੰਘ, ਰਣਜੀਤ ਬਜਾਜ, ਪਰਮਜੀਤ ਸਿੰਘ ਪੰਮਾ, ਜਗਸੀਰ ਸਿੰਘ, ਬਲਵੰਤ ਸਿੰਘ, ਜਰਨੈਲ ਸਿੰਘ ਜੈਲਾ, ਮਨਦੀਪ ਸਿੰਘ ਸੈਣੀ, ਦਲਜੀਤ ਸਿੰਘ, ਕੁਤਬੁਦੀਨ ਰਾਮੂ ਅਤੇ ਮੁਹੰਮਦ ਅਹਿਸਾਨ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
-ਬਾਕਸ-
-ਬਿਜਲੀ ਸੰਕਟ ਖ਼ਿਲਾਫ਼ ਅਕਾਲੀ ਦਲ ਹਲਕਾ ਪੱਛਮੀ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
2) ਡੀਸੀ ਦਫ਼ਤਰ ਦੇ ਬਾਹਰ ਰੋਸ ਧਰਨੇ ਨੂੰ ਸੰਬੋਧਨ ਕਰਦੇ ਹਲਕਾ ਲੁਧਿਆਣਾ ਪੱਛਮੀ ਦੇ ਇੰਚਾਰਜ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਨਾਲ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜ੍ਹੀਆ ਤੇ ਹੋਰ।
ਸੂਬੇ ਵਿੱਚ ਬਿਜਲੀ ਸੰਕਟ ਦੇ ਮੁੱਦੇ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਹਲਕਾ ਲੁਧਿਆਣਾ ਪੱਛਮੀ ਵੱਲੋਂ ਸੋਮਵਾਰ ਨੂੰ ਡੀਸੀ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਲੁਧਿਆਣਾ ਪੱਛਮੀ ਹਲਕੇ ਦੇ ਇੰਚਾਰਜ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕੀਤੀ। ਇਸ ਦੌਰਾਨ ਹਲਕੇ ਦੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਘੁੰਮਣ ਨੇ ਸਰਕਾਰ ’ਤੇ ਸੂਬੇ ਵਿੱਚ ਬਿਜਲੀ ਪ੍ਰਬੰਧਨ ਨੂੰ ਲੈ ਕੇ ਨਾਕਾਮ ਰਹਿਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟਾਂ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ, ਦੁਕਾਨਦਾਰਾਂ ਵਪਾਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਅਕਾਲੀ ਆਗੂਆਂ ਨੇ ਕਿਹਾ ਕਿ ਬਿਜਲੀ ਦੀ ਕਮੀ ਕਾਰਨ ਲੋਕਾਂ ਦੇ ਰੋਜ਼ਾਨਾ ਕੰਮਕਾਜ ’ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿੱਥੇ ਵੀ ਬਿਜਲੀ ਸਪਲਾਈ ਵਿੱਚ ਵਿਘਨ ਪੈ ਰਿਹਾ ਹੈ, ਉੱਥੇ ਤੁਰੰਤ ਸੁਧਾਰਾਤਮਕ ਕਦਮ ਚੁੱਕੇ ਜਾਣ ਅਤੇ ਖਪਤਕਾਰਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨੀ ਤੋਂ ਬਚਾਇਆ ਜਾਵੇ। ਧਰਨੇ ਉਪਰੰਤ ਪਾਰਟੀ ਆਗੂਆਂ ਦੇ ਵਫ਼ਦ ਵੱਲੋਂ ਡੀਸੀ ਨੂੰ ਰਾਜਪਾਲ ਦੇ ਨਾਮ ’ਤੇ ਮੰਗ ਪੱਤਰ ਸੌਂਪਿਆ। ਇਸ ਵਿੱਚ ਸੂਬੇ ਵਿੱਚ ਬਿਜਲੀ ਸਪਲਾਈ ਤੁਰੰਤ ਸੁਚਾਰੂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ। ਇਸ ਦੌਰਾਨ ਜਥੇਦਾਰ ਹੀਰਾ ਸਿੰਘ ਸਾਬਕਾ ਕੈਬਨਿਟ ਮੰਤਰੀ, ਕਮਲ ਚੇਟਲੀ, ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਅਕਾਲੀ ਜੱਥਾ ਲੁਧਿਆਣਾ, ਨਰੇਸ਼ ਧੀਂਗਾਨ, ਜਸਦੀਪ ਸਿੰਘ ਕਾਉਂਕੇ, ਰਾਜਾ ਕੰਗ, ਪੀਏਸੀ ਮੈਂਬਰਾਂ, ਜਨਰਲ ਕੌਂਸਲ ਮੈਂਬਰਾਂ, ਇਸਤਰੀ ਵਿੰਗ, ਐੱਸਸੀ ਵਿੰਗ, ਬੀਸੀ ਵਿੰਗ, ਸਰਕਲ ਪ੍ਰਧਾਨਾਂ, ਯੂਥ ਵਿੰਗ ਪ੍ਰਧਾਨਾਂ ਅਤੇ ਵਾਰਡ ਇੰਚਾਰਜਾਂ ਸਮੇਤ ਪਾਰਟੀ ਦੇ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
-ਬਾਕਸ-
-ਗਿਆਸਪੁਰਾ ਬਿਜਲੀ ਦਫ਼ਤਰ ਅੱਗੇ ਕੀਤਾ ਰੋਸ ਮੁਜ਼ਾਹਰਾ
3) ਹਲਕਾ ਲੁਧਿਆਣਾ ਦੱਖਣੀ ਦੇ ਗਿਆਸਪੁਰਾ ਬਿਜਲੀ ਘਰ ਦੇ ਬਾਹਰ ਰੋਸ ਧਰਨਾ ਦੇਣ ਸਮੇਂ ਹਲਕਾ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ, ਜਥੇ. ਕੁਲਦੀਪ ਸਿੰਘ ਖ਼ਾਲਸਾ ਤੇ ਹੋਰ।
ਸੂਬੇ ਵਿੱਚ ਲੰਬੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਵਿਰੋਧ ਵਿੱਚ ਸ੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਲੁਧਿਆਣਾ ਦੱਖਣੀ ਦੇ ਗਿਆਸਪੁਰਾ ਸਥਿਤ ਬਿਜਲੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤਾ ਗਿਆ, ਜਿਸ ਵਿੱਚ ਹਲਕੇ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਰੋਸ ਪ੍ਰਦਰਸ਼ਨ ਦੀ ਅਗਵਾਈ ਹਲਕਾ ਲੁਧਿਆਣਾ ਦੱਖਣੀ ਦੇ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ ਨੇ ਕੀਤੀ। ਪੀਏਸੀ ਮੈਂਬਰ ਤੇ ਸ੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਖਾਲਸਾ, ਸਾਬਕਾ ਕੌਂਸਲਰ ਠਾਕੁਰ ਵਿਸ਼ਵਨਾਥ ਸਿੰਘ,ਜਤਿੰਦਰਪਾਲ ਸਿੰਘ ਖਾਲਸਾ ਸਮੇਤ ਹਲਕੇ ਦੀ ਸੀਨੀਅਰ ਲੀਡਰਸ਼ਿਪ ਨੇ ਕੀਤੀ। ਅਕਾਲੀ ਆਗੂਆਂ ਨੇ ਕਿਹਾ ਕਿ ਲੰਬੇ ਬਿਜਲੀ ਕੱਟਾਂ ਕਾਰਨ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਦੁਕਾਨਦਾਰਾਂ, ਵਪਾਰੀਆਂ ਅਤੇ ਹੋਰ ਵਰਗਾਂ ਦਾ ਰੋਜ਼ਾਨਾ ਕੰਮ-ਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਆਗੂਆਂ ਨੇ ਲੋਕਾਂ ਦੀਆਂ ਬਿਜਲੀ ਸਬੰਧੀ ਸਮੱਸਿਆਵਾਂ ਨੂੰ ਪ੍ਰਦਰਸ਼ਨ ਦੌਰਾਨ ਜ਼ੋਰਦਾਰ ਢੰਗ ਨਾਲ ਉਠਾਉਂਦਿਆਂ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਬਿਜਲੀ ਸੰਕਟ ਦਾ ਤੁਰੰਤ ਹੱਲ ਕਰਨ ਅਤੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
-ਬਾਕਸ-
-ਅਕਾਲੀ ਦਲ ਹਲਕਾ ਕੇਂਦਰੀ ਵੱਲੋਂ ਆਰਕੇ ਰੋਡ ਬਿਜਲੀ ਘਰ ਦੇ ਬਾਹਰ ਨਾਅਰੇਬਾਜ਼ੀ
4) ਹਲਕਾ ਲੁਧਿਆਣਾ ਕੇਂਦਰੀ ਦੇ ਆਰਕੇ ਰੋਡ ਬਿਜਲੀ ਘਰ ਦੇ ਬਾਹਰ ਧਰਨੇ ਨੂੰ ਸੰਬੋਧਨ ਕਰਦੇ ਹਲਕਾ ਇੰਚਾਰਜ ਅਮਿਤ ਗੋਸਾਈਂ ਤੇ ਹੋਰ।
ਬਿਜਲੀ ਕੱਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਲੁਧਿਆਣਾ ਕੇਂਦਰੀ ਹਲਕੇ ਦੇ ਆਰਕੇ ਰੋਡ ਚੀਮਾ ਚੌਂਕ ਵਿਖੇ ਸਥਿਤ ਬਿਜਲੀ ਘਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਹਲਕਾ ਇੰਚਾਰਜ ਅਮਿਤ ਕੁਸਾਈ ਦੀ ਅਗਵਾਈ ਹੇਠ ਆਰਕੇ ਰੋਡ ਸਥਿਤ ਚੀਮਾ ਚੌਂਕ ਬਿਜਲੀ ਘਰ ਦੇ ਬਾਹਰ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ। ਅਕਾਲੀ ਆਗੂਆਂ ਨੇ ਸੂਬੇ ਵਿੱਚ ਲੱਗ ਰਹੇ ਬਿਜਲੀ ਕੱਟਾਂ ’ਤੇ ਰੋਸ ਪ੍ਰਗਟਾਇਆ ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਆਮ ਲੋਕਾਂ ਦੇ ਨਾਲ-ਨਾਲ ਵਪਾਰਕ ਅਤੇ ਉਦਯੋਗਿਕ ਗਤੀਵਿਧੀਆਂ ’ਤੇ ਵੀ ਅਸਰ ਪੈ ਰਿਹਾ ਹੈ। ਆਗੂਆਂ ਨੇ ਸਰਕਾਰ ਤੋਂ ਬਿਜਲੀ ਸਪਲਾਈ ਨੂੰ ਤੁਰੰਤ ਸੁਚਾਰੂ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਬਲਜੀਤ ਸਿੰਘ ਛਤਵਾਲ, ਹਰਪਾਲ ਸਿੰਘ ਕੋਹਲੀ, ਤਰੁਨਦੀਪ ਸਿੰਘ ਸੰਨੀ, ਗੁਰਪ੍ਰੀਤ ਕੌਰ ਸੀਬੀਆ ਸਮੇਤ ਹੋਰ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।
-ਬਾਕਸ-
-ਆਤਮ ਨਗਰ ’ਚ ਬਿਜਲੀ ਕੱਟਾਂ ਖ਼ਿਲਾਫ਼ ਗਿੱਲ ਰੋਡ ’ਤੇ ਧਰਨਾ
5) ਹਲਕਾ ਆਤਮ ਨਗਰ ਦੇ ਅਰੋੜਾ ਪੈਲੇਸ ਬਿਜਲੀ ਘਰ ਦੇ ਬਾਹਰ ਰੋਸ ਪ੍ਰਗਟਾਉਣ ਮੌਕੇ ਹਲਕਾ ਇੰਚਾਰਜ ਜਗਬੀਰ ਸਿੰਘ ਸੋਖੀ, ਨਾਲ ਹਨ ਅਕਾਲੀ ਆਗੂ ਤੇ ਵਰਕਰਜ਼।
ਇਲਾਕੇ ਵਿੱਚ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਅਤੇ ਅਣਨਿਯਮਿਤ ਬਿਜਲੀ ਸਪਲਾਈ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਵਿਰੋਧ ਵਿੱਚ ਬਿਜਲੀ ਦਫ਼ਤਰ ਗਿੱਲ ਰੋਡ, ਅਰੋੜਾ ਪੈਲੇਸ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਹਲਕਾ ਇੰਚਾਰਜ ਜਗਬੀਰ ਸਿੰਘ ਸੋਖੀ ਨੇ ਕੀਤੀ। ਧਰਨਾਕਾਰੀਆਂ ਵੱਲੋਂ ਹੱਥਾਂ ਵਿੱਚ ਪੱਖੀਆਂ ਫੜ੍ਹਕੇ ਬਿਜਲੀ ਸਪਲਾਈ ਵਿੱਚ ਸੁਧਾਰ ਕਰਨ ਅਤੇ ਬੇਲੋੜੇ ਬਿਜਲੀ ਕੱਟਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਅਣਨਿਯਮਿਤ ਬਿਜਲੀ ਸਪਲਾਈ ਕਾਰਨ ਲੋਕਾਂ ਨੂੰ ਰੋਜ਼ਾਨਾ ਕੰਮ-ਕਾਜ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਬਿਜਲੀ ਨਾਲ ਸਬੰਧਤ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਮੰਗ ਵੀ ਕੀਤੀ। ਸੋਖੀ ਨੇ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਆਵਾਜ਼ ਉਠਾਉਣਾ ਉਨ੍ਹਾਂ ਦੀ ਲਗਾਤਾਰ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਬਿਜਲੀ ਵਰਗੀ ਬੁਨਿਆਦੀ ਸਹੂਲਤ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਸਬੰਧਤ ਵਿਭਾਗ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਡਾ. ਹਿਤੇਸ਼ਇੰਦਰ ਸਿੰਘ ਗਰੇਵਾਲ, ਕੌਂਸਲਰ ਰਖਵਿੰਦਰ ਸਿੰਘ ਗਾਬੜੀਆ, ਸਤਨਾਮ ਸਿੰਘ ਕੈਲੇ, ਨੂਰਜੋਤ ਸਿੰਘ ਮੱਕੜ,ਬੀਬੀ ਤੇਜੀ ਸੰਧੂ ਆਦਿ ਹਾਜ਼ਰ ਸਨ।
-ਬਾਕਸ-
-ਅਕਾਲੀ ਦਲ ਹਲਕਾ ਉੱਤਰੀ ਨੇ ਛਾਉਣੀ ਮੁਹੱਲਾ ਬਿਜਲੀ ਘਰ ਅੱਗੇ ਫੂਕਿਆ ਸਰਕਾਰ ਦਾ ਪੁਤਲਾ
6) ਹਲਕਾ ਲੁਧਿਆਣਾ ਉੱਤਰੀ ਦੇ ਛਾਉਣੀ ਮੁਹੱਲਾ ਬਿਜਲੀ ਘਰ ਦੇ ਬਾਹਰ ਰੋਸ ਪ੍ਰਗਟਾਉਂਦੇ ਹਲਕਾ ਇੰਚਾਰਜ ਆਰਡੀ ਸ਼ਰਮਾ, ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਤੇ ਹੋਰ।
ਬਿਜਲੀ ਸੰਕਟ ਦੇ ਮੁੱਦੇ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਵੱਲੋਂ ਛਾਉਣੀ ਮੁਹੱਲਾ ਸਥਿਤ ਬਿਜਲੀ ਘਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਸ੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਹਲਕਾ ਲੁਧਿਆਣਾ ਕੇਂਦਰੀ ਦੇ ਇੰਚਾਰਜ ਆਰਡੀ ਸ਼ਰਮਾ ਨੇ ਕੀਤੀ। ਇਸ ਦੌਰਾਨ ਪਾਰਟੀ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਿਜਲੀ ਸਪਲਾਈ ਵਿੱਚ ਸੁਧਾਰ ਦੀ ਮੰਗ ਕੀਤੀ। ਅਕਾਲੀਆ ਨੇ ਪੰਜਾਬ ਸਰਕਾਰ ਦਾ ਪੁਤਲਾ ਵੀ ਫ਼ੂਕਿਆ। ਭਿੰਦਾ ਤੇ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਮੁਫ਼ਤ ਬਿਜਲੀ ਦੀ ਨੀਤੀ ਬਣਾਈ ਗਈ, ਪਰ ਬਿਜਲੀ ਦੀ ਪੈਦਾਵਾਰ ਵਧਾਉਣ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟਾਂ ਕਾਰਨ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਫੈਕਟਰੀਆਂ ਅਤੇ ਦੁਕਾਨਦਾਰ ਵੀ ਪ੍ਰਭਾਵਿਤ ਹੋ ਰਹੇ ਹਨ। ਭਿੰਦਾ ਤੇ ਸ਼ਰਮਾ ਨੇ ਦੋਸ਼ ਲਾਇਆ ਕਿ ਸਰਕਾਰ ਕੋਲ ਬਿਜਲੀ ਪ੍ਰਬੰਧਨ ਨੂੰ ਲੈ ਕੇ ਕੋਈ ਸਪੱਸ਼ਟ ਵਿਜ਼ਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਿਜਲੀ ਦੀ ਨਿਯਮਤ ਸਪਲਾਈ ਦੀ ਲੋੜ ਹੈ, ਜਦਕਿ ਮੌਜੂਦਾ ਹਾਲਾਤਾਂ ਵਿੱਚ ਲੋਕਾਂ ਨੂੰ ਵਾਰ-ਵਾਰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਦੇ ਕਾਰਜਕਾਲ ਦੌਰਾਨ ਵੱਖ-ਵੱਖ ਵਰਗਾਂ ਦੇ ਧਰਨੇ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ। ਇਸ ਮੌਕੇ ਦਲਵਿੰਦਰ ਸਿੰਘ ਘੁੰਮਣ, ਕਮਲ ਚੇਤਲੀ ਤੋਂ ਇਲਾਵਾ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਜ਼ਰ ਸਨ।