ਐਡਵੋਕੇਟ ਚਿਰਾਂਸ਼ੂ ਰਤਨ ਨੇ ਨਿਤਿਨ ਨਬੀਨ ਨਾਲ ਕੀਤੀ ਮੁਲਾਕਾਤ
ਐਡਵੋਕੇਟ ਚਿਰਾਂਸ਼ੂ ਰਤਨ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨਾਲ ਕੀਤੀ ਵਿਸ਼ੇਸ਼ ਮੁਲਾਕਾਤ
Publish Date: Tue, 23 Jun 2026 08:13 PM (IST)
Updated Date: Wed, 24 Jun 2026 04:07 AM (IST)

ਖੰਨਾ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਤੇ ਖੰਨਾ ਵਿਧਾਨ ਸਭਾ ਹਲਕੇ ’ਚ ਪਾਰਟੀ ਦਾ ਮਜ਼ਬੂਤ ਚਿਹਰਾ ਬਣ ਕੇ ਉਭਰ ਰਹੇ ਐਡਵੋਕੇਟ ਐਡਵੋਕੇਟ ਚਿਰਾਂਸ਼ੂ ਰਤਨ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਖੰਨਾ ਵਿਧਾਨ ਸਭਾ ਦੇ ਲੋਕਾਂ ਦੀਆਂ ਸਮੱਸਿਆਵਾਂ, ਉਮੀਦਾਂ ਅਤੇ ਵਿਕਾਸ ਸੰਬੰਧੀ ਮੁੱਦਿਆਂ ਨੂੰ ਵਿਸਥਾਰ ਨਾਲ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ। ਚਿਰਾਂਸ਼ੂ ਰਤਨ ਨੇ ਕਿਹਾ ਕਿ ਖੰਨਾ ਜੋ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਉਦਯੋਗਿਕ ਅਤੇ ਵਪਾਰਕ ਕੇਂਦਰ ਹੈ, ਅੱਜ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਿਹਾ ਹੈ। ਉਨ੍ਹਾਂ ਰਾਸ਼ਟਰੀ ਪ੍ਰਧਾਨ ਅੱਗੇ ਖੰਨਾ ਦੀਆਂ ਟੁੱਟੀਆਂ ਸੜਕਾਂ, ਸੀਵਰੇਜ ਅਤੇ ਡਰੇਨੇਜ ਪ੍ਰਣਾਲੀ ਦੀ ਨਾਕਾਮੀ, ਸ਼ਹਿਰ ’ਚ ਵਧ ਰਹੀ ਟ੍ਰੈਫਿਕ ਸਮੱਸਿਆ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕਿਆਂ ਦੀ ਘਾਟ, ਉਦਯੋਗਿਕ ਵਿਕਾਸ ਦੀ ਮੰਦ ਗਤੀ, ਵਪਾਰੀਆਂ ਦੀਆਂ ਮੁਸ਼ਕਲਾਂ, ਕਿਸਾਨਾਂ ਦੀਆਂ ਸਮੱਸਿਆਵਾਂ, ਸਿਹਤ ਅਤੇ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਵਰਗੇ ਅਹਿਮ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਖੰਨਾ ਦੇ ਲੋਕ ਹੁਣ ਰਵਾਇਤੀ ਰਾਜਨੀਤੀ ਤੋਂ ਅੱਗੇ ਵਧ ਕੇ ਵਿਕਾਸ, ਜਵਾਬਦੇਹੀ ਤੇ ਨਤੀਜੇ ਚਾਹੁੰਦੇ ਹਨ। ਲੋਕਾਂ ਦੀ ਇਹੀ ਭਾਵਨਾ ਤੇ ਉਮੀਦਾਂ ਲੈ ਕੇ ਉਹ ਲਗਾਤਾਰ ਪਿੰਡਾਂ, ਵਾਰਡਾਂ ਤੇ ਸਮਾਜ ਦੇ ਹਰ ਵਰਗ ਤੱਕ ਪਹੁੰਚ ਰਹੇ ਹਨ। ਮੀਟਿੰਗ ਦੌਰਾਨ ਨਿਤਿਨ ਨਬੀਨ ਨੇ ਐਡਵੋਕੇਟ ਚਿਰਾਂਸ਼ੂ ਰਤਨ ਵੱਲੋਂ ਖੰਨਾ ਦੇ ਮੁੱਦਿਆਂ ਨੂੰ ਤੱਥਾਂ ਸਮੇਤ ਪੇਸ਼ ਕਰਨ ਦੀ ਸ਼ਲਾਘਾ ਕੀਤੀ ਤੇ ਭਰੋਸਾ ਦਿਵਾਇਆ ਕਿ ਖੰਨਾ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਪਾਰਟੀ ਵੱਲੋਂ ਗੰਭੀਰਤਾ ਨਾਲ ਨੋਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਨ ਉਪਰੰਤ ਖੰਨਾ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ ਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਯੋਜਨਾ ਬਣਾਈ ਜਾਵੇਗੀ। ਰਾਸ਼ਟਰੀ ਪ੍ਰਧਾਨ ਨੇ ਚਿਰਾਂਸ਼ੂ ਰਤਨ ਨੂੰ ਅਪੀਲ ਕੀਤੀ ਕਿ ਉਹ ਖੰਨਾ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਲਈ ਆਪਣੀ ਲੜਾਈ ਜਾਰੀ ਰੱਖਣ, ਹਰ ਵਰਗ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣ ਤੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਬਣਾਉਣ। ਚਿਰਾਂਸ਼ੂ ਰਤਨ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਦਾ ਇਕੋ ਮਕਸਦ ਖੰਨਾ ਦੇ ਲੋਕਾਂ ਦੀ ਆਵਾਜ਼ ਬਣਨਾ ਤੇ ਖੰਨਾ ਨੂੰ ਵਿਕਾਸ ਦੀ ਨਵੀਂ ਦਿਸ਼ਾ ਦੇਣਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਭ੍ਰਿਸ਼ਟਾਚਾਰ, ਕੁਸ਼ਾਸਨ ਤੇ ਵਿਕਾਸਹੀਣਤਾ ਤੋਂ ਬਾਹਰ ਕੱਢ ਸਕਦੀ ਹੈ ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ’ਚ ਖੰਨਾ ਦੇ ਲੋਕ ਬਦਲਾਅ ਅਤੇ ਵਿਕਾਸ ਦੇ ਹੱਕ ’ਚ ਫੈਸਲਾ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਕਾਰਕੁਨ ਅੱਜ ਖੰਨਾ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਮੈਦਾਨ ’ਚ ਹੈ ਤੇ ਪਾਰਟੀ ਦਾ ਉਦੇਸ਼ ਖੰਨਾ ਨੂੰ ਪੰਜਾਬ ਦੇ ਸਭ ਤੋਂ ਵਿਕਸਤ ਵਿਧਾਨ ਸਭਾ ਹਲਕਿਆਂ ’ਚ ਸ਼ਾਮਲ ਕਰਨਾ ਹੈ। ਮੀਟਿੰਗ ਨੇ ਇਹ ਸਪੱਸ਼ਟ ਸੰਦੇਸ਼ ਦਿੱਤਾ ਕਿ ਖੰਨਾ ਦੇ ਮੁੱਦੇ ਹੁਣ ਸਿਰਫ਼ ਸਥਾਨਕ ਪੱਧਰ ਤੱਕ ਸੀਮਿਤ ਨਹੀਂ ਰਹੇ, ਸਗੋਂ ਪਾਰਟੀ ਦੇ ਰਾਸ਼ਟਰੀ ਨੇਤ੍ਰਿਤਵ ਤੱਕ ਪਹੁੰਚ ਚੁੱਕੇ ਹਨ ਤੇ ਭਵਿੱਖ ’ਚ ਖੰਨਾ ਦੇ ਵਿਕਾਸ ਲਈ ਇੱਕ ਮਜ਼ਬੂਤ ਰੋਡਮੈਪ ਤਿਆਰ ਕੀਤਾ ਜਾਵੇਗਾ।