ਰਾਹੋਂ ਰੋਡ ਦੀ ਦੁਰਦਸ਼ਾ ਤੇ ਹੋਰ ਮੁੱਦਿਆਂ 'ਤੇ ਅਕਾਲੀ ਦਲ ਵੱਲੋਂ ਅਹਿਮ ਚਰਚਾ, ਸਾਬਕਾ ਤੇ ਮੌਜੂਦਾ ਵਿਧਾਇਕ ਰਾਹੋਂ ਰੋਡ ਦੀ ਮਾੜੀ ਹਾਲਤ ਲਈ ਜ਼ਿੰਮੇਵਾਰ
ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਢਿੱਲੋ ਸਾਬਕਾ ਵਿਧਾਇਕ ਅਤੇ ਮੈਂਬਰ ਕੋਰ ਕਮੇਟੀ ਅਕਾਲੀ ਦਲ ਨੇ ਕਿਹਾ ਕਿ ਰਾਹੋਂ ਰੋਡ ਪਿਛਲੇ ਕਰੀਬ 9 ਸਾਲਾਂ ਤੋਂ ਗੰਦੇ ਪਾਣੀ, ਟੁੱਟੇ ਸੀਵਰੇਜ ਦੇ ਢੱਕਣਾਂ ਅਤੇ ਡੂੰਘੇ ਟੋਇਆਂ ਕਾਰਨ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਬਦਹਾਲੀ ਲਈ ਮੌਜੂਦਾ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹਨ, ਜਿਨ੍ਹਾਂ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਵੱਲ ਕੋਈ ਗੰਭੀਰ ਧਿਆਨ ਨਹੀਂ ਦਿੱਤਾ।
Publish Date: Sat, 08 Aug 2026 11:57 AM (IST)
Updated Date: Sat, 08 Aug 2026 12:01 PM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ। ਰਾਹੋਂ ਰੋਡ ਸਥਿਤ ਵਾਰਡ-6 ’ਚ ਸਰਬਜੀਤ ਸਿੰਘ ਲਾਡੀ ਦੀ ਅਗਵਾਈ ’ਚ ਸ਼ੁੱਕਰਵਾਰ ਨੂੰ ਆਮ ਮੀਟਿੰਗ ਦੌਰਾਨ ਪੰਜਾਬ ਅਤੇ ਲੁਧਿਆਣਾ ਦੇ ਮੌਜੂਦਾ ਹਾਲਾਤ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਮੀਟਿੰਗ ’ਚ ਅਮਨ-ਕਾਨੂੰਨ ਦੀ ਵਿਗੜਦੀ ਸਥਿਤੀ, ਰਿਸ਼ਵਤਖੋਰੀ ਦੇ ਵਧਦੇ ਮਾਮਲੇ, ਨਸ਼ਿਆਂ ਕਾਰਨ ਪੰਜਾਬ ਦੀ ਹੋ ਰਹੀ ਬਰਬਾਦੀ ਅਤੇ ਵਿਕਾਸ ਕਾਰਜਾਂ ਦੀ ਅਣਦੇਖੀ ਦੀ ਸਖ਼ਤ ਨਿਖੇਧੀ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਢਿੱਲੋ ਸਾਬਕਾ ਵਿਧਾਇਕ ਅਤੇ ਮੈਂਬਰ ਕੋਰ ਕਮੇਟੀ ਅਕਾਲੀ ਦਲ ਨੇ ਕਿਹਾ ਕਿ ਰਾਹੋਂ ਰੋਡ ਪਿਛਲੇ ਕਰੀਬ 9 ਸਾਲਾਂ ਤੋਂ ਗੰਦੇ ਪਾਣੀ, ਟੁੱਟੇ ਸੀਵਰੇਜ ਦੇ ਢੱਕਣਾਂ ਅਤੇ ਡੂੰਘੇ ਟੋਇਆਂ ਕਾਰਨ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਬਦਹਾਲੀ ਲਈ ਮੌਜੂਦਾ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹਨ, ਜਿਨ੍ਹਾਂ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਵੱਲ ਕੋਈ ਗੰਭੀਰ ਧਿਆਨ ਨਹੀਂ ਦਿੱਤਾ।
ਆਗੂਆਂ ਨੇ ਇਹ ਵੀ ਕਿਹਾ ਕਿ ਰਾਹੋਂ ਰੋਡ ਵਰਗੀ ਅਤਿ ਮਹੱਤਵਪੂਰਨ ਅਤੇ ਰੁਝੇਵੇਂ ਵਾਲੀ ਸੜਕ ’ਤੇ ਜੀਟੀ ਰੋਡ ਨਾਲ ਸਿੰਗਲ-ਸਪੈਨ ਪੁਲ ਦਾ ਨਿਰਮਾਣ ਉਸ ਸਮੇਂ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਸੰਜੇ ਤਲਵਾੜ ਦੀ ਦੂਰਅੰਦੇਸ਼ੀ ਦੀ ਘਾਟ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਗਲਤ ਯੋਜਨਾਬੰਦੀ ਕਾਰਨ ਇਸ ਇਲਾਕੇ ’ਚ ਸਥਾਈ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੋ ਚੁੱਕੀ ਹੈ, ਜਿਸ ਦਾ ਖਮਿਆਜ਼ਾ ਅੱਜ ਵੀ ਹਜ਼ਾਰਾਂ ਲੋਕ ਰੋਜ਼ਾਨਾ ਭੁਗਤ ਰਹੇ ਹਨ।
ਮੀਟਿੰਗ ’ਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਉਚੇਚੇ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਮਾਸਟਰ ਧੰਨਾ ਸਿੰਘ, ਗਗਨ ਮਨੋਚਾ, ਦਰਸ਼ਨ ਲਾਲ, ਕੁਲਵਿੰਦਰ ਸਿੰਘ, ਸੰਤੋਖ ਸਿੰਘ, ਅਸ਼ੋਕ ਕੁਮਾਰ ਬੇਦੀ, ਮਦਨ ਲਾਲ ਚੌਧਰੀ, ਗੁਰਮੀਤ ਸਿੰਘ, ਕਲਵੰਤ ਸਿੰਘ, ਚਮਨ ਲਾਲ, ਸਤਨਾਮ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਮੋਨੂ, ਨਿਰਮਲ ਸਿੰਘ, ਅਮਰਜੀਤ ਸਿੰਘ ਅਤੇ ਵੀਰੇਂਦਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।