ਬਾਗਾਂ ਨੂੰ ਲੂ ਤੇ ਵੱਧ ਤਾਪਮਾਨ ਤੋਂ ਬਚਾਉਣ ਲਈ ਅਪਣਾਓ ਵਿਗਿਆਨਕ ਤਰੀਕੇ, ਤਿੱਖੀ ਗਰਮੀ ਤੇ ਲੂ ਫਲਦਾਰ ਬਾਗਾਂ ਲਈ ਬਣੀ ਵੱਡੀ ਚੁਣੌਤੀ, ਜਾਣੋ ਬਚਾਅ ਦੇ ਉਪਾਅ
ਗਰਮੀ ਦੇ ਮੌਸਮ ਦੌਰਾਨ ਬਾਗਾਂ ਦੀ ਸੰਭਾਲ ਬੇਹੱਦ ਜ਼ਰੂਰੀ ਹੈ। ਸਹੀ ਸਿੰਚਾਈ ਅਤੇ ਮਲਚਿੰਗ ਨਾਲ ਫਲਾਂ ਦਾ ਨੁਕਸਾਨ ਹੋਣੋ ਬਚ ਸਕਦਾ ਹੈ। ਇਹ ਕਹਿਣਾ ਹੈ ਮਾਹਿਰ ਮਨਵੀਨ ਕੌਰ ਬਾਠ ਅਤੇ ਜਗਦੀਸ਼ ਕੁਮਾਰ ਅਰੋੜਾ ਦਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਤਿੱਖੀ ਗਰਮੀ ਅਤੇ ਲੂ ਫਲਦਾਰ ਬਾਗਾਂ ਲਈ ਵੱਡੀ ਚੁਣੌਤੀ ਬਣ ਜਾਂਦੀ ਹੈ। ਉੱਚ ਤਾਪਮਾਨ ਅਤੇ ਘੱਟ ਨਮੀ ਕਾਰਨ ਸੰਤਰਾ, ਅੰਬ, ਲੀਚੀ, ਨਾਸਪਾਤੀ, ਆੜੂ, ਆਲੂਬੁਖਾਰਾ ਅਤੇ ਬਰਾਮਾਸੀ ਨਿੰਬੂ ਵਰਗੀਆਂ ਫਸਲਾਂ ਵਿੱਚ ਫਲ ਝੜਨਾ, ਫਲਾਂ ਦਾ ਫੱਟਣਾ, ਪੱਤਿਆਂ ਦਾ ਸੁੱਕਣਾ ਤੇ ਸੂਰਜੀ ਸੜਨ (ਸਨਸਕਾਲਡ) ਵਰਗੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ।
Publish Date: Sun, 26 Jul 2026 11:31 AM (IST)
Updated Date: Sun, 26 Jul 2026 11:36 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ। ਗਰਮੀ ਦੇ ਮੌਸਮ ਦੌਰਾਨ ਬਾਗਾਂ ਦੀ ਸੰਭਾਲ ਬੇਹੱਦ ਜ਼ਰੂਰੀ ਹੈ। ਸਹੀ ਸਿੰਚਾਈ ਅਤੇ ਮਲਚਿੰਗ ਨਾਲ ਫਲਾਂ ਦਾ ਨੁਕਸਾਨ ਹੋਣੋ ਬਚ ਸਕਦਾ ਹੈ। ਇਹ ਕਹਿਣਾ ਹੈ ਮਾਹਿਰ ਮਨਵੀਨ ਕੌਰ ਬਾਠ ਅਤੇ ਜਗਦੀਸ਼ ਕੁਮਾਰ ਅਰੋੜਾ ਦਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਤਿੱਖੀ ਗਰਮੀ ਅਤੇ ਲੂ ਫਲਦਾਰ ਬਾਗਾਂ ਲਈ ਵੱਡੀ ਚੁਣੌਤੀ ਬਣ ਜਾਂਦੀ ਹੈ। ਉੱਚ ਤਾਪਮਾਨ ਅਤੇ ਘੱਟ ਨਮੀ ਕਾਰਨ ਸੰਤਰਾ, ਅੰਬ, ਲੀਚੀ, ਨਾਸਪਾਤੀ, ਆੜੂ, ਆਲੂਬੁਖਾਰਾ ਅਤੇ ਬਰਾਮਾਸੀ ਨਿੰਬੂ ਵਰਗੀਆਂ ਫਸਲਾਂ ਵਿੱਚ ਫਲ ਝੜਨਾ, ਫਲਾਂ ਦਾ ਫੱਟਣਾ, ਪੱਤਿਆਂ ਦਾ ਸੁੱਕਣਾ ਤੇ ਸੂਰਜੀ ਸੜਨ (ਸਨਸਕਾਲਡ) ਵਰਗੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ।
ਮਾਹਿਰਾਂ ਨੇ ਕਿਹਾ ਕਿ ਨਵੇਂ ਲਾਏ ਪੌਦੇ ਗਰਮੀ ਦਾ ਸਭ ਤੋਂ ਵੱਧ ਪ੍ਰਭਾਵ ਸਹਿੰਦੇ ਹਨ, ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀਆਂ। ਇਸ ਕਾਰਨ ਵਾਸ਼ਪੀਕਰਨ ਰਾਹੀਂ ਪਾਣੀ ਦੀ ਘਾਟ ਤੇਜ਼ੀ ਨਾਲ ਹੁੰਦੀ ਹੈ ਅਤੇ ਪੌਦੇ ਸੁੱਕਣ ਦਾ ਖਤਰਾ ਵੱਧ ਜਾਂਦਾ ਹੈ। ਬਰਾਮਾਸੀ ਨਿੰਬੂ ਅਤੇ ਲੀਚੀ ਵਿੱਚ ਇਸ ਸਮੇਂ ਫਲ ਝੜਨ ਅਤੇ ਫੱਟਣ ਦੀ ਸਮੱਸਿਆ ਵੀ ਆਮ ਹੈ। ਗਰਮੀ ਤੋਂ ਬਚਾਅ ਲਈ ਨਿਯਮਿਤ ਸਿੰਚਾਈ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ।
ਉੱਚ ਗੁਣਵੱਤਾ ਵਾਲੇ ਪਾਣੀ ਨਾਲ ਲਗਪਗ 10 ਦਿਨਾਂ ਦੇ ਅੰਤਰ ’ਤੇ ਸਿੰਚਾਈ ਕਰਨ ਨਾਲ ਪੌਦਿਆਂ ’ਤੇ ਗਰਮੀ ਦਾ ਅਸਰ ਘਟਦਾ ਹੈ। ਆੜੂ ਦੀਆਂ ਸ਼ੁਰੂਆਤੀ ਕਿਸਮਾਂ ਪ੍ਰਤਾਪ, ਸ਼ਾਨ-ਏ-ਪੰਜਾਬ ਅਤੇ ਅਰਲੀ ਗ੍ਰਾਂਡ ਨੂੰ 3 ਤੋਂ 4 ਦਿਨਾਂ ਦੇ ਅੰਤਰਾਲ ’ਤੇ, ਆਲੂਬੁਖਾਰੇ ਨੂੰ 4 ਤੋਂ 5 ਦਿਨਾਂ ਵਿੱਚ ਅਤੇ ਨਾਸਪਾਤੀ ਨੂੰ ਹਫ਼ਤੇ ਵਿੱਚ ਇੱਕ ਵਾਰ ਪਾਣੀ ਦੇਣਾ ਲਾਭਦਾਇਕ ਰਹਿੰਦਾ ਹੈ।
ਲੋਕਾਟ ਦੇ ਫਲ ਪੱਕਣ ਦੇ ਸਮੇਂ ਵੀ ਖੇਤ ਵਿੱਚ ਨਮੀ ਬਣਾਈ ਰੱਖਣੀ ਲਾਜ਼ਮੀ ਹੈ। ਮਾਹਿਰਾਂ ਨੇ ਪੌਦਿਆਂ ਦੇ ਤਣਿਆਂ ਦੀ ਚੂਨੇ ਨਾਲ ਸਫ਼ੇਦੀ ਕਰਨ ਦੀ ਵੀ ਸਿਫ਼ਾਰਸ਼ ਕੀਤੀ ਹੈ। 25 ਕਿਲੋ ਬੁਝਿਆ ਚੂਨਾ, 100 ਲੀਟਰ ਪਾਣੀ, 500 ਗ੍ਰਾਮ ਕਾਪਰ ਸਲਫੇਟ ਅਤੇ 500 ਗ੍ਰਾਮ ਗਮ ਜਾਂ ਗੰਧਕ ਮਿਲਾ ਕੇ ਤਿਆਰ ਕੀਤਾ ਮਿਸ਼ਰਣ ਤਣਿਆਂ ਨੂੰ ਤਿੱਖੀ ਧੁੱਪ ਅਤੇ ਫੰਗਸ ਦੇ ਹਮਲੇ ਤੋਂ ਬਚਾਉਂਦਾ ਹੈ। ਲੂ ਦੇ ਪ੍ਰਭਾਵ ਨੂੰ ਘਟਾਉਣ ਲਈ ਬਾਗਾਂ ਦੇ ਪੱਛਮੀ ਪਾਸੇ ਯੂਕਲਿਪਟਸ, ਜਾਮੁਨ, ਅਰਜੁਨ, ਸ਼ੀਸ਼ਮ, ਤੂਤ ਅਤੇ ਅੰਬ ਵਰਗੇ ਦਰੱਖਤਾਂ ਦੀ ਵਿੰਡਬ੍ਰੇਕ ਵਜੋਂ ਰੋਪਾਈ ਕਰਨ ਦੀ ਸਲਾਹ ਦਿੱਤੀ ਗਈ ਹੈ।
ਨਵੇਂ ਪੌਦਿਆਂ ਨੂੰ ਸਰਕੰਦੇ, ਪਰਾਲੀ ਜਾਂ ਖਜੂਰ ਦੇ ਪੱਤਿਆਂ ਨਾਲ ਢੱਕ ਕੇ ਅਤੇ ਜੰਤਰ ਜਾਂ ਅਰਹਰ ਵਰਗੀਆਂ ਫਸਲਾਂ ਦੀ ਛਾਂ ਦੇ ਕੇ ਵੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਮਾਹਿਰਾਂ ਨੇ ਕਿਹਾ ਕਿ ਪੌਦਿਆਂ ਨੂੰ ਸੰਤੁਲਿਤ ਪੋਸ਼ਣ, ਸਹੀ ਕਟਾਈ-ਛਟਾਈ ਅਤੇ ਨੀਵੇਂ ਸਿਰ ਵਾਲੇ ਦਰੱਖਤਾਂ ਦੇ ਰੂਪ ਵਿੱਚ ਤਿਆਰ ਕਰਨ ਨਾਲ ਉਹ ਉੱਚ ਤਾਪਮਾਨ ਨੂੰ ਵਧੀਆ ਢੰਗ ਨਾਲ ਸਹਾਰ ਸਕਦੇ ਹਨ। ਇਸ ਤੋਂ ਇਲਾਵਾ ਧਾਨ ਦੀ ਪਰਾਲੀ ਨਾਲ ਮਲਚਿੰਗ ਕਰਨ ਨੂੰ ਗਰਮੀ ਦੌਰਾਨ ਸਭ ਤੋਂ ਪ੍ਰਭਾਵਸ਼ਾਲੀ ਤਕਨੀਕ ਦੱਸਿਆ ਗਿਆ ਹੈ।
ਮਲਚਿੰਗ ਨਾਲ ਮਿੱਟੀ ਵਿੱਚ ਨਮੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ, ਘਾਹ-ਫੂਸ 'ਤੇ ਕਾਬੂ ਰਹਿੰਦਾ ਹੈ, ਮਿੱਟੀ ਦਾ ਤਾਪਮਾਨ ਸੰਤੁਲਿਤ ਰਹਿੰਦਾ ਹੈ ਅਤੇ ਜੈਵਿਕ ਪਦਾਰਥ ’ਚ ਵੀ ਵਾਧਾ ਹੁੰਦਾ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਗਰਮੀ ਦੇ ਮੌਸਮ ’ਚ ਸਿੰਚਾਈ, ਮਲਚਿੰਗ, ਤਣਿਆਂ ਦੀ ਸੁਰੱਖਿਆ ਅਤੇ ਹਵਾ ਤੋਂ ਬਚਾਅ ਵਰਗੇ ਉਪਾਅ ਅਪਣਾ ਕੇ ਫਲਾਂ ਦੀ ਉਪਜ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।