- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਜ਼ੁਰਗ ਚਮਨ ਲਾਲ ਦੇ ਪੋਤਰੇ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਯਾਤਰਾ ਦੌਰਾਨ ਉਸ ਦਾ ਦਾਦਾ ਚਮਨ ਲਾਲ ਵਾਪਸ ਨਾ ਪਰਤਿਆ, ਜਿਸ ਸਬੰਧੀ ਪਰਿਵਾਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ। ਉਸ ਦਾ ਦਾਦਾ ਗ਼ਲਤੀ ਨਾਲ ਅੰਮ੍ਰਿਤਸਰ ਸਾਹਿਬ ਤੋਂ ਬਿਹਾਰ ਵਾਲੀ ਟਰੇਨ ਚੜ੍ਹ ਗਿਆ ਅਤੇ ਉੱਥੋਂ ਦੇ ਗਯਾ ਜ਼ਿਲ੍ਹੇ ’ਚ ਪਹੁੰਚ ਗਿਆ।

ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਨੇੜਲੇ ਪਿੰਡ ਫਤਹਿਗੜ੍ਹ ਗੁੱਜਰਾਂ ਦਾ ਬਜ਼ੁਰਗ ਚਮਨ ਲਾਲ, ਜੋ ਕਿ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ ਸਾਹਿਬ) ਵਿਖੇ 11 ਸਤੰਬਰ ਨੂੰ ਗਿਆ ਸੀ ਤੇ ਉੱਥੇ ਜੱਥੇ ਨਾਲੋਂ ਵਿਛੜ ਕੇ ਉਹ ਗ਼ਲਤੀ ਨਾਲ ਟਰੇਨ ਬੈਠ ਕੇ ਬਿਹਾਰ ਪੁੱਜ ਗਿਆ, ਜਿਸ ਨੂੰ ਇਕ ਬਿਹਾਰੀ ਨੌਜਵਾਨ ਨੇ ਨਵੀਂ ਤਕਨੀਕ ਏ.ਆਈ. ਰਾਹੀਂ ਉਸ ਦਾ ਪਿੰਡ ਲੱਭ ਕੇ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਤੇ ਸਮਾਜ ਸੇਵਾ ਦੀ ਨਵੀਂ ਮਿਸਾਲ ਪੈਦਾ ਕੀਤੀ ਹੈ।
ਬਜ਼ੁਰਗ ਚਮਨ ਲਾਲ ਦੇ ਪੋਤਰੇ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਯਾਤਰਾ ਦੌਰਾਨ ਉਸ ਦਾ ਦਾਦਾ ਚਮਨ ਲਾਲ ਵਾਪਸ ਨਾ ਪਰਤਿਆ, ਜਿਸ ਸਬੰਧੀ ਪਰਿਵਾਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ। ਉਸ ਦਾ ਦਾਦਾ ਗ਼ਲਤੀ ਨਾਲ ਅੰਮ੍ਰਿਤਸਰ ਸਾਹਿਬ ਤੋਂ ਬਿਹਾਰ ਵਾਲੀ ਟਰੇਨ ਚੜ੍ਹ ਗਿਆ ਅਤੇ ਉੱਥੋਂ ਦੇ ਗਯਾ ਜ਼ਿਲ੍ਹੇ ’ਚ ਪਹੁੰਚ ਗਿਆ। ਚਮਨ ਲਾਲ ਦੀ ਤਲਾਸ਼ ਲਈ ਸੋਸ਼ਲ ਮੀਡੀਆ ’ਤੇ ਵੀ ਤਸਵੀਰ ਸਾਂਝੀ ਕੀਤੀ ਗਈ ਸੀ ਅਤੇ ਪੁਲਿਸ ਥਾਣਾ ਵਿਖੇ ਵੀ ਸ਼ਿਕਾਇਤ ਦਰਜ ਕਰਵਾਈ ਹੋਈ ਸੀ। ਬਜ਼ੁਰਗ ਚਮਨ ਲਾਲ ਮਾਨਸਿਕ ਤੌਰ ’ਤੇ ਵੀ ਠੀਕ ਨਹੀਂ ਸੀ ਅਤੇ ਜਦੋਂ ਉਹ ਬਿਹਾਰ ’ਚ ਭਟਕ ਰਿਹਾ ਸੀ ਤਾਂ ਉਸ ਨੂੰ ਨੀਰਜ ਨਾਮਕ ਇਕ ਨੌਜਵਾਨ ਮਿਲਿਆ, ਜਿਸ ਨੇ ਬਜ਼ੁਰਗ ਨੂੰ ਘਰ ਲਿਜਾ ਕੇ ਰੋਟੀ ਪਾਣੀ ਦਿੱਤਾ ਅਤੇ ਉਸ ਦੀ ਸੇਵਾ ਕੀਤੀ। ਬਜ਼ੁਰਗ ਚਮਨ ਲਾਲ ਦੀ ਮਾਨਸਿਕ ਤਬੀਅਤ ਠੀਕ ਨਾ ਹੋਣ ਕਾਰਨ ਉਹ ਨੀਰਜ ਨੂੰ ਸਿਰਫ਼ ਐਨਾ ਹੀ ਦੱਸ ਪਾਇਆ ਕਿ ਉਹ ਪਿੰਡ ਫ਼ਤਹਿਗੜ੍ਹ ਗੁੱਜਰਾਂ ਦਾ ਵਾਸੀ ਹੈ।
ਬਿਹਾਰੀ ਨੌਜਵਾਨ ਨੀਰਜ ਕੁਮਾਰ 4 ਦਿਨ ਲਗਾਤਾਰ ਗੂਗਲ ਤੇ ਹੋਰ ਏ.ਆਈ. ਤਕਨੀਕ ਰਾਹੀਂ ਪਿੰਡ ਫਤਹਿਗੜ੍ਹ ਗੁੱਜਰਾਂ ਦੀ ਲੋਕੇਸ਼ਨ ਭਾਲਦਾ ਰਿਹਾ ਤੇ ਆਖ਼ਰ ਉਸ ਨੂੰ ਪਤਾ ਲੱਗਾ ਕਿ ਇਹ ਪਿੰਡ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਮਾਛੀਵਾੜਾ ਸਾਹਿਬ ਦੇ ਨੇੜੇ ਹੈ। ਬਜ਼ੁਰਗ ਚਮਨ ਲਾਲ ਨੂੰ ਆਪਣੇ ਨਾਲ ਲੈ ਕੇ ਨੀਰਜ ਕੁਮਾਰ ਰੇਲ ਰਾਹੀਂ ਲੁਧਿਆਣਾ ਪੁੱਜਾ ਅਤੇ ਫਿਰ ਮਾਛੀਵਾੜਾ ਸਾਹਿਬ।
ਇੱਥੇ ਨੀਰਜ ਕੁਮਾਰ ਨੇ ਲੋਕਾਂ ਨੂੰ ਬਜ਼ੁਰਗ ਚਮਨ ਲਾਲ ਤੇ ਉਸ ਦੀ ਫੋਟੋ ਦਿਖਾ ਕੇ ਉਸਦਾ ਪਿੰਡ ਲੱਭਣ ਦੀ ਕੋਸ਼ਿਸ਼ ਕੀਤੀ। ਮਾਛੀਵਾੜਾ ਵਿਖੇ ਮਾਸਟਰ ਕ੍ਰਿਸ਼ਨ ਲਾਲ ਨੇ ਇਸ ਬਜ਼ੁਰਗ ਨੂੰ ਪਛਾਣ ਲਿਆ ਕਿ ਇਹ ਚਮਨ ਲਾਲ ਹੈ, ਜੋ ਕਿ ਤੀਰਥ ਯਾਤਰਾ ਦੌਰਾਨ ਲਾਪਤਾ ਹੋ ਗਿਆ ਸੀ। ਚਮਨ ਲਾਲ ਦੇ ਮਿਲਣ ਸਬੰਧੀ ਤੁਰੰਤ ਉਨ੍ਹਾਂ ਦੇ ਪਰਿਵਾਰ ਪਿੰਡ ਫਤਹਿਗੜ੍ਹ ਗੁੱਜਰਾਂ ਵਿਖੇ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੋਤਰਾ ਸੁਖਚੈਨ ਸਿੰਘ ਆਪਣੇ ਦਾਦੇ ਨੂੰ ਲੈਣ ਲਈ ਆਇਆ। ਨੀਰਜ ਕੁਮਾਰ ਦੀ ਇਨਸਾਨੀਅਤ ਤੇ ਸਮਾਜ ਸੇਵਾ ਦੀ ਮਿਸਾਲ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਸੀ।
ਪੋਤਰੇ ਸੁਖਚੈਨ ਨੇ ਆਪਣੇ ਦਾਦੇ ਨੂੰ ਮਿਲਣ ’ਤੇ ਨੀਰਜ ਕੁਮਾਰ ਦਾ ਪੈਰੀਂ ਹੱਥ ਲਗਾ ਕੇ ਧੰਨਵਾਦ ਕੀਤਾ
ਲਾਪਤਾ ਹੋਏ ਦਾਦਾ ਚਮਨ ਲਾਲ ਨੂੰ ਮਿਲ ਕੇ ਉਸ ਦਾ ਪੋਤਰਾ ਸੁਖਚੈਨ ਸਿੰਘ ਬਹੁਤ ਭਾਵੁਕ ਹੋ ਗਿਆ ਸੀ, ਜਿਸ ਨੇ ਆਪਣੇ ਦਾਦੇ ਨੂੰ ਘੁੱਟ ਕੇ ਜੱਫ਼ੀ ਪਾ ਲਈ ਤੇ ਅੱਖਾਂ ’ਚੋਂ ਹੰਝੂ ਵਹਿ ਤੁਰੇ। ਇਸ ਤੋਂ ਇਲਾਵਾ ਸੁਖਚੈਨ ਸਿੰਘ ਨੇ ਬਿਹਾਰ ਦੇ ਗਯਾ ਜ਼ਿਲੇ ਤੋਂ ਆਏ ਨੀਰਜ ਕੁਮਾਰ ਦਾ ਵੀ ਪੈਰੀਂ ਹੱਥ ਲਗਾ ਕੇ ਧੰਨਵਾਦ ਪ੍ਰਗਟਾਇਆ ਕਿ ਅੱਜ ਉਸ ਦੇ ਯਤਨਾਂ ਤੇ ਨਿਸ਼ਕਾਮ ਸੇਵਾ ਸਕਦਾ ਉਸ ਦਾ ਦਾਦਾ ਆਪਣੇ ਪਰਿਵਾਰ ’ਚ ਮੁੜ ਪਰਤ ਆਇਆ ਹੈ।
ਚਮਨ ਲਾਲ ਦਾ ਪਰਿਵਾਰ ਨੀਰਜ ਕੁਮਾਰ ਨੂੰ ਆਪਣੇ ਘਰ ਲੈ ਕੇ ਗਿਆ, ਜਿੱਥੇ ਉਸ ਦੀ ਪੂਰੀ ਆਓ ਭਗਤ ਕੀਤੀ ਅਤੇ ਧੰਨਵਾਦ ਪ੍ਰਗਟਾਇਆ। ਨੀਰਜ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਜਦੋਂ ਨੌਵੀਂ ਜਮਾਤ ’ਚ ਪੜ੍ਹਦਾ ਸੀ ਉਸ ਸਮੇਂ ਤੋਂ ਹੀ ਉਹ ਸਮਾਜ ਸੇਵਾ ਦਾ ਆਦੀ ਹੈ।