- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਅੰਦੋਲਨ ਸਮੇਂ ਪੰਜਾਬ ਤੇ ਕਿਸਾਨਾਂ ਨਾਲ ਧੋਖਾ ਕਰਕੇ ਐੱਨਡੀਏ ਤੋਂ ਵੱਖ ਹੋਇਆ ਸੀ ਅਕਾਲੀ ਦਲ : ਅਮਨ ਕਟਾਰੀਆ

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਇੱਕ ਵਾਰ ਫਿਰ ਹੋਏ ਗਠਜੋੜ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਵਾਰਡ ਨੰਬਰ-22 ਦੇ ਕੌਂਸਲਰ ਤੇ ਸੀਨੀਅਰ ਆਗੂ ਅਮਨ ਕਟਾਰੀਆ ਨੇ ਦੋਵਾਂ ਪਾਰਟੀਆਂ ਨੂੰ ਸੱਤਾ ਦੀਆਂ ਲਾਲਚੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਜਦੋਂ ਕੇਂਦਰ ਦੀ ਐੱਨਡੀਏ ਸਰਕਾਰ ਤੇ ਭਾਜਪਾ ਵੱਲੋਂ ਦੇਸ਼ ਦੇ ਕਿਸਾਨਾਂ ਦੇ ਖ਼ਿਲਾਫ਼ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸਨ, ਉਸ ਸਮੇਂ ਅਕਾਲੀ ਦਲ ਨੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਨ ਦੀ ਬਜਾਏ ਸਿਰਫ਼ ਸਿਆਸੀ ਦਬਾਅ ਤੋਂ ਬਚਣ ਲਈ ਐੱਨਡੀਏ ਤੋਂ ਵੱਖ ਹੋਣ ਦਾ ਦਿਖਾਵਾ ਕੀਤਾ ਸੀ। ਕਟਾਰੀਆ ਨੇ ਕਿਹਾ ਕਿ ਲਗਭਗ ਛੇ ਸਾਲ ਬਾਅਦ ਅਕਾਲੀ ਦਲ ਨੇ ਮੁੜ ਭਾਜਪਾ ਨਾਲ ਗਠਜੋੜ ਕਰ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਰਾਜਨੀਤੀ ਦਾ ਇੱਕੋ-ਇੱਕ ਮਕਸਦ ਸੱਤਾ ਹਾਸਲ ਕਰਨਾ ਹੈ। ਪੰਜਾਬ, ਪੰਜਾਬ ਦੇ ਕਿਸਾਨਾਂ ਤੇ ਆਮ ਲੋਕਾਂ ਦੇ ਹਿੱਤਾਂ ਨਾਲ ਇਨ੍ਹਾਂ ਦਾ ਕੋਈ ਅਸਲ ਸਰੋਕਾਰ ਨਹੀਂ ਹੈ। ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਨੇ ਗਠਜੋੜ ਤੋਂ ਵੱਖ ਹੋ ਕੇ ਪੰਜਾਬ ਦੀ ਜਨਤਾ ਸਾਹਮਣੇ ਕਿਸਾਨਾਂ ਦੇ ਹਮਦਰਦ ਹੋਣ ਦਾ ਦਿਖਾਵਾ ਕੀਤਾ ਸੀ, ਪਰ ਅੱਜ ਮੁੜ ਭਾਜਪਾ ਨਾਲ ਹੱਥ ਮਿਲਾ ਕੇ ਉਨ੍ਹਾਂ ਦੀ ਕਹਿਣੀ ਤੇ ਕਰਨੀ ਦਾ ਫ਼ਰਕ ਸਪੱਸ਼ਟ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਲਗਭਗ ਦਸ ਸਾਲ ਤੱਕ ਪੰਜਾਬ ’ਚ ਲਗਾਤਾਰ ਸੱਤਾ ’ਚ ਰਹੇ। ਉਸ ਦੌਰਾਨ ਸੂਬੇ ’ਚ ਨਸ਼ਿਆਂ ਦਾ ਕਾਰੋਬਾਰ ਤੇਜ਼ੀ ਨਾਲ ਫੈਲਿਆ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ’ਚ ਧੱਕਿਆ ਗਿਆ। ਸਮੈਕ ਤੇ ਚਿੱਟੇ ਵਰਗੇ ਖ਼ਤਰਨਾਕ ਸਿੰਥੈਟਿਕ ਨਸ਼ਿਆਂ ਦਾ ਪਸਾਰ ਵੀ ਉਸੇ ਦੌਰ ’ਚ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ। ਅੱਜ ਇਹ ਦੋਵੇਂ ਪਾਰਟੀਆਂ ਕਿਸ ਨੈਤਿਕ ਆਧਾਰ ’ਤੇ ਮੁੜ ਪੰਜਾਬ ਦੀ ਜਨਤਾ ਤੋਂ ਸਮਰਥਨ ਮੰਗਣਗੀਆਂ। ਕਟਾਰੀਆ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਦੋਵਾਂ ਪਾਰਟੀਆਂ ਦੇ ਆਗੂ ਇੱਕ-ਦੂਜੇ ਦੇ ਖ਼ਿਲਾਫ਼ ਬਿਆਨਬਾਜ਼ੀ ਕਰਦੇ ਰਹੇ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ। ਹੁਣ ਸੱਤਾ ਦੀ ਖ਼ਾਤਰ ਮੁੜ ਇੱਕ ਮੰਚ ’ਤੇ ਆਉਣ ਤੋਂ ਬਾਅਦ ਉਹ ਪੰਜਾਬ ਦੀ ਜਨਤਾ ਨੂੰ ਕੀ ਜਵਾਬ ਦੇਣਗੇ। ਕੀ ਉਸ ਸਮੇਂ ਲਗਾਏ ਗਏ ਇੱਕ-ਦੂਜੇ ’ਤੇ ਦੋਸ਼ ਤੇ ਦਿੱਤੇ ਗਏ ਬਿਆਨ ਸਿਰਫ਼ ਸਿਆਸੀ ਡਰਾਮਾ ਸਨ। ਕਟਾਰੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਸੁਆਰਥ ਤੇ ਮੌਕਾਪ੍ਰਸਤੀ ਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਪੰਜਾਬੀ ਜਨਤਾ ਹੁਣ ਇਨ੍ਹਾਂ ਦੇ ਝੂਠੇ ਵਾਅਦਿਆਂ ਅਤੇ ਸਿਆਸੀ ਹੱਥਕੰਡਿਆਂ ਦੇ ਝਾਂਸੇ ’ਚ ਆਉਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਹੈ, ਇੱਥੇ ਲੋਕਾਂ ਦੇ ਸਵੈਮਾਣ ਤੇ ਹੱਕਾਂ ਨਾਲ ਖਿਲਵਾੜ ਕਰਨ ਵਾਲੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚੱਲ ਸਕਦੀ। ਪੰਜਾਬ ਦੀ ਜਨਤਾ ਆਪਣੇ ਫ਼ੈਸਲੇ ਖ਼ੁਦ ਕਰਨਾ ਜਾਣਦੀ ਹੈ ਤੇ ਕਿਸੇ ਵੀ ਦਬਾਅ ਜਾਂ ਸਿਆਸੀ ਭਰਮ ’ਚ ਆਉਣ ਵਾਲੀ ਨਹੀਂ ਹੈ।