ਆਪ ਸਰਕਾਰ ਦਾ ਝੂਠ ਲੋਕਾਂ ਦੀ ਕਚਿਹਰੀ ’ਚ ਆਇਆ : ਜਥੇ. ਮਦਨੀਪੁਰ
ਆਪ ਸਰਕਾਰ ਦਾ ਝੂਠ ਲੋਕਾਂ ਦੀ ਕਚਿਹਰੀ ਵਿੱਚ ਆਇਆ- ਜੱਥੇ. ਮਦਨੀਪੁਰ
Publish Date: Tue, 20 Jan 2026 07:54 PM (IST)
Updated Date: Wed, 21 Jan 2026 04:19 AM (IST)

ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ, ਮਲੌਦ : ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਜੱਥੇ. ਰਘਵੀਰ ਸਿੰਘ ਸਹਾਰਨ ਮਾਜਰਾ ਨੇ ਆਪ ਸਰਕਾਰ ਨੂੰ ਯੂ ਟਰਨ ਲੈਣ ਵਾਲੀ ਸਰਕਾਰ ਦਾ ਖਿਤਾਬ ਦਿੰਦਿਆ ਕਿਹਾ ਕਿ ਹੁਣ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਝੂਠ ਦਾ ਪਰਦਾ ਵਿਰੋਧੀਆਂ ਨੇ ਨਹੀਂ ਸਗੋਂ ਉਨ੍ਹਾਂ ਦੇ ਆਪਣੇ ਹੀ ਕੈਬਨਿਟ ਮੰਤਰੀ ਨੇ ਹੀ ਲੋਕਾਂ ਦੀ ਕਚਿਹਰੀ ਵਿੱਚ ਨੰਗਾ ਕਰ ਦਿਤਾ। ਉਨ੍ਹਾਂ ਕਿਹਾ ਕਿ ਮੁਕਤਸਰ ਦੀ ਪਵਿੱਤਰ ਧਰਤੀ ਤੇ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 139 ਸਰੂਪ ਪ੍ਰਾਪਤ ਕਰ ਲੈਣ ਦਾ ਬਿਆਨ ਦਿੰਦਿਆਂ ਆਪਣਾ ਫਰਜ ਪੂਰਾ ਕਰਨ ਦਾ ਵੀ ਦਮ ਭਰਿਆ ਸੀ ਪ੍ਰੰਤੂ ਜਿਸ ਥਾਂ ਸਰੂਪ ਹੋਣ ਸਬੰਧੀ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ, ਉਸੇ ਅਸਥਾਨ ਉੱਪਰ ਜਾ ਕਿ ਉਨ੍ਹਾਂ ਦੇ ਹੀ ਖਜਾਨਾ ਮੰਤਰੀ ਤੇ ਉਹਨਾਂ ਦੇ ਸਾਥੀਆਂ ਦਾ ਇਹ ਕਹਿ ਦੇਣਾ ਕਿ ਇੱਥੇ ਤਾਂ ਸਾਰਾ ਰਿਕਾਰਡ ਦਰੁਸਤ ਹੈ, ਇਹ ਮੁੱਖ ਮੰਤਰੀ ਦੇ ਬਿਆਨ ਨੂੰ ਸਰ੍ਹੇਆਮ ਝੂਠਾ ਸਾਬਿਤ ਕਰਦਾ ਹੈ। ਇਸ ’ਤੇ ਪ੍ਰਤੀਕਰਮ ਦਿੰਦਿਆਂ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਖ ਹੋ ਕੇ ਹਮੇਸ਼ਾ ਸਿੱਖ ਪੰਥ ਵਿੱਚ ਵੰਡੀਆਂ ਪਾਉਣ, ਨਫ਼ਰਤ ਫੈਲਾਉਣ, ਸ਼ੰਕੇ ਪੈਦਾ ਕਰਨ ਅਤੇ ਪੰਥ ਦੀਆਂ ਸਿਰਮੌਰ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਲੇ ਬਿਆਨ ਦਿੰਦੇ ਰਹਿੰਦੇ ਹਨ ਪ੍ਰੰਤੂ ਇਸ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਆਸਤ ਕਰਨ ਦਾ ਜਵਾਬ ਉਨ੍ਹਾਂ ਨੂੰ ਤੁਰੰਤ ਹੀ ਮਿਲ ਗਿਆ ਅਤੇ ਉਨ੍ਹਾਂ ਦੇ ਝੂਠ ਦਾ ਜਨਤਾ ਦੀ ਕਚਹਿਰੀ ’ਚ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਆਪਣੀ ਵਾਹ ਵਾਹੀ ਖੱਟਣ ਲਈ ਭਗਵੰਤ ਸਿੰਘ ਮਾਨ ਦਾ ਅਜਿਹਾ ਬਿਆਨ ਕੋਈ ਪਹਿਲਾ ਨਹੀਂ ਹੈ ਅਤੇ ਉਹ ਪਹਿਲਾ ਵੀ ਯੂ ਟਰਨ ਮਾਰ ਚੁੱਕੇ ਹਨ, ਜੋ ਕਿ ਉਨ੍ਹਾਂ ਦੀ ਭਰੋਸੇਯੋਗਤਾ ਖ਼ਤਮ ਕਰਦਾ ਹੈ। ਇਸ ਸਬੰਧੀ ਸਰਕਲ ਜੱਥੇਦਾਰ ਸ਼ਹਿਰੀ ਜਗਜੀਤ ਸਿੰਘ ਦੌਲਤਪੁਰ ਅਤੇ ਸਰਕਲ ਜੱਥੇਦਾਰ ਦਿਹਾਤੀ ਪਿ੍ਰਤਪਾਲ ਸਿੰਘ ਝੱਮਟ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਲਈ ਜਿਹੜੀ ਰਾਜਨੀਤੀ ਮਾਨ ਸਰਕਾਰ ਕਰ ਰਹੀ ਹੈ ਉਸ ਦਾ ਖਮਿਆਜਾ ਇਹਨਾਂ ਨੂੰ ਆਪ ਹੀ ਭੁਗਤਣਾ ਪੈਣਾ ਹੈ। ਜਿਸ ਗੁਰੂ ਤੋਂ ਰਾਜਭਾਗ ਪ੍ਰਾਪਤ ਹੋਣ ਦੀਆਂ ਬਖਸ਼ਿਸ਼ਾ ਮਿਲਦੀਆਂ ਹੋਣ, ਉਸੇ ਗੁਰੂ ਦੇ ਨਾਮ ਉਪਰ ਸਿਆਸਤਾਂ ਹੋਣ ਕਰਨ ਵਾਲਿਆਂ ਦਾ ਝੂਠ ਅੱਜ ਜਨਤਾ ਅੱਗੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਹਨ ਕਿ ਧਾਰਮਿਕ ਗ੍ਰੰਥਾ ਦੀਆਂ ਬੇਅਦਬੀਆ ਦੇ ਸ਼ੁਰੂ ਹੋਏ ਸਿਲਸਿਲੇ ਵਿੱਚ ਕਿਸ ਪਾਰਟੀ ਦੇ ਵਿਧਾਇਕ ਦਾ ਨਾਮ ਆਇਆ ਸੀ ਅਤੇ ਉਸ ਨੂੰ ਕੌਣ ਬਚਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਜੇਕਰ ਸਿਆਸਤ ਕਰਨੀ ਹੀ ਚਾਹੁੰਦੇ ਹਨ ਤਾਂ ਵਿਕਾਸ, ਭਲਾਈ ਅਤੇ ਧਰਮ ਹਿੱਤ ਦੀ ਸਿਆਸਤ ਕਰਨ ਤਾਂ ਜੋ ਲੋਕ ਉਨ੍ਹਾਂ ਦਾ ਸਾਥ ਦੇਣ, ਨਹੀਂ ਤਾਂ 2027 ਵਿੱਚ ਲੋਕ ਬਦਲਾਅ ਤੋਂ ਬਦਲਾ ਲੈਣ ਦੇ ਰੋਹ ਵਿੱਚ ਹਨ।