ਪੁਰਾਣੀ ਰੰਜਿਸ਼ ਕਾਰਨ 30 ਸਾਲਾ ਨੌਜਵਾਨ ਅਗਵਾ, ਘਰ ਨੇੜੇ ਮੱਝਾਂ ਚਰਾ ਰਹੇ ਸੁਦਾਮ ਹੁਸੈਨ ਨੂੰ ਧੱਕੇ ਨਾਲ ਲੈ ਗਏ ਮੁਲਜ਼ਮ
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸਾਹਨੇਵਾਲ ਦੇ ਨਵਾਂ ਰੋਡ ਇਲਾਕੇ ਦੇ ਵਾਸੀ ਬਾਗ ਹੁਸੈਨ ਨੇ ਦੱਸਿਆ ਕਿ ਉਹ ਦੁੱਧ ਵੇਚਣ ਦਾ ਕੰਮ ਕਰਦਾ ਹੈ। ਸਵੇਰੇ ਕਰੀਬ 9 ਵਜੇ ਉਹ ਆਪਣੇ ਭਰਾ ਸੁਦਾਮ ਹੁਸੈਨ, ਉਮਰ ਕਰੀਬ 30 ਸਾਲ, ਨਾਲ ਘਰ ਦੇ ਨੇੜੇ ਪਲਾਟਾਂ ’ਚ ਮੱਝਾਂ ਚਰਾ ਰਿਹਾ ਸੀ।
Publish Date: Fri, 04 Sep 2026 11:25 AM (IST)
Updated Date: Fri, 04 Sep 2026 11:31 AM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ। ਸਾਹਨੇਵਾਲ ਇਲਾਕੇ ’ਚ ਪੁਰਾਣੀ ਰੰਜਿਸ਼ ਦੇ ਚਲਦਿਆਂ 30 ਸਾਲਾ ਨੌਜਵਾਨ ਨੂੰ ਘਰ ਨੇੜਿਓਂ ਅਗਵਾ ਕਰਕੇ ਸਕਾਰਪਿਓ ਗੱਡੀ ’ਚ ਬਿਠਾ ਕੇ ਅਣਪਛਾਤੀ ਥਾਂ ’ਤੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ। ਘਟਨਾ ਸਬੰਧੀ ਸਾਹਨੇਵਾਲ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਦੇ ਨਾਲ-ਨਾਲ ਘਟਨਾ ਵਾਲੇ ਇਲਾਕੇ ਅਤੇ ਸੰਭਾਵਿਤ ਰਸਤਿਆਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸਾਹਨੇਵਾਲ ਦੇ ਨਵਾਂ ਰੋਡ ਇਲਾਕੇ ਦੇ ਵਾਸੀ ਬਾਗ ਹੁਸੈਨ ਨੇ ਦੱਸਿਆ ਕਿ ਉਹ ਦੁੱਧ ਵੇਚਣ ਦਾ ਕੰਮ ਕਰਦਾ ਹੈ। ਸਵੇਰੇ ਕਰੀਬ 9 ਵਜੇ ਉਹ ਆਪਣੇ ਭਰਾ ਸੁਦਾਮ ਹੁਸੈਨ, ਉਮਰ ਕਰੀਬ 30 ਸਾਲ, ਨਾਲ ਘਰ ਦੇ ਨੇੜੇ ਪਲਾਟਾਂ ’ਚ ਮੱਝਾਂ ਚਰਾ ਰਿਹਾ ਸੀ।
ਇਸੇ ਦੌਰਾਨ ਪਿੰਡ ਕੋਟਲਾ ਅਫਗਾਨਾ ਰੋਡ ਵੱਲੋਂ ਇੱਕ ਸਕਾਰਪਿਓ ਗੱਡੀ ਵਿੱਚ ਕੁਝ ਵਿਅਕਤੀ ਆਏ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਕਤ ਵਿਅਕਤੀਆਂ ਨੇ ਉਸ ਦੇ ਭਰਾ ਸੁਦਾਮ ਹੁਸੈਨ ਨੂੰ ਧੱਕੇ ਨਾਲ ਸਕਾਰਪਿਓ ਗੱਡੀ ’ਚ ਬਿਠਾ ਲਿਆ ਅਤੇ ਉਸ ਨੂੰ ਆਪਣੇ ਨਾਲ ਲੈ ਗਏ। ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ।
ਦੋਵਾਂ ਧਿਰਾਂ ਵਿਚਕਾਰ ਪੁਰਾਣੀ ਦੁਸ਼ਮਣੀ
ਥਾਣਾ ਸਾਹਨੇਵਾਲ ਦੇ ਇੰਚਾਰਜ ਦਲਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਪਿੱਛੇ ਦੋਵਾਂ ਧਿਰਾਂ ਵਿਚਕਾਰ ਚੱਲ ਰਹੀ ਪੁਰਾਣੀ ਰੰਜਿਸ਼ ਸਾਹਮਣੇ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵਿਚਕਾਰ ਪਹਿਲਾਂ ਵੀ ਝਗੜਾ ਹੋ ਚੁੱਕਾ ਹੈ ਅਤੇ ਕਠੂਏ ਇਲਾਕੇ ਵਿੱਚ ਵੀ ਇਸੇ ਤਰ੍ਹਾਂ ਦਾ ਵਿਵਾਦ ਹੋਇਆ ਸੀ।
ਪੁਲਿਸ ਨੇ ਮਾਮਲੇ ’ਚ ਪਿੰਡ।ਰਾਮਪੁਰ ਦੇ ਵਾਸੀ ਪੰਮਾ ਮੁਸਤਫਾ, ਨਵਾਂ ਸ਼ਹਿਰ ਦੇ ਵਾਸੀ ਆਸ਼ਕ ਅਲੀ , ਕਨੇਚ ਦੇ ਵਾਸੀ ਤਾਜਦੀਨ, ਲਿਆਕਤ ਅਲੀ, ਪਿੰਡ ਮਾਹਲੋ ਨਵਾਂ ਸ਼ਹਿਰ ਦੇ ਰਹਿਣ ਵਾਲੇ ਜਾਕਰ ਹੁਸੈਨ, ਮਾਮ ਹੁਸੈਨ, ਅਰਮਾਨ , ਕੁਹਾੜਾ ਦੇ ਵਾਸੀ ਮੁਹੰਮਦ ਸ਼ਰੀਫ਼ ਸਮੇਤ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੀ ਪੁਲਿਸ
ਪੁਲਿਸ ਵੱਲੋਂ ਘਟਨਾ ਵਾਲੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨਾਮਜ਼ਦ ਮੁਲਜ਼ਮਾਂ ਦੇ ਟਿਕਾਣਿਆਂ ਬਾਰੇ ਜਾਣਕਾਰੀ ਇਕੱਠੀ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅੱਗੇ ਵਧਣ ਨਾਲ ਘਟਨਾ ਨਾਲ ਜੁੜੇ ਹੋਰ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ।