- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਬੀਆਈ ਤੇ ਈਡੀ ਦੀ ਛਾਪੇਮਾਰੀ ਵਿਰੁੱਧ ‘ਆਪ’ ਵੱਲੋਂ ਭਾਜਪਾ ਦਫ਼ਤਰ ਅੱਗੇ ਤਿੱਖਾ ਵਿਰੋਧ ਪ੍ਰਦਰਸ਼ਨ

-‘ਆਪ’ ਦੇ ਆਗੂਆਂ ਤੇ ਪੁਲਿਸ ਵਿਚਾਲੇ ਝੜਪ, ਵਿਧਾਇਕਾਂ ਤੇ ਆਗੂਆਂ ਨੂੰ ਖਦੇੜਨ ਲਈ ਪੁਲਿਸ ਨੇ ਵਰਤੀ ਸਖ਼ਤੀ
--‘ਆਪ’ ਆਗੂਆਂ ਤੇ ਵਰਕਰਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ
--ਕੇਂਦਰ ਸਰਕਾਰ ਪੰਜਾਬੀਆਂ ਨੂੰ ਡਰਾ ਕੇ ਨਹੀਂ ਜਿੱਤ ਸਕਦੀ ਵਿਧਾਨ ਸਭਾ ਚੋਣਾਂ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਅੰਦਰ ਸੀਬੀਆਈ ਤੇ ਈਡੀ ਦੀਆਂ ਛਾਪੇਮਾਰੀਆਂ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਲੁਧਿਆਣਾ ਦੀ ਦਾਣਾ ਮੰਡੀ ਗਿੱਲ ਰੋਡ ਨੇੜੇ ਸਥਿਤ ਭਾਜਪਾ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ। ਆਪ ਆਗੂਆਂ ਤੇ ਵਰਕਰਾਂ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਏਜੰਸੀਆਂ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਅੱਜ ਦੁਪਹਿਰ ਸਮੇਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਜਤਿੰਦਰ ਸਿੰਘ ਖੰਗੂੜਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਹਾਕਮ ਸਿੰਘ ਠੇਕੇਦਾਰ, ਲੋਕ ਸਭਾ ਇੰਚਾਰਜ ਸ਼ਰਨਪਾਲ ਸਿੰਘ ਮੱਕੜ, ਚੇਅਰਮੈਨ ਹੇਮਰਾਜ ਰਾਜੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਆਪ ਵਰਕਰ ਦਾਣਾ ਮੰਡੀ ਗਿੱਲ ਰੋਡ ਵਿਖੇ ਇੱਕਠੇ ਹੋਏ, ਉੱਥੋਂ ਕਾਫ਼ਲਿਆਂ ਦੇ ਰੂਪ ਵਿੱਚ ਆਪ ਆਗੂ ਤੇ ਵਰਕਰ ਭਾਜਪਾ ਦਫ਼ਤਰ ਦੇ ਵੱਲ ਵਧੇ। ਆਪ ਅਗੂਆਂ ਤੇ ਵਾਲੰਟੀਅਰਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਭਾਜਪਾ ਦਫ਼ਤਰ ਦੇ ਬਾਹਰ ਅਤੇ ਦਫ਼ਤਰ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਬੈਰੀਕੇਡ ਲਾ ਕੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਸਨ। ਭਾਜਪਾ ਦਫ਼ਤਰ ਵੱਲ ਵਧਣ ਸਮੇਂ ਆਪ ਆਗੂਆਂ ਤੇ ਵਲੰਟੀਅਰਾਂ ਦੀ ਪੁਲਿਸ ਨਾਲ ਕਾਫ਼ੀ ਖਿੱਚ ਧੂਹ ਹੋਈ, ਪਰ ਆਪ ਆਗੂ ਤੇ ਵਰਕਰ ਪੁਲਿਸ ਦੀਆਂ ਸਾਰੀਆਂ ਰੋਕਾਂ ਤੋੜ ਕੇ ਭਾਜਪਾ ਦਫ਼ਤਰ ਦੇ ਬਾਹਰ ਪੁੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨਾਲ ਝੜਪ ਦੌਰਾਨ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਕਾਫ਼ੀ ਖਿੱਚ ਧੂਹ ਹੋਈ।
ਆਪਣ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐੱਸਡੀ ਅਤੇ ਹੋਰਨਾਂ ਨਜ਼ਦੀਕੀਆਂ ਦੇ ਘਰਾਂ 'ਤੇ ਹੋਈ ਸੀਬੀਆਈ ਦੀ ਛਾਪੇਮਾਰੀ ਵਿਰੁੱਧ ਸਥਾਨਕ ਅਰੋੜਾ ਪੈਲੇਸ ਦਾਣਾ ਮੰਡੀ ਨੇੜੇ ਸਥਿਤ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਦਫ਼ਤਰ ਅੱਗੇ ਤਿੱਖਾ ਰੋਸ ਮੁਜ਼ਾਹਰਾ ਦੇਖਣ ਨੂੰ ਮਿਲਿਆ ਹੈ। ‘ਆਪ’ ਲੀਡਰਸ਼ਿਪ ਨੇ ਇੱਕਸੁਰ ਵਿੱਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀਆਂ ਨੂੰ ਡਰਾ ਕੇ ਅਤੇ ਦਬਾ ਕੇ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਜਿੱਤਣਾਂ ਚਾਹੁੰਦੀ ਹੈ, ਜੋਕਿ ਬਿਲਕੁੱਲ ਵੀ ਸੰਭਵ ਨਹੀਂ ਹੈ।
ਉਨ੍ਹਾਂ ਸਖ਼ਤ ਲਹਿਜੇ ਵਿੱਚ ਕਿਹਾ ਕਿ ਭਾਜਪਾ ਇਕ ਗੱਲ ਭੁੱਲ ਰਹੀ ਹੈ ਕਿ ਪੰਜਾਬੀ ਕਦੇ ਵੀ ਧੌਂਸ ਨਾਲ ਚੜ੍ਹ ਕੇ ਆਏ ਬੰਦੇ ਦੀ ਈਂਨ ਨਹੀਂ ਮੰਨਦੇ ਫੇਰ ਉਹ ਭਾਵੇਂ ਕਿੰਨਾ ਵੀ ਤਾਕਤਵਰ ਕਿਉ ਨਾ ਹੋਵੇ। ਉਨ੍ਹਾਂ ਇਤਿਹਾਸ ਦੇ ਪੰਨੇ ਫਰੋਲਦਿਆਂ ਕਿਹਾ ਕਿ ਦੁਨੀਆਂ ਜਿੱਤਣ ਵਾਲੇ ਸਿਕੰਦਰ ਨੂੰ ਪੋਰਸ ਨੇ ਹੀ ਰੋਕਿਆ ਸੀ ਜੋ ਕਿ ਪੰਜਾਬੀ ਸੀ ਅਤੇ ਭਾਜਪਾ ਦਾ ਰੱਥ ਵੀ ਹੁਣ ਪੰਜਾਬੀ ਹੀ ਰੋਕਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਇਹ ਭਰਮ ਪਾਲ਼ੀ ਬੈਠੀ ਹੈ ਕਿ ਸ਼ਾਇਦ ਪੰਜਾਬੀ ਭੁੱਲ ਗਏ ਹਨ ਕਿ ਸਾਡੇ 750 ਦੇ ਕਰੀਬ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬੀ ਭਾਰਤੀ ਜਨਤਾ ਪਾਰਟੀ ਦੀਆਂ ਕੌਜੀਆਂ ਚਾਲਾਂ ਨੂੰ ਭਲੀ-ਭਾਂਤ ਸਮਝਦੇ ਹਨ, ਜਿਨ੍ਹਾਂ ਵਿੱਚ ਪੰਜਾਬ ਯੂਨੀਵਰਸਿਟੀ ’ਤੇ ਕਬਜ਼ੇ ਦੀ ਕੋਸ਼ਿਸ਼, ਬੀਬੀਐੱਮਬੀ ਨੂੰ ਹਥਿਆਉਣ ਦੀ ਸਾਜਿਸ਼ ਕਦੇ ਚੰਡੀਗੜ੍ਹ ’ਤੇ ਕਬਜ਼ੇ ਦੀ ਕੋਸ਼ਿਸ਼ ਕਰਨਾ ਸ਼ਾਮਲ ਹਨ। ਇਸ ਦੇ ਉਲਟ ਪੰਜਾਬੀ ਆਪਣੇ ਹੱਕਾਂ ਦੀ ਰਾਖੀ ਕਰਨੀ ਜਾਣਦੇ ਹਨ ਤੇ ਪੰਜਾਬ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਨਾਲ ਕਰੜੇ ਹੱਥੀਂ ਨਜਿੱਠਣਗੇ। ਪੰਜਾਬੀ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਮਾਨਦਾਰ ਸਰਕਾਰ ਨੂੰ ਬਦਨਾਮ ਕਰਨ ਲਈ ਉਨ੍ਹਾਂ ਦੀ ਟੀਮ ’ਤੇ ਸੀਬੀਆਈ ਦੀਆਂ ਰੇਡਾਂ ਮਰਵਾਈਆਂ ਜਾ ਰਹੀਆਂ ਹਨ ਪਰ ਘੰਟਿਆਂ ਤੱਕ ਹਰ ਕੋਸ਼ਿਸ਼ ਕਰਕੇ ਉਨਾਂ ਨੂੰ ਕੁਝ ਵੀ ਨਹੀਂ ਮਿਲਿਆ।