‘ਆਪ’ ਦੀ ਅਗਵਾਈ ਵਾਲਾ ਨਗਰ ਨਿਗਮ ਦਾ ਬਜਟ ਖੋਖਲਾ, ਗੈਰ-ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਦੀ ਤਸਵੀਰ ਪੇਸ਼ ਕਰਦਾ : ਦੀਵਾਨ
ਆਪ ਦੀ ਅਗਵਾਈ ਵਾਲਾ ਨਗਰ ਨਿਗਮ ਦਾ ਬਜਟ ਖੋਖਲਾ, ਗੈਰ-ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਦੀ ਤਸਵੀਰ ਪੇਸ਼ ਕਰਦਾ-ਦੀਵਾਨ
Publish Date: Wed, 25 Mar 2026 07:34 PM (IST)
Updated Date: Thu, 26 Mar 2026 04:08 AM (IST)

- ਕਿਹਾ, ਕਾਹਲੀ ਨਾਲ ਪਾਸ ਕੀਤਾ ਗਿਆ ਬਜਟ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਫੋਟੋ ਨੰਬਰ-13 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਆਮ ਆਦਮੀ ਪਾਰਟੀ ਦੀ ਅਗਵਾਈ ਵਾਲਾ ਨਗਰ ਨਿਗਮ ਦਾ ਬਜਟ ਖੋਖਲਾ, ਗ਼ੈਰ-ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਦੀ ਤਸਵੀਰ ਪੇਸ਼ ਕਰਦਾ ਹੈ, ਬਜਟ ਮੀਟਿੰਗ ਦੌਰਾਨ ‘ਆਪ’ ਅਗਵਾਈ ਵਾਲੇ ਹਾਊਸ ਵੱਲੋਂ ਜਲਦਬਾਜ਼ੀ ’ਚ ਲੁਧਿਆਣਾ ਨਗਰ ਨਿਗਮ ਦਾ ਸਾਲਾਨਾ ਬਜਟ ਪਾਸ ਕਰਨਾ ਕਈ ਸਵਾਲ ਪੈਦਾ ਉਰ ਰਿਹਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਪੰਜ ਮਿੰਟਾਂ ਵਿੱਚ 1258.80 ਕਰੋੜ ਰੁਪਏ ਦਾ ਬਜਟ ਬਿਨਾਂ ਕਿਸੇ ਚਰਚਾ ਦੇ ਪਾਸ ਕਰ ਦਿੱਤਾ ਗਿਆ। ਇਸ ਨਾਲ ਨਾ ਪਾਰਦਰਸ਼ਤਾ ਲਈ ਕੋਈ ਥਾਂ ਰਹੀ ਅਤੇ ਨਾ ਹੀ ਜਵਾਬਦੇਹੀ ਲਈ। ਕੰਮਾਂ ਲਈ ਕੋਈ ਫੰਡ ਨਾ ਜਾਰੀ ਕਰਕੇ ਬਜਟ ਸਿਰਫ਼ ਇਕ ਢੋਂਗ ਵਜੋਂ ਸਾਹਮਣੇ ਆਇਆ ਹੇ, ਜਿਹੜਾ ਸ਼ਹਿਰ ਦੀ ਸੇਵਾ ਲਈ ਨਹੀਂ, ਸਗੋਂ ਭ੍ਰਿਸ਼ਟਾਚਾਰ ਨੂੰ ਢੱਕਣ ਲਈ ਤਿਆਰ ਕੀਤਾ ਗਿਆ ਹੈ। ਦੀਵਾਨ ਨੇ ਨਗਰ ਨਿਗਮ ਦੇ ਇਸ ਬਜਟ ਨੂੰ ਸਪੱਸ਼ਟ ਤੌਰ ‘ਤੇ ਗੈਰ-ਪਾਰਦਰਸ਼ੀ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਦਸਤਾਵੇਜ਼ ਤਰੱਕੀ ਦੀ ਬਜਾਏ ਗੜਬੜੀਆਂ ਨੂੰ ਵਾਧਾ ਦੇਣ ਲਈ ਤਿਆਰ ਕੀਤਾ ਗਿਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਨੂੰ ਧੋਖੇ ਨਹੀਂ ਵਿਕਾਸ ਦੀ ਲੋੜ ਹੈ ਅਤੇ ਬਜਟ ਦੀ ਡੂੰਘਾਈ ਨਾਲ ਜਾਂਚ ਗੰਭੀਰ ਗੜਬੜੀਆਂ ਨੂੰ ਬੇਨਕਾਬ ਕਰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਜਟ ਨਗਰ ਨਿਗਮ ਦੀਆਂ ਵੱਖ-ਵੱਖ ਬਰਾਂਚਾਂ ਵੱਲੋਂ ਫੀਸਾਂ ਅਤੇ ਟੈਕਸਾਂ ਦੀ ਵਸੂਲੀ ਵਿੱਚ ਨਾਕਾਮੀ ਨੂੰ ਬੇਨਕਾਬ ਕਰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਵਿੱਚ ਸੈਂਕੜਿਆਂ ਸ਼ਰਾਬ ਦੀਆਂ ਦੁਕਾਨਾਂ ਹੋਣ ਦੇ ਬਾਵਜੂਦ ਐਕਸਾਈਜ਼ ਟੈਕਸ ਸਿਰਫ਼ 15 ਕਰੋੜ ਰੁਪਏ ਤੱਕ ਸੀਮਿਤ ਰੱਖਿਆ ਗਿਆ ਹੈ। ਇਹ ਸਿਰਫ਼ ਲਾਪਰਵਾਹੀ ਹੀ ਨਹੀਂ, ਸਗੋਂ ਗੰਭੀਰ ਗੜਬੜੀਆਂ ਦਾ ਸੰਕੇਤ ਹੈ। ਉਨ੍ਹਾਂ ਨੇ ਆਪ ਸਰਕਾਰ ‘ਤੇ ਹਮਲਾ ਜਾਰੀ ਰੱਖਦਿਆਂ ਕਿਹਾ ਕਿ ਲੁਧਿਆਣਾ ਦੀ ਸਫਾਈ ਪ੍ਰਣਾਲੀ ਖਰਾਬ ਹਾਲਤ ਵਿੱਚ ਹੈ, ਜਦਕਿ ਸੋਲਿਡ ਵੇਸਟ ਮੈਨੇਜਮੈਂਟ ਦੇ ਨਾਮ ‘ਤੇ ਕਰੋੜਾਂ ਰੁਪਏ ਰਾਖਵੇਂ ਦਿਖਾਏ ਗਏ ਹਨ। ਇਸੇ ਤਰ੍ਹਾਂ ਗੈਰ-ਕਾਨੂੰਨੀ ਇਮਾਰਤਾਂ ਬਿਨਾਂ ਰੋਕ-ਟੋਕ ਦੇ ਬਣ ਰਹੀਆਂ ਹਨ ਅਤੇ ਨਿਗਮ ਦੀ ਬਿਲਡਿੰਗ ਬ੍ਰਾਂਚ ਬਕਾਇਆ ਰਕਮ ਵਸੂਲਣ ਵਿੱਚ ਨਾਕਾਮ ਰਹੀ ਹੈ। ਇਸ ਤੋਂ ਵੀ ਵਧ ਕੇ ਚਿੰਤਾਜਨਕ ਗੱਲ ਇਹ ਹੈ ਕਿ ਬੁੱਢਾ ਨਾਲਾ ਸਾਫ ਕਰਨ ਲਈ 3 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ, ਜਦਕਿ ਸਮਾਰਟ ਸਿਟੀ ਮਿਸ਼ਨ ਹੇਠ ਪਹਿਲਾਂ ਹੀ ਪੋਕਲੈਨ ਮਸ਼ੀਨਾਂ ਖਰੀਦੀਆਂ ਜਾ ਚੁੱਕੀਆਂ ਹਨ। ਇਹ ਭਵਿੱਖ ਵਿੱਚ ਹੋਣ ਵਾਲੇ ਭ੍ਰਿਸ਼ਟਾਚਾਰ ਵੱਲ ਸਪੱਸ਼ਟ ਇਸ਼ਾਰਾ ਕਰਦਾ ਹੈ। ਦੀਵਾਨ ਨੇ ਨਗਰ ਨਿਗਮ ਦੀ ਗੈਰ-ਪਾਰਦਰਸ਼ਤਾ ਦੀ ਵੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਓਐਂਡਐਮ ਬ੍ਰਾਂਚ ਵੱਲੋਂ ਇਹ ਤੱਕ ਨਹੀਂ ਦੱਸਿਆ ਗਿਆ ਕਿ ਕਿੱਥੇ-ਕਿੱਥੇ ਕੰਮ ਕੀਤਾ ਗਿਆ ਹੈ ਜਾਂ ਕਿੰਨੀ ਤਰੱਕੀ ਹੋਈ ਹੈ। ਇਹ ਚੁੱਪੀ ਸਾਫ ਤੌਰ ਤੇ ਕਾਫੀ ਕੁਝ ਬਿਆਨ ਕਰਦੀ ਹੈ ਅਤੇ ਗੜਬੜੀਆਂ ਨੂੰ ਸਪੱਸ਼ਟ ਕਰਦੀ ਹੈ। ਸੀਨੀਅਰ ਕਾਂਗਰਸੀ ਆਗੂ ਨੇ ਸੜਕਾਂ ਤੇ ਗਲੀਆਂ ਦੀ ਬਣਤ ਤੇ ਮੁਰੰਮਤ, ਸੋਲਿਡ ਵੇਸਟ ਮੈਨੇਜਮੈਂਟ, ਸੀਵਰੇਜ ਲਾਈਨਾਂ ਦੀ ਸਫਾਈ ਅਤੇ ਸਟ੍ਰੀਟ ਲਾਈਟਿੰਗ ਲਈ ਕੀਤੇ ਗਏ ਘੱਟ ਬਟਵਾਰਿਆਂ ‘ਤੇ ਵੀ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਇਹ ਬਹੁਤ ਘੱਟ ਪ੍ਰਬੰਧ ਬਜਟ ਦੀ ਖੋਖਲੀ ਹਕੀਕਤ ਨੂੰ ਬੇਨਕਾਬ ਕਰਦੇ ਹਨ ਅਤੇ ਸ਼ਹਿਰ ਦੇ ਅਸਲ ਵਿਕਾਸ ਦੀ ਲੋੜ ਨਾਲ ਧੋਖਾ ਕਰਦੇ ਹਨ। ਦੀਵਾਨ ਨੇ ਕਿਹਾ ਕਿ ਇਹ ਬਜਟ ਲੁਧਿਆਣਾ ਦੇ ਨਾਗਰਿਕਾਂ ਨਾਲ ਧੋਖੇ ਦੇ ਬਰਾਬਰ ਹੈ ਅਤੇ ਇਸ ਮਾਮਲੇ ਵਿੱਚ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਦੀ ਲੋੜ ਹੈ।