ਦਿਲ ਦਹਿਲਾਉਣ ਵਾਲੀ ਘਟਨਾ: ਮਾਮੂਲੀ ਤਕਰਾਰ ਪਿੱਛੋਂ ਨੌਜਵਾਨ 'ਤੇ ਤੇਜ਼ਾਬ ਸੁੱਟਿਆ, ਅੱਖਾਂ ਤੇ ਚਿਹਰਾ ਝੁਲਸਿਆ
ਹਾਲਾਂਕਿ ਮੌਕੇ ’ਤੇ ਮੌਜੂਦ ਲੋਕਾਂ ਨੇ ਦਖ਼ਲ ਦੇ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਦਿੱਤਾ ਅਤੇ ਮਾਮਲਾ ਉਸ ਸਮੇਂ ਖ਼ਤਮ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ, ਇਸ ਤੋਂ ਬਾਅਦ ਉਹ ਹੈਪੀ ਨੈੱਟਵਰਕ ਦੇ ਬਾਹਰ ਆਪਣਾ ਟੈਂਪੂ ਖੜ੍ਹਾ ਕਰਕੇ ਮਾਲ ਉਤਾਰ ਰਿਹਾ ਸੀ। ਇਸੇ ਦੌਰਾਨ ਰਾਜਦੀਪ ਸਿੰਘ, ਉਸ ਦਾ ਪਿਤਾ ਗੁਰਪ੍ਰੀਤ ਸਿੰਘ, ਗੁਰ ਕਮਲ ਸਿੰਘ ਅਤੇ ਇਕ ਅਣਪਛਾਤਾ ਵਿਅਕਤੀ ਬੇਸਬਾਲ ਦੇ ਡੰਡੇ ਲੈ ਕੇ ਉੱਥੇ ਪਹੁੰਚ ਗਏ। ਮੁਲਜ਼ਮਾਂ ਨੇ ਆਉਂਦਿਆਂ ਹੀ ਉਸ ’ਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਉਹ ਬੇਹੋਸ਼ ਹੋ ਗਿਆ।
Publish Date: Fri, 27 Nov 2026 11:11 AM (IST)
Updated Date: Fri, 27 Nov 2026 11:39 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਦੇ ਟਿੱਬਾ ਰੋਡ ਸਥਿਤ ਅਮਰਜੀਤ ਕਲੋਨੀ ਵਿੱਚ ਮਾਮੂਲੀ ਤਕਰਾਰ ਨੇ ਅਜਿਹਾ ਖ਼ੌਫ਼ਨਾਕ ਰੂਪ ਧਾਰ ਲਿਆ ਕਿ ਹਮਲਾਵਰਾਂ ਨੇ ਇਕ ਨੌਜਵਾਨ ਨੂੰ ਪਹਿਲਾਂ ਬੇਸਬਾਲ ਦੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਉਸ ਦੇ ਚਿਹਰੇ ’ਤੇ ਮੱਗ ਭਰ ਕੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਦੇ ਹਮਲੇ ਵਿੱਚ ਨੌਜਵਾਨ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ, ਜਦਕਿ ਉਸ ਦੀਆਂ ਅੱਖਾਂ ਵੀ ਗੰਭੀਰ ਰੂਪ ’ਚ ਪ੍ਰਭਾਵਿਤ ਹੋਈਆਂ ਹਨ।
ਗੰਭੀਰ ਹਾਲਤ ਵਿੱਚ ਉਸ ਨੂੰ ਸੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਟਿੱਬਾ ਦੀ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਰਸਤਾ ਦੇਣ ਨੂੰ ਲੈ ਕੇ ਹੋਈ ਸੀ ਤਕਰਾਰ, ਬਾਅਦ ਵਿੱਚ ਕੀਤਾ ਜਾਨਲੇਵਾ ਹਮਲਾ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇੰਦਰ ਨਗਰ, ਜਗੀਰਪੁਰ ਰੋਡ ਦੇ ਰਹਿਣ ਵਾਲੇ ਰਾਮ ਲਾਲ ਨੇ ਦੱਸਿਆ ਕਿ ਉਹ ਟੈਂਪੂ ਚਲਾਉਂਦਾ ਹੈ। ਉਹ ਮਾਲ ਲੋਡ ਕਰਕੇ ਇਕ ਫੈਕਟਰੀ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਅਮਰਜੀਤ ਕਲੋਨੀ ਦੇ ਮੋੜ ’ਤੇ ਪਹੁੰਚਿਆ ਤਾਂ ਸਾਹਮਣਿਓਂ ਇਕ ਕਾਰ ਆ ਗਈ। ਰਸਤਾ ਦੇਣ ਨੂੰ ਲੈ ਕੇ ਕਾਰ ਸਵਾਰਾਂ ਅਤੇ ਉਸ ਵਿਚਕਾਰ ਬਹਿਸ ਹੋ ਗਈ।
ਹਾਲਾਂਕਿ ਮੌਕੇ ’ਤੇ ਮੌਜੂਦ ਲੋਕਾਂ ਨੇ ਦਖ਼ਲ ਦੇ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਦਿੱਤਾ ਅਤੇ ਮਾਮਲਾ ਉਸ ਸਮੇਂ ਖ਼ਤਮ ਹੋ ਗਿਆ।
ਸ਼ਿਕਾਇਤਕਰਤਾ ਅਨੁਸਾਰ, ਇਸ ਤੋਂ ਬਾਅਦ ਉਹ ਹੈਪੀ ਨੈੱਟਵਰਕ ਦੇ ਬਾਹਰ ਆਪਣਾ ਟੈਂਪੂ ਖੜ੍ਹਾ ਕਰਕੇ ਮਾਲ ਉਤਾਰ ਰਿਹਾ ਸੀ। ਇਸੇ ਦੌਰਾਨ ਰਾਜਦੀਪ ਸਿੰਘ, ਉਸ ਦਾ ਪਿਤਾ ਗੁਰਪ੍ਰੀਤ ਸਿੰਘ, ਗੁਰ ਕਮਲ ਸਿੰਘ ਅਤੇ ਇਕ ਅਣਪਛਾਤਾ ਵਿਅਕਤੀ ਬੇਸਬਾਲ ਦੇ ਡੰਡੇ ਲੈ ਕੇ ਉੱਥੇ ਪਹੁੰਚ ਗਏ। ਮੁਲਜ਼ਮਾਂ ਨੇ ਆਉਂਦਿਆਂ ਹੀ ਉਸ ’ਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਉਹ ਬੇਹੋਸ਼ ਹੋ ਗਿਆ।
ਰਾਮ ਲਾਲ ਨੇ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਇਆ ਤਾਂ ਸਾਹਮਣੇ ਦਾ ਦ੍ਰਿਸ਼ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੁਲਜ਼ਮ ਉਸ ਦੇ ਭਰਾ ਸੰਜੇ ਦੀ ਕੁੱਟਮਾਰ ਕਰ ਰਹੇ ਸਨ ਅਤੇ ਉਸ ਦੇ ਚਿਹਰੇ ’ਤੇ ਤੇਜ਼ਾਬ ਸੁੱਟ ਰਹੇ ਸਨ। ਹਮਲਾਵਰਾਂ ਨੇ ਮੱਗ ਭਰ ਕੇ ਸੰਜੇ ਦੇ ਮੂੰਹ ’ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਸ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਅੱਖਾਂ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
ਜ਼ਖ਼ਮੀ ਸੰਜੇ ਨੂੰ ਤੁਰੰਤ ਇਲਾਜ ਲਈ ਸੀਐੱਮਸੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਂਚ ਅਧਿਕਾਰੀ ਏਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਤੇਜ਼ਾਬ ਦੇ ਹਮਲੇ ਕਾਰਨ ਸੰਜੇ ਦਾ ਚਿਹਰਾ ਬੁਰੀ ਤਰ੍ਹਾਂ ਝੁਲਸਿਆ ਹੈ ਅਤੇ ਉਸ ਦੀਆਂ ਅੱਖਾਂ ’ਤੇ ਵੀ ਗੰਭੀਰ ਅਸਰ ਪਿਆ ਹੈ।
ਉਨ੍ਹਾਂ ਦੱਸਿਆ ਕਿ ਰਾਮ ਲਾਲ ਦੀ ਸ਼ਿਕਾਇਤ ’ਤੇ ਰਾਜਦੀਪ ਸਿੰਘ, ਉਸ ਦੇ ਪਿਤਾ ਗੁਰਪ੍ਰੀਤ ਸਿੰਘ, ਗੁਰ ਕਮਲ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।