ਵਾਤਾਵਰਣ ਸੰਭਾਲ ਮੁਹਿੰਮ ਤਹਿਤ ਲਾਏ 300 ਤੋਂ ਵੱਧ ਬੂਟੇ ਆਸ ਅਹਿਸਾਸ ਐਨਜੀਓ ਵੱਲੋਂ ਗਿਆਸਪੁਰਾ ਵਿੱਚ 300 ਤੋਂ ਵੱਧ ਪੌਦੇ ਲਗਾ ਕੇ ਵਾਤਾਵਰਣ ਸੰਭਾਲ ਮੁਹਿੰਮ ਦੀ ਸ਼ੁਰੂਆਤ
Publish Date: Wed, 05 Aug 2026 09:34 PM (IST)
Updated Date: Thu, 06 Aug 2026 04:08 AM (IST)
-ਸਿਹਤਮੰਦ ਵਾਤਾਵਰਣ ਹੀ ਬੱਚਿਆਂ ਦੇ ਉਜਵਲ ਭਵਿੱਖ ਦੀ ਨੀਂਹ : ਗੁਨਜੀਤ ਰੁਚੀ ਬਾਵਾ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਸਿਹਤਮੰਦ ਵਾਤਾਵਰਣ ਹੀ ਬੱਚਿਆਂ ਦੇ ਸੁਰੱਖਿਅਤ, ਤੰਦਰੁਸਤ ਤੇ ਉਜਵਲ ਭਵਿੱਖ ਦੀ ਮਜ਼ਬੂਤ ਨੀਂਹ ਹੈ। ਆਸ ਅਹਿਸਾਸ ਐਨਜੀਓ ਵੱਲੋਂ ਗਿਆਸਪੁਰਾ ਦੀ ਪ੍ਰੀਤਮ ਕਲੋਨੀ ਵਿਖੇ ਵਿਸ਼ਾਲ ਪੌਦਾਕਰਨ ਮੁਹਿੰਮ ਦਾ ਪ੍ਰਬੰਧ ਕੀਤਾ ਗਿਆ। ਮੁਹਿੰਮ ਦੌਰਾਨ ਸਥਾਨਕ ਨਿਵਾਸੀਆਂ, ਔਰਤਾਂ ਤੇ ਬੱਚਿਆਂ ਦੀ ਸਰਗਰਮ ਭਾਗੀਦਾਰੀ ਨਾਲ 300 ਤੋਂ ਵੱਧ ਪੌਦੇ ਲਗਾਏ ਗਏ। ਮੁਹਿੰਮ ਦੀ ਸ਼ੁਰੂਆਤ ਕਰਨ ਸਮੇਂ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੀ ਵਾਈਸ ਚੇਅਰਪਰਸਨ ਗੁਨਜੀਤ ਰੁਚੀ ਬਾਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਪਹਿਲ ਦਾ ਮੁੱਖ ਉਦੇਸ਼ ਵਾਤਾਵਰਣ ਦੀ ਸੰਭਾਲ ਪ੍ਰਤੀ ਲੋਕਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਅਤੇ ਸਾਫ਼-ਸੁਥਰੇ ਆਲੇ-ਦੁਆਲੇ, ਸ਼ੁੱਧ ਹਵਾ ਤੇ ਟਿਕਾਊ ਜੀਵਨ ਸ਼ੈਲੀ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਸੀ। ਮੁਹਿੰਮ ’ਚ ਸ਼ਾਮਲ ਨਿਵਾਸੀਆਂ ਨੇ ਉਤਸ਼ਾਹ ਨਾਲ ਬੂਟੇ ਲਾਏ ਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ। ਅੱਜ ਲਾਇਆ ਹਰ ਰੁੱਖ ਆਉਣ ਵਾਲੀਆਂ ਪੀੜ੍ਹੀਆਂ ਲਈ ਅਨਮੋਲ ਤੋਹਫ਼ਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਰੁਚੀ ਬਾਵਾ ਨੇ ਕਿਹਾ ਕਿ ਹਰ ਬੱਚੇ ਨੂੰ ਸਾਫ਼, ਸੁਰੱਖਿਅਤ ਤੇ ਸਿਹਤਮੰਦ ਵਾਤਾਵਰਣ ਵਿੱਚ ਜੀਵਨ ਬਤੀਤ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣਾ ਸਿਰਫ਼ ਇੱਕ ਵਾਤਾਵਰਣ ਸਬੰਧੀ ਸਰਗਰਮੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਕੀਤਾ ਗਿਆ ਇੱਕ ਵਾਅਦਾ ਹੈ। ਮਾਵਾਂ ਤੇ ਔਰਤਾਂ ਬੱਚਿਆਂ ਵਿੱਚ ਕੁਦਰਤ ਪ੍ਰਤੀ ਪਿਆਰ ਅਤੇ ਵਾਤਾਵਰਣ ਦੀ ਰੱਖਿਆ ਦੇ ਸੰਸਕਾਰ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਹਰ ਪਰਿਵਾਰ ਹਰ ਸਾਲ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਗਾਏ ਅਤੇ ਉਸ ਦੀ ਸੰਭਾਲ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝੇ। ਆਸ ਅਹਿਸਾਸ ਐੱਨਜੀਓ ਦੇ ਨੁਮਾਇੰਦਿਆਂ ਨੇ ਕਿਹਾ ਕਿ ਸੰਸਥਾ ਭਵਿੱਖ ’ਚ ਵੀ ਵਾਤਾਵਰਣ ਸੁਰੱਖਿਆ, ਬਾਲ ਅਧਿਕਾਰਾਂ ਤੇ ਸਮਾਜਿਕ ਜਾਗਰੂਕਤਾ ਨਾਲ ਜੁੜੀਆਂ ਅਜਿਹੀਆਂ ਮੁਹਿੰਮਾਂ ਲਗਾਤਾਰ ਜਾਰੀ ਰੱਖੇਗੀ। ਇਸ ਮੌਕੇ ਸਥਾਨਕ ਨਿਵਾਸੀ ਠਾਕੁਰ ਬੰਟੀ ਪਠਾਨੀਆ, ਸੰਤੋਸ਼ ਕੁਮਾਰ, ਅਸ਼ੋਕ ਕੁਮਾਰ ਝਾਅ, ਸੂਰਜ, ਸ਼ਾਂਤੀ ਦੇਵੀ, ਅਨਿਲ ਕੁਮਾਰ, ਮਦਨ ਰਾਵਤ, ਹੈਪੀ, ਵਿਕਰਾਂਤ ਪਠਾਨੀਆ, ਰਾਮ ਸੇਵਕ, ਪੂਨਮ ਦੇਵੀ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ, ਨੌਜਵਾਨ ਤੇ ਬੱਚੇ ਹਾਜ਼ਰ ਸਨ। ਮੁਹਿੰਮ ਦੌਰਾਨ ਸਾਰਿਆਂ ਨੇ ਵਾਤਾਵਰਣ ਦੀ ਰੱਖਿਆ ਲਈ ਮਿਲ ਕੇ ਕੰਮ ਕਰਨ ਅਤੇ ਲਗਾਏ ਗਏ ਪੌਦਿਆਂ ਨੂੰ ਦਰੱਖਤ ਬਣਾਉਣ ਦਾ ਸੰਕਲਪ ਵੀ ਲਿਆ।