- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਬੀਰ ਬਾਦਲ ਖ਼ਿਲਾਫ਼ ਕਾਰਵਾਈ ਸਿਆਸੀ ਬਦਲਾਖੋਰੀ ਦਾ ਹਿੱਸਾ : ਕਲੇਰ, ਗਰੇਵਾਲ

ਸੁਖਦੇਵ ਗਰਗ, ਪੰਜਾਬੀ ਜਾਗਰਣ
ਜਗਰਾਓਂ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿੱਟ ਅੱਗੇ ਪੇਸ਼ ਹੋਣ ਦੇ ਮੌਕੇ ’ਤੇ ਜਗਰਾਓਂ ਤੋਂ ਸੋਮਵਾਰ ਨੂੰ ਅਕਾਲੀ ਆਗੂਆਂ ਅਤੇ ਵਰਕਰਾਂ ਦਾ ਵੱਡਾ ਕਾਫ਼ਲਾ ਚੰਡੀਗੜ੍ਹ ਲਈ ਰਵਾਨਾ ਹੋਇਆ। ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ, ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਐੱਸਆਰ ਕਲੇਰ ਦੀ ਅਗਵਾਈ ਹੇਠ ਜਗਰਾਓਂ ਤੋਂ ਰਵਾਨਾ ਹੋਣ ਸਮੇਂ ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਐੱਸਆਰ ਕਲੇਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਆਸੀ ਬਦਲਾਖੋਰੀ ਦੀ ਨੀਤੀ ਤਹਿਤ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਕਾਲੀ ਦਲ ਦਾ ਹਰ ਆਗੂ ਅਤੇ ਵਰਕਰ ਕਾਨੂੰਨ ਦਾ ਸਤਿਕਾਰ ਕਰਦਾ ਹੈ ਅਤੇ ਹਰ ਕਾਨੂੰਨੀ ਪ੍ਰਕਿਰਿਆ ਵਿੱਚ ਪੂਰਾ ਸਹਿਯੋਗ ਦੇਵੇਗਾ। ਉਨ੍ਹਾਂ ਕਿਹਾ ਕਿ ਸਾਲ 2015 ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਬਹੁਤ ਹੀ ਦੁਖਦਾਈ ਸਨ ਅਤੇ ਅਕਾਲੀ ਦਲ ਨੇ ਸ਼ੁਰੂ ਤੋਂ ਹੀ ਇਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ ਸੀ।
ਉਨ੍ਹਾਂ ਕਿਹਾ ਕਿ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਇਸ ਮਾਮਲੇ ਨੂੰ ਸਿਆਸੀ ਰੰਗ ਦੇ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਤੱਕ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ ਅਤੇ ਨਾ ਹੀ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਇਨਸਾਫ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜ ਸਾਲ ਕਾਂਗਰਸ ਸਰਕਾਰ ਨੇ ਬੇਅਦਬੀ ਦੇ ਨਾਂ ’ਤੇ ਸਿਆਸਤ ਕੀਤੀ ਅਤੇ ਹੁਣ ਸਾਢੇ ਚਾਰ ਸਾਲ ਤੋਂ ਵੱਧ ਸਮਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਗਿਆ ਹੈ, ਪਰ ਲੋਕਾਂ ਨਾਲ ਕੀਤੇ ਵਾਅਦਿਆਂ ਦੇ ਬਾਵਜੂਦ ਬੇਅਦਬੀ ਦੇ ਮਾਮਲਿਆਂ ਵਿੱਚ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਹਰ ਚੋਣ ਤੋਂ ਪਹਿਲਾਂ ਇਸ ਮਾਮਲੇ ਨੂੰ ਮੁੜ ਉਠਾ ਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਉਣ ਵਾਲੀਆਂ ਚੋਣਾਂ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਮੁੜ 2027 ਵਾਲੀ ਰਣਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ, ਰੁਜ਼ਗਾਰ, ਕਿਸਾਨਾਂ, ਵਪਾਰੀਆਂ, ਨਸ਼ਿਆਂ ਅਤੇ ਕਾਨੂੰਨ-ਵਿਵਸਥਾ ਵਰਗੇ ਮੁੱਦਿਆਂ ’ਤੇ ਲੋਕਾਂ ਨੂੰ ਜਵਾਬ ਦੇਣ ਦੀ ਬਜਾਏ ਵਿਰੋਧੀਆਂ ਖ਼ਿਲਾਫ਼ ਸਿਆਸੀ ਮਾਹੌਲ ਬਣਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਹਰ ਵਰਕਰ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਸੱਚਾਈ ਦੀ ਜਿੱਤ ’ਤੇ ਪੂਰਾ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਕਿਹਾ ਕਿ ਝੂਠੇ ਪ੍ਰਚਾਰ ਅਤੇ ਸਿਆਸੀ ਦਬਾਅ ਨਾਲ ਨਾ ਤਾਂ ਸੱਚ ਨੂੰ ਦਬਾਇਆ ਜਾ ਸਕਦਾ ਹੈ ਅਤੇ ਨਾ ਹੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲੇ ਨੂੰ ਕਿਸੇ ਵੀ ਕੀਮਤ ’ਤੇ ਸਿਆਸੀ ਲਾਭ ਲਈ ਵਰਤਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੀ ਨੀਅਤ ਸੱਚਮੁੱਚ ਇਨਸਾਫ਼ ਦਿਵਾਉਣ ਦੀ ਹੁੰਦੀ ਤਾਂ ਇੰਨੇ ਸਾਲਾਂ ਵਿੱਚ ਅਸਲ ਦੋਸ਼ੀਆਂ ਨੂੰ ਸਜ਼ਾ ਮਿਲ ਚੁੱਕੀ ਹੁੰਦੀ। ਅਕਾਲੀ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ਰਧਾ ਹਰ ਸਿੱਖ ਦੇ ਹਿਰਦੇ ਵਿੱਚ ਵੱਸਦੀ ਹੈ ਅਤੇ ਇਸ ਪਵਿੱਤਰ ਮਾਮਲੇ ਨੂੰ ਸਿਆਸੀ ਬਦਲਾਖੋਰੀ ਦਾ ਸਾਧਨ ਬਣਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਨ੍ਹਾਂ ਕਿਹਾ ਕਿ ਸੰਗਤ ਦੀ ਇੱਕੋ ਮੰਗ ਹੈ ਕਿ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਨਿਰਪੱਖ ਜਾਂਚ ਰਾਹੀਂ ਬੇਨਕਾਬ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਇਸ ਪਵਿੱਤਰ ਮਾਮਲੇ ’ਤੇ ਸਿਆਸਤ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਇਸ ਮੌਕੇ ਜਗਰਾਓਂ ਹਲਕੇ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਆਗੂ, ਅਹੁਦੇਦਾਰ ਅਤੇ ਵਰਕਰ ਚੰਡੀਗੜ੍ਹ ਲਈ ਰਵਾਨਾ ਹੋਏ ਅਤੇ ਪਾਰਟੀ ਪ੍ਰਧਾਨ ਪ੍ਰਤੀ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਸਰਪੰਚ, ਰਣਧੀਰ ਸਿੰਘ ਚੱਕਰ, ਸਰਪ੍ਰੀਤ ਸਿੰਘ ਕਾਉਂਕੇ, ਮਨਦੀਪ ਸਿੰਘ ਗ਼ਾਲਿਬ, ਕੌਂਸਲਰ ਦਵਿੰਦਰਜੀਤ ਸਿੱਧੂ, ਦੀਪਿੰਦਰ ਭੰਡਾਰੀ, ਹਰਦੇਵ ਸਿੰਘ ਬੌਬੀ, ਸੰਦੀਪ ਸਿੰਘ ਮੱਲਾ, ਜਸਪ੍ਰੀਤ ਸਿੰਘ ਚੱਕਰ, ਰੇਸ਼ਮ ਸਿੰਘ ਮਾਣੂਕੇ, ਪਰਮਿੰਦਰ ਸਿੰਘ ਕੰਬੋ ਹਠੂਰ, ਗੁਰਪ੍ਰੀਤ ਸਿੰਘ ਬੱਸੂਵਾਲ, ਸੁਰਿੰਦਰ ਸਿੰਘ ਪਰਜੀਆਂ ਬਿਹਾਰੀਪੁਰ, ਗੁਰਸ਼ਰਨ ਸਿੰਘ ਮਿਗਲਾਨੀ, ਸਤਨਾਮ ਸਿੰਘ ਬੱਸੂਵਾਲ, ਜਸਵੰਤ ਸਿੰਘ ਪੱਤੀ ਮੁਲਤਾਨੀ, ਜਗਰੂਪ ਸਿੰਘ ਕੋਠੇ ਅੱਠ ਚੱਕ, ਅਮਨਦੀਪ ਸਿੰਘ ਗਿੱਦੜਵਿੰਡੀ, ਸਤਨਾਮ ਸਿੰਘ ਜਗਰਾਓਂ, ਟਹਿਲ ਸਿੰਘ ਅਖਾੜਾ, ਬਲਜਿੰਦਰ ਸਿੰਘ ਅਖਾੜਾ, ਗੁਰਚਰਨ ਸਿੰਘ ਕੰਨੀਆਂ, ਅਮਰਜੀਤ ਸਿੰਘ ਅਗਵਾੜ ਲੋਪੋਂ ਖ਼ੁਰਦ, ਮਨਦੀਪ ਸਿੰਘ ਅਗਵਾੜ ਲੋਪੋਂ ਖ਼ੁਰਦ, ਮਨਦੀਪ ਸਿੰਘ ਸਿੱਧਵਾਂ ਕਲਾਂ, ਹਰਵਿੰਦਰ ਸਿੰਘ ਸਿੱਧਵਾਂ ਕਲਾਂ, ਹਰਦੇਵ ਸਿੰਘ ਸਿੱਧਵਾਂ ਕਲਾਂ, ਬਲਜੀਤ ਸਿੰਘ ਸਿੱਧਵਾਂ ਕਲਾਂ, ਹਰਵਿੰਦਰ ਸਿੰਘ ਸੋਢੀਵਾਲ, ਪ੍ਰਦੀਪ ਸਿੰਘ ਚੱਕਰ ਸਮੇਤ ਕਈ ਪਿੰਡਾਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।