ਬੁਆਏਫ੍ਰੈਂਡ ਦੇ ਦੋਸਤ ਵੱਲੋਂ ਨਸ਼ੀਲਾ ਪਦਾਰਥ ਪਿਲਾ ਕੇ ਜਬਰ-ਜਨਾਹ ਤੇ ਬਲੈਕਮੇਲ ਕਰਨ ਦਾ ਦੋਸ਼, ਚੰਡੀਗੜ੍ਹ ਦੀ ਜ਼ੀਰੋ FIR ਲੁਧਿਆਣਾ ਟਰਾਂਸਫਰ
ਪੀੜਤਾ ਦੇ ਬਿਆਨਾਂ ਅਨੁਸਾਰ ਉਹ ਚੰਡੀਗੜ੍ਹ ’ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ ਅਤੇ ਇੱਕ ਪ੍ਰੋਫੈਸ਼ਨਲ ਕੋਰਸ ਕਰ ਰਹੀ ਹੈ। ਉਸ ਦੀ ਆਪਣੇ ਬੁਆਏਫ੍ਰੈਂਡ ਨਾਲ ਕਰੀਬ ਦੋ ਸਾਲਾਂ ਤੋਂ ਜਾਣ-ਪਛਾਣ ਸੀ ਅਤੇ ਦੋਵੇਂ ਵਿਆਹ ਕਰਨ ਦੀ ਯੋਜਨਾ ਵੀ ਬਣਾ ਰਹੇ ਸਨ। ਦੋਸ਼ੀ ਮਹਿਕ, ਜੋ ਉਸ ਦੇ ਬੁਆਏਫ੍ਰੈਂਡ ਦਾ ਦੋਸਤ ਸੀ, ਪਹਿਲਾਂ ਤੋਂ ਹੀ ਉਸ ਦੇ ਸੰਪਰਕ ਵਿੱਚ ਸੀ ਅਤੇ ਪੀੜਤਾ ਉਸ ਨੂੰ ਭਰਾ ਸਮਝਦੀ ਸੀ।
Publish Date: Tue, 04 Aug 2026 02:56 PM (IST)
Updated Date: Tue, 04 Aug 2026 03:00 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਚੰਡੀਗੜ੍ਹ ਦੀ ਇੱਕ ਵਿਦਿਆਰਥਣ ਨੂੰ ਧੋਖੇ ਨਾਲ ਨਸ਼ੀਲਾ ਪਦਾਰਥ ਪਿਲਾ ਕੇ ਜਬਰ-ਜਨਾਹ ਕਰਨ, ਅਸ਼ਲੀਲ ਵੀਡੀਓ ਬਣਾਕੇ ਮਹੀਨਿਆਂ ਤੱਕ ਬਲੈਕਮੇਲ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ।
ਪੀੜਤਾ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਪੁਲਿਸ ਨੇ ਜ਼ੀਰੋ ਐੱਫ.ਆਈ.ਆਰ. ਦਰਜ ਕਰਕੇ ਮਾਮਲਾ ਜਾਂਚ ਲਈ ਲੁਧਿਆਣਾ ਦੇ ਡਿਵੀਜ਼ਨ ਨੰਬਰ-5 ਥਾਣੇ ਨੂੰ ਭੇਜ ਦਿੱਤਾ ਹੈ। ਪੁਲਿਸ ਨੇ ਦੋਸ਼ੀ ਮਹਿਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਦੇ ਬਿਆਨਾਂ ਅਨੁਸਾਰ ਉਹ ਚੰਡੀਗੜ੍ਹ ’ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ ਅਤੇ ਇੱਕ ਪ੍ਰੋਫੈਸ਼ਨਲ ਕੋਰਸ ਕਰ ਰਹੀ ਹੈ। ਉਸ ਦੀ ਆਪਣੇ ਬੁਆਏਫ੍ਰੈਂਡ ਨਾਲ ਕਰੀਬ ਦੋ ਸਾਲਾਂ ਤੋਂ ਜਾਣ-ਪਛਾਣ ਸੀ ਅਤੇ ਦੋਵੇਂ ਵਿਆਹ ਕਰਨ ਦੀ ਯੋਜਨਾ ਵੀ ਬਣਾ ਰਹੇ ਸਨ। ਦੋਸ਼ੀ ਮਹਿਕ, ਜੋ ਉਸ ਦੇ ਬੁਆਏਫ੍ਰੈਂਡ ਦਾ ਦੋਸਤ ਸੀ, ਪਹਿਲਾਂ ਤੋਂ ਹੀ ਉਸ ਦੇ ਸੰਪਰਕ ਵਿੱਚ ਸੀ ਅਤੇ ਪੀੜਤਾ ਉਸ ਨੂੰ ਭਰਾ ਸਮਝਦੀ ਸੀ।
ਪੀੜਤਾ ਦਾ ਦੋਸ਼ ਹੈ ਕਿ ਮਹਿਕ ਵਾਰ-ਵਾਰ ਉਸ ਦੇ ਬੁਆਏਫ੍ਰੈਂਡ ਬਾਰੇ ਗਲਤ ਗੱਲਾਂ ਕਰਦਾ ਅਤੇ ਕਹਿੰਦਾ ਸੀ ਕਿ ਉਸ ਦੇ ਹੋਰ ਲੜਕੀਆਂ ਨਾਲ ਵੀ ਸਬੰਧ ਹਨ। ਉਹ ਇਹ ਵੀ ਦਾਅਵਾ ਕਰਦਾ ਰਿਹਾ ਕਿ ਉਹ ਪੀੜਤਾ ਨੂੰ ਉਨ੍ਹਾਂ ਲੜਕੀਆਂ ਨਾਲ ਮਿਲਾ ਕੇ ਸਾਰੇ ਸਬੂਤ ਦਿਖਾਵੇਗਾ।
