ਕੇਂਦਰੀ ਟੀਮ ਨੇ ਝੋਨੇ ਦੀ ਫ਼ਸਲ ਦੇ ਲਏ ਸੈਂਪਲ ਕੇਂਦਰੀ ਟੀਮ ਨੇ ਮੰਡੀਆਂ ਤੋਂ ਬਾਅਦ ਖੇਤਾਂ ’ਚ ਵੀ ਖੜੀ ਝੋਨੇ ਦੀ ਫਸਲ ਦੇ ਸੈਂਪਲ ਲਏ
Publish Date: Tue, 27 Oct 2026 06:45 PM (IST)
Updated Date: Tue, 27 Oct 2026 06:46 PM (IST)
ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਹਾਈਬ੍ਰਿਡ ਝੋਨੇ ਦੀ ਵਿਕਰੀ ਸਬੰਧੀ ਕਿਸਾਨਾਂ ਤੇ ਆੜ੍ਹਤੀਆਂ ਨੂੰ ਮੁਸ਼ਕਿਲ ਆਉਣ ’ਤੇ ਕੇਂਦਰੀ ਟੀਮ ਵਲੋਂ ਕੱਲ੍ਹ ਦੇਰ ਰਾਤ ਮੰਡੀਆਂ ਦਾ ਦੌਰਾ ਕਰ ਸੈਂਪਲ ਲਏ ਅਤੇ ਮੰਗਲਵਾਰ ਨੂੰ ਖੇਤਾਂ ਵਿਚ ਜਾ ਕੇ ਵੀ ਖੜੀ ਫਸਲ ਦੇ ਸੈਂਪਲ ਲਏ। ਕੇਂਦਰੀ ਟੀਮ ਨੇ ਅੱਜ ਪਿੰਡ ਰਾਜਗੜ੍ਹ ਤੇ ਪਵਾਤ ਵਿਖੇ ਹਾਈਬ੍ਰਿਡ ਝੋਨੇ ਸਮੇਤ ਹੋਰ ਵੱਖ-ਵੱਖ ਕਿਸਮਾਂ ਦੇ ਸੈਂਪਲ ਲਏ। ਇਸ ਮੌਕੇ ਮੌਜੂਦ ਸ਼ੈਲਰ ਐਸੋਸ਼ੀਏਸ਼ਨ ਦੇ ਚੇਅਰਮੈਨ ਹੁਸਨ ਲਾਲ ਮੜਕਨ, ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਕੇਂਦਰੀ ਟੀਮ ਵਲੋਂ ਸੈਂਪਲਾਂ ਤੋਂ ਬਾਅਦ ਇਸ ਦੀ ਜਾਂਚ ਕੀਤੀ ਜਾਵੇਗੀ ਕਿ ਹਾਈਬ੍ਰਿਡ ਸਮੇਤ ਕਿਹੜੀਆਂ ਕਿਸਮਾਂ ਵਿਚ ਟੋਟੇ ਦੀ ਮਾਤਰਾ ਜਿਆਦਾ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਕਿਸਮਾਂ ਨੂੰ ਹੀ ਮਾਨਤਾ ਦੇਵੇ ਜਿਸ ਝੋਨੇ ਦੀ ਕਿਸਮ ਦਾ ਪਿੜਾਈ ਤੋਂ ਬਾਅਦ ਚਾਵਲ ਸਰਕਾਰ ਦੇ ਨਿਯਮਾਂ ’ਤੇ ਖ਼ਰਾ ਉਤਰੇ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਇਲਾਕੇ ’ਚ ਸਭ ਤੋਂ ਵੱਧ ਹਾਈਬ੍ਰਿਡ ਝੋਨੇ ਦੀ ਕਿਸਾਨਾਂ ਵੱਲੋਂ ਕਾਸ਼ਤ ਕੀਤੀ ਤਾਂ ਜੋ ਝਾੜ ਵੱਧ ਨਿਕਲੇ ਪਰ ਇਸ ਵਿਚ ਟੋਟਾ ਵੀ ਵੱਧ ਨਿਕਲ ਰਿਹਾ ਹੈ ਜੋ ਕਿ ਸ਼ੈਲਰ ਉਦਯੋਗ ਲਈ ਘਾਟੇ ਵਾਲਾ ਸੌਦਾ ਸਾਬਿਤ ਹੋ ਰਿਹਾ ਹੈ। ਕੇਂਦਰੀ ਟੀਮ ਦੇ ਅਧਿਕਾਰੀਆਂ ਨੇ ਕਿਹਾ ਕਿ ਮੰਡੀਆਂ ਤੇ ਖੇਤਾਂ ’ਚੋਂ ਸੈਂਪਲ ਲੈਣ ਤੋਂ ਬਾਅਦ ਜੋ ਵੀ ਨਤੀਜੇ ਹੋਣਗੇ ਉਹ ਕੇਂਦਰ ਸਰਕਾਰ ਨੂੰ ਭੇਜ ਦਿੱਤੇ ਜਾਣਗੇ ਤਾਂ ਜੋ ਅਗਲੇ ਸੀਜ਼ਨ ਵਿਚ ਕਿਸਾਨਾਂ ਤੇ ਸ਼ੈਲਰ ਮਾਲਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਡਾਇਰੈਕਟਰ ਫੂਡ ਸਪਲਾਈ ਮੰਗਲ ਦਾਸ, ਜ਼ਿਲਾ ਖੁਰਾਕ ਅਫ਼ਸਰ ਲਖਵੀਰ ਸਿੰਘ, ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ, ਤਰੁਨ ਗੁਪਤਾ, ਸੰਦੀਪ ਸਿੰਘ, ਡੀ.ਐੱਫ.ਐੱਸ.ਓ. ਨਰਿੰਦਰ ਸਿੰਘ, ਇੰਸਪੈਕਟਰ ਅਮਰਿੰਦਰ ਸਿੰਘ ਹੈਪੀ, ਇੰਸਪੈਕਟਰ ਯਾਦਵਿੰਦਰ ਸਿੰਘ ਵੀ ਮੌਜੂਦ ਸਨ।