ਝਗੜੇ ’ਚ ਇਕ ਰਾਹਗੀਰ ਦੀ ਮਦਦ ਕਰਨਾ ‘ਆਪ’ ਕੌਂਸਲਰ ਨੂੰ ਪਿਆ ਭਾਰੀ, ਬਚਾਅ ਕਰਵਾਉਂਦਿਆਂ ਕੀਤਾ ਗਿਆ ਹਮਲਾ
ਕਰਨ ਨੂੰ ਬਚਾਉਣ ਆਏ ਉਨ੍ਹਾਂ ਦੇ ਸਾਥੀ ਪਿੰਕੂ ਸ਼ਰਮਾ ਨਾਲ ਵੀ ਕੁੱਟਮਾਰ ਕੀਤੀ। ਮਾਮਲੇ ’ਚ ਮੋਤੀ ਨਗਰ ਪੁਲਿਸ ਨੇ ਕਾਰਵਾਈ ਕਰਦਿਆਂ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਭੈਣੀ ਸਾਹਿਬ ਵਾਸੀ ਗੁਰਜੀਤ ਸਿੰਘ ਅਤੇ ਉਸ ਦੇ ਪੁੱਤਰ ਗੰਗਾ ਸਿੰਘ ਵਜੋਂ ਕੀਤੀ ਹੈ।
Publish Date: Wed, 12 Aug 2026 08:28 PM (IST)
Updated Date: Thu, 13 Aug 2026 12:10 PM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ। ਸੜਕ ਹਾਦਸੇ ਤੋਂ ਬਾਅਦ ਹੋਏ ਝਗੜੇ ’ਚ ਇਕ ਰਾਹਗੀਰ ਦੀ ਮਦਦ ਲਈ ਅੱਗੇ ਆਉਣਾ ‘ਆਪ’ ਦੇ ਵਾਰਡ-21 ਦੇ ਕੌਂਸਲਰ ਅਨੀਤਾ ਨਨਚਾਹਲ ਦੇ ਪੁੱਤਰ ਕਰਨ ਨਨਚਾਹਲ ਨੂੰ ਖਮਿਆਜ਼ਾ ਭੁਗਤਣਾ ਪਿਆ। ਮੈਟਰੋ ਰੋਡ ਸਥਿਤ ਵਿਸ਼ਵਨਾਥ ਮੰਦਰ ਨੇੜੇ ਦੋ ਧਿਰਾਂ ਵਿਚਾਲੇ ਚੱਲ ਰਹੇ ਝਗੜੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਕਰਨ ਨਨਚਾਹਲ ’ਤੇ ਹਮਲਾ ਕੀਤਾ ਗਿਆ।
ਕਰਨ ਨੂੰ ਬਚਾਉਣ ਆਏ ਉਨ੍ਹਾਂ ਦੇ ਸਾਥੀ ਪਿੰਕੂ ਸ਼ਰਮਾ ਨਾਲ ਵੀ ਕੁੱਟਮਾਰ ਕੀਤੀ। ਮਾਮਲੇ ’ਚ ਮੋਤੀ ਨਗਰ ਪੁਲਿਸ ਨੇ ਕਾਰਵਾਈ ਕਰਦਿਆਂ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਭੈਣੀ ਸਾਹਿਬ ਵਾਸੀ ਗੁਰਜੀਤ ਸਿੰਘ ਅਤੇ ਉਸ ਦੇ ਪੁੱਤਰ ਗੰਗਾ ਸਿੰਘ ਵਜੋਂ ਕੀਤੀ ਹੈ।
ਵਾਰਦਾਤ ’ਚ ਵਰਤੀ ਜਾ ਰਹੀ ਚਿੱਟੇ ਰੰਗ ਦੀ ਕਾਰ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ, ਜਦਕਿ ਦੋ ਹੋਰ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਹੋ ਗਏ। ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਦੀਆਂ ਤਸਵੀਰਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋਈਆਂ ਹਨ। -ਰਾਹਗੀਰ ਨਾਲ ਵਿਵਾਦ ਤੋਂ ਬਾਅਦ ਵਧਿਆ ਮਾਮਲਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਭਾਮੀਆਂ ਖੁਰਦ ਵਾਸੀ ਪੰਕਜ ਗੋਵਿੰਦ ਮੋਟਰਸਾਈਕਲ ’ਤੇ ਜਮਾਲਪੁਰ ਵਾਲੇ ਪਾਸੇ ਤੋਂ ਮੈਟਰੋ ਰੋਡ ਵੱਲ ਜਾ ਰਿਹਾ ਸੀ।
ਵਿਸ਼ਵਨਾਥ ਮੰਦਰ ਨੇੜੇ ਇੱਕ ਚਿੱਟੀ ਕਾਰ ਦਾ ਦਰਵਾਜ਼ਾ ਅਚਾਨਕ ਖੁੱਲ੍ਹਣ ਕਾਰਨ ਉਸ ਦਾ ਮੋਟਰਸਾਈਕਲ ਕਾਰ ਨਾਲ ਟਕਰਾ ਗਿਆ ਅਤੇ ਉਹ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਿਆ। ਪੰਕਜ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਕਾਰ ਸਵਾਰਾਂ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਰਨ ਨਨਚਾਹਲ ਮੌਕੇ ’ਤੇ ਪਹੁੰਚੇ ਅਤੇ ਉਨਾਂ ਨੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ।
ਸ਼ਿਕਾਇਤ ਮੁਤਾਬਕ ਇਸੇ ਦੌਰਾਨ ਮੁਲਜ਼ਮਾਂ ਨੇ ਕਰਨ ਨਨਚਾਹਲ ਤੇ ਵੀ ਹਮਲਾ ਕਰ ਦਿੱਤਾ। ਬਚਾਅ ਲਈ ਆਏ ਸਾਥੀ ਨੂੰ ਵੀ ਨਹੀਂ ਬਖ਼ਸ਼ਿਆ ਕਰਨ ਨਨਚਾਹਲ ’ਤੇ ਹਮਲਾ ਹੁੰਦਾ ਦੇਖ ਕੇ ਉਨਾ ਦਾ ਸਾਥੀ ਪਿੰਕੂ ਸ਼ਰਮਾ ਉਨਾ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਉਸ ਨਾਲ ਵੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਇਸ ਘਟਨਾ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਸ਼ਿਕਾਇਤ ਵਿੱਚ ਪੰਕਜ ਗੋਵਿੰਦ ਨੇ ਦੋਸ਼ ਲਗਾਇਆ ਕਿ ਹਮਲੇ ਦੌਰਾਨ ਉਸ ਦੀ ਜੇਬ ਵਿੱਚੋਂ ਕਰੀਬ 8 ਹਜ਼ਾਰ ਰੁਪਏ ਕੱਢ ਲਏ ਗਏ। ਇਸੇ ਤਰ੍ਹਾਂ ਕਰਨ ਨਨਚਾਹਲ ਦੀ ਜੇਬ ਵਿੱਚੋਂ ਵੀ ਕਰੀਬ 5 ਹਜ਼ਾਰ ਰੁਪਏ ਕੱਢੇ ਜਾਣ ਦੀ ਗੱਲ ਸਾਹਮਣੇ ਆਈ ਹੈ। -ਕੌਂਸਲਰ ਹਮਾਇਤੀਆਂ ਦੇ ਇਕੱਠੇ ਹੋਣ ਤੋਂ ਬਾਅਦ ਪੁਲਿਸ ਨੇ ਤੇਜ਼ ਕੀਤੀ ਕਾਰਵਾਈ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਨੇੜਲੇ ਵਾਰਡਾਂ ਦੇ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਕੇ ’ਤੇ ਪਹੁੰਚ ਗਏ।
ਕਰਨ ਨਨਚਾਹਲ ਵੱਲੋਂ ਦੋਸ਼ ਲਗਾਇਆ ਗਿਆ ਕਿ ਮੁਲਜ਼ਮ ਪੁਲਿਸ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਸਨ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਅੱਗੇ ਵਧਾਈ। ਜਾਂਚ ਦੌਰਾਨ ਪੁਲਿਸ ਨੇ ਗੁਰਜੀਤ ਸਿੰਘ ਅਤੇ ਗੰਗਾ ਸਿੰਘ ਦੀ ਪਛਾਣ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਕਥਿਤ ਤੌਰ ’ਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਵੀ ਕਬਜ਼ੇ ਵਿੱਚ ਲੈ ਲਈ ਹੈ।
ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਕਤਲ ਦੀ ਕੋਸ਼ਿਸ਼ ਸਮੇਤ ਗੰਭੀਰ ਧਾਰਾਵਾਂ ਤਹਿਤ ਕੇਸ ਜਾਂਚ ਅਧਿਕਾਰੀ ਏਐੱਸਆਈ ਗੁਰਮੁਖ ਸਿੰਘ ਨੇ ਦੱਸਿਆ ਕਿ ਮੋਤੀ ਨਗਰ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 126(2), 115(2), 351(2), 109 ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਨ੍ਹਾਂ ਵਿੱਚ ਗਲਤ ਤਰੀਕੇ ਨਾਲ ਰੋਕਣ, ਸੱਟ ਮਾਰਨ, ਧਮਕਾਉਣ, ਕਤਲ ਦੀ ਕੋਸ਼ਿਸ਼ ਅਤੇ ਸਾਂਝੀ ਨੀਅਤ ਨਾਲ ਅਪਰਾਧ ਕਰਨ ਸਬੰਧੀ ਧਾਰਾਵਾਂ ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ ਹਨ।