ਸ਼ਿਕਾਇਤ ਮੁਤਾਬਕ ਨਵੰਬਰ 2025 ’ਚ ਜਦੋਂ ਪੀੜਤਾ ਆਪਣੇ ਰਿਸ਼ਤੇਦਾਰਾਂ ਕੋਲ ਲੁਧਿਆਣਾ ਆਈ ਤਾਂ ਮਹਿਕ ਨੇ ਉਸ ਨੂੰ ਇਹ ਕਹਿ ਕੇ ਇੱਕ ਹੋਟਲ ਦੇ ਕਮਰੇ ਵਿੱਚ ਬੁਲਾਇਆ ਕਿ ਉੱਥੇ ਉਹ ਲੜਕੀਆਂ ਮਿਲਣਗੀਆਂ ਪਰ ਕਮਰੇ ’ਚ ਕੋਈ ਵੀ ਨਹੀਂ ਸੀ।
ਕੁਝ ਸਮਾਂ ਉਡੀਕ ਕਰਵਾਉਣ ਤੋਂ ਬਾਅਦ ਦੋਸ਼ੀ ਉਸ ਲਈ ਕੋਲਡ ਡਰਿੰਕ ਲੈ ਕੇ ਆਇਆ। ਪੀੜਤਾ ਦਾ ਦੋਸ਼ ਹੈ ਕਿ ਉਹ ਡਰਿੰਕ ਪੀਣ ਤੋਂ ਕੁਝ ਦੇਰ ਬਾਅਦ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਜਬਰ-ਜਨਾਹ ਹੋ ਚੁੱਕਾ ਹੈ। ਲੜਕੀ ਨੇ ਜਦ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਮੂੰਹ ਬੰਦ ਰੱਖਣ ਦੀਆਂ ਧਮਕੀਆਂ ਦਿੱਤੀਆਂ।
ਪੀੜਤਾ ਨੇ ਆਪਣੇ ਬਿਆਨਾਂ ’ਚ ਇਹ ਵੀ ਦੋਸ਼ ਲਗਾਇਆ ਕਿ ਮਹਿਕ ਨੇ ਘਟਨਾ ਦੌਰਾਨ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਉਸੇ ਦੇ ਆਧਾਰ ’ਤੇ ਕਰੀਬ ਅੱਠ ਮਹੀਨੇ ਤੱਕ ਉਸ ਨੂੰ ਬਲੈਕਮੇਲ ਕਰਦਾ ਰਿਹਾ। ਮੁਲਜ਼ਮ ਨੇ ਧਮਕੀ ਦਿੱਤੀ ਕਿ ਜੇਕਰ ਉਹ ਕਿਸੇ ਨੂੰ ਇਸ ਬਾਰੇ ਦੱਸਦੀ ਜਾਂ ਪੁਲਿਸ ਕੋਲ ਜਾਂਦੀ ਤਾਂ ਵੀਡੀਓ ਵਾਇਰਲ ਕਰਕੇ ਜਾਨੋਂ ਮਾਰ ਦਿੱਤਾ ਜਾਵੇਗਾ।
ਇਸ ਦੌਰਾਨ ਦੋਸ਼ੀ ਲਗਾਤਾਰ ਉਸ ਨਾਲ ਸੰਪਰਕ ਕਰਨ ਅਤੇ ਮਿਲਣ ਲਈ ਦਬਾਅ ਬਣਾਉਂਦਾ ਰਿਹਾ। ਪੀੜਤਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਬਹੁਤ ਪ੍ਰਭਾਵਿਤ ਹੋ ਗਈ ਅਤੇ ਡਿਪ੍ਰੈਸ਼ਨ ’ਚ ਚਲੀ ਗਈ। ਕਾਫ਼ੀ ਸਮੇਂ ਤੱਕ ਉਹ ਕਿਸੇ ਨੂੰ ਕੁਝ ਨਹੀਂ ਦੱਸ ਸਕੀ। ਬਾਅਦ ’ਚ ਉਸ ਨੇ ਆਪਣੇ ਬੁਆਏਫ੍ਰੈਂਡ ਨੂੰ ਸਾਰੀ ਗੱਲ ਦੱਸੀ।
ਸ਼ੁਰੂ ’ਚ ਉਸ ਨੇ ਵੀ ਸਬੂਤ ਮੰਗੇ ਪਰ ਕੁਝ ਜਾਣਕਾਰੀ ਅਤੇ ਸਬੂਤ ਦੇਖਣ ਤੋਂ ਬਾਅਦ ਉਸ ਨੇ ਪੀੜਤਾ ਦਾ ਸਾਥ ਦਿੱਤਾ। ਇਸ ਤੋਂ ਬਾਅਦ ਪੀੜਤਾ ਨੇ ਹਿੰਮਤ ਕਰਕੇ ਚੰਡੀਗੜ੍ਹ ਦੇ ਐੱਸ.ਐੱਸ.ਪੀ. ਕੋਲ ਸ਼ਿਕਾਇਤ ਦਰਜ ਕਰਵਾਈ।
ਮਾਮਲੇ ਦੀ ਜਾਂਚ ਕਰ ਰਹੇ ਲੁਧਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਪ੍ਰਾਪਤ ਜ਼ੀਰੋ ਐੱਫ.ਆਈ.ਆਰ. ਦੇ ਆਧਾਰ ’ਤੇ ਮਹਿਕ ਖ਼ਿਲਾਫ਼ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